ਵੱਡੀ ਸੇਵਾ ਨਾਲ ਪੂਰੀ ਦੁਨੀਆਂ `ਚ ਚਰਚਾ ‘ਚ ਹਨ ਡਾ. ਓਬਰਾਏ – ਡੀ.ਆਈ.ਜੀ
ਅੰਮ੍ਰਿਤਸਰ, 9 ਜੂਨ (ਪੰਜਾਬ ਪੋਸਟ ਬਿਊਰੋ) – ਆਪਣੀ ਨਿੱਜੀ ਕਮਾਈ `ਚੋਂ ਕਰੋੜਾਂ ਰੁਪਏ ਖਰਚ ਕੇ ਪੂਰੀ ਦੁਨੀਆਂ ‘ਚ ਵੱਡੀ ਸੇਵਾ ਕਰਨ ਵਾਲੇ ਡਾ. ਐਸ.ਪੀ ਸਿੰਘ
ਓਬਰਾਏ ਦੀ ਸਰਪ੍ਰਸਤੀ ਹੇਠ ਚੱਲਣ ਵਾਲੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਸੀਮਾ ਸੁਰੱਖਿਆ ਬਲ (ਬੀ.ਐਸ.ਐਫ਼) ਦੇ ਮੁੱਖ ਦਫ਼ਤਰ ਖਾਸਾ ਰਾਹੀਂ ਤਾਰ ਤੋਂ ਪਾਰ ਭਾਰਤੀ ਜ਼ਮੀਨ ਦੀ ਖੇਤੀ ਵੇਲੇ ਬੀ.ਐਸ.ਐਫ ਦੀ ਸਹਾਇਕ ਵਲੰਟੀਅਰ ਕਿਸਾਨ ਗਾਰਦ ਲਈ ਵੱਡੀ ਗਿਣਤੀ `ਚ ਪੀ.ਪੀ.ਈ ਕਿੱਟਾਂ, ਸਰਜੀਕਲ ਮਾਸਕ, ਇਨਫਰਾਰੈਡ ਥਰਮਾਮੀਟਰ, ਸੈਨੀਟਾਈਜ਼ਰ ਸਮੇਤ ਕਰੋਨਾ ਤੋਂ ਸੁਰਖਿਆ ਲਈ ਸਬੰਧਤ ਹੋਰ ਲੋੜੀਂਦਾ ਸਾਮਾਨ ਦਿੱਤਾ ਗਿਆ।
ਇਸ ਸਮੇਂ ਉਚੇਚੇ ਤੌਰ ‘ਤੇ ਅੰਮ੍ਰਿਤਸਰ ਪਹੁੰਚੇ ਡਾ. ਐਸ.ਪੀ ਸਿੰਘ ਓਬਰਾਏ ਨੇ ਸੀਮਾ ਸੁਰੱਖਿਆ ਬਲ ਦੇ ਕਮਾਂਡੈਂਟ ਡੀ.ਆਈ.ਜੀ ਭੁਪਿੰਦਰ ਸਿੰਘ ਦੀ ਮੌਜੂਦਗੀ `ਚ ਦੱਸਿਆ ਕਿ ਕਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਹਾਲਾਤਾਂ ਨਾਲ ਨਜਿੱਠਣ ਲਈ ਉਨ੍ਹਾਂ ਵਲੋਂ ਹਰ ਮਹੀਨੇ ਕਰੀਬ 60 ਹਜ਼ਾਰ ਲੋੜਵੰਦ ਪਰਿਵਾਰਾਂ ਭਾਵ 3 ਲੱਖ ਲੋਕਾਂ ਨੂੰ ਸੁੱਕਾ ਰਾਸ਼ਨ ਦੇਣ ਤੋਂ ਇਲਾਵਾ ਸਾਰੇ ਮੈਡੀਕਲ ਕਾਲਜਾਂ, ਹਰੇਕ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ, ਏਅਰਪੋਰਟ ਅਥਾਰਟੀਆਂ ਅਤੇ ਸਿਵਲ ਤੇ ਪੁਲੀਸ ਪ੍ਰਸ਼ਾਸਨਾਂ ਆਦਿ ਨੂੰ ਮੋਹਰਲੀ ਕਤਾਰ `ਚ ਲੜਨ ਵਾਲੇ ਕਰਮਚਾਰੀਆਂ ਦੀ ਸਿਹਤ ਦੀ ਸੁਰੱਖਿਆ ਲਈ ਲੋੜੀਂਦਾ ਸਾਮਾਨ ਮੁਹੱਈਆ ਕਰਾਉਣ ਲਈ ਪਹਿਲੇ ਪੜਾਅ ਤਹਿਤ 20 ਕਰੋੜ ਰੁਪਏ ਦਾ ਬਜ਼ਟ ਰੱਖਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਸੀਮਾ ਸੁਰੱਖਿਆ ਬਲ ਰਾਹੀਂ ਤਾਰ ਤੋਂ ਪਾਰ ਭਾਰਤੀ ਜ਼ਮੀਨ ਦੀ ਖੇਤੀ ਵੇਲੇ ਬੀ.ਐੱਸ.ਐਫ.ਦੀ ਸਹਾਇਕ ਵਲੰਟੀਅਰ ਕਿਸਾਨ ਗਾਰਦ ਲਈ 250 ਪੀ.ਪੀ.ਈ ਕਿੱਟਾਂ, 2 ਇਨਫਰਾਰੈਡ ਥਰਮਾਮੀਟਰ, 100 ਲੀਟਰ ਵੱਖ-ਵੱਖ ਤਰ੍ਹਾਂ ਦੇ ਸੈਨੀਟਾਈਜ਼ਰ, 5 ਹਜ਼ਾਰ ਤੀਹਰੀ ਪਰਤ ਵਾਲੇ ਸਰਜੀਕਲ ਮਾਸਕ, 1 ਹਜ਼ਾਰ ਦਸਤਾਨੇ ਅਤੇ 50 ਫ਼ੇਸ ਸ਼ੀਲਡ ਦਿੱਤੇ ਗਏ ਹਨ।ਉਨ੍ਹਾਂ ਇਹ ਵੀ ਕਿਹਾ ਕਿ ਜਿੰਨਾ ਚਿਰ ਤੱਕ ਇਹ ਬਿਪਤਾ ਟਲ ਨਹੀਂ ਜਾਂਦੀ, ਉਨਾਂ ਚਿਰ ਤੱਕ ਉਹ ਸਾਰੇ ਸੇਵਾ ਕਾਰਜ ਨਿਰੰਤਰ ਨਿਭਾਉਂਦੇ ਰਹਿਣਗੇ, ਬੇਸ਼ੱਕ ਕਰੋੜਾਂ ਰੁਪਏ ਖਰਚ ਹੋ ਜਾਣ।
ਇਸੇ ਦੌਰਾਨ ਡੀ.ਆਈ.ਜੀ ਭੁਪਿੰਦਰ ਸਿੰਘ ਨੇ ਡਾ. ਓਬਰਾਏ ਦਾ ਇਸ ਸੇਵਾ ਲਈ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਨਾਜ਼ੁਕ ਹਾਲਾਤਾਂ ਦੌਰਾਨ ਉਨ੍ਹਾਂ ਵਲੋਂ ਹਰੇਕ ਖੇਤਰ ਅੰਦਰ ਆਪਣੇ ਨਿਸ਼ਕਾਮ ਸੇਵਾ ਕਾਰਜਾਂ ਰਾਹੀਂ ਜਨਤਾ ਦਾ ਜੋ ਸਾਥ ਦਿੱਤਾ ਜਾ ਰਿਹਾ ਹੈ, ਉਸ ਦੀ ਚਰਚਾ ਪੂਰੀ ਦੁਨੀਆਂ ‘ਚ ਹੋ ਰਹੀ ਹੈ।
ਇਸ ਦੌਰਾਨ ਟਰੱਸਟ ਤੋਂ ਰਵਿੰਦਰ ਰੌਬਿਨ, ਸੁਖਦੀਪ ਸਿੱਧੂ, ਜਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜਨਰਲ ਸਕੱਤਰ ਮਨਪ੍ਰੀਤ ਸੰਧੂ, ਮੀਤ ਪ੍ਰਧਾਨ ਸਿਸ਼ਪਾਲ ਸਿੰਘ ਲਾਡੀ, ਵਿੱਤ ਸਕੱਤਰ ਨਵਜੀਤ ਘਈ, ਡਾ. ਸਰਪ੍ਰੀਤ ਸਿੰਘ ਗਿੱਲ ਤੋਂ ਇਲਾਵਾ ਸੀਮਾ ਸੁਰੱਖਿਆ ਬਲ ਦੇ ਹੋਰ ਉਚ ਅਧਿਕਾਰੀ ਵੀ ਮੌਜੂਦ ਸਨ।
Punjab Post Daily Online Newspaper & Print Media