ਕੋਰੋਨਾ ਦੇ ਖ਼ਾਤਮੇ ਤੱਕ ਸੂਬੇ ਦੇ ਹਰ ਘਰ ‘ਤੇ ਰੱਖੀ ਜਾਵੇਗੀ ਨਜ਼ਰਸਾਨੀ
ਭੀਖੀ/ਮਾਨਸਾ, 14 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮਾਨਸਾ ਵਿਖੇ ਇੱਕ ਸਮਾਗਮ ਦੌਰਾਨ ਪੰਜਾਬ ਸਰਕਾਰ ਵਲੋਂ
ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਜੰਗ ਵਿਚ ਹੁਣ ਤੱਕ ਅਹਿਮ ਰੋਲ ਅਦਾ ਕੀਤਾ ਗਿਆ ਹੈ। ਜਿਸ ਕਾਰਨ ਪੰਜਾਬ ਵਿਚ ਸਥਿਤੀ ਕੰਟਰੋਲ ਹੈ ਅਤੇ ਜੋ ਵੀ ਕੋਰੋਨਾ ਪ੍ਰਭਾਵਿਤ ਕੇਸ ਪੰਜਾਬ ਵਿਚ ਪਾਏ ਗਏ ਹਨ।ਉਨ੍ਹਾਂ ਵਿਚੋਂ ਜ਼ਿਆਦਾਤਰ ਕੇਸਾਂ ਦੀ ਟਰੈਵਲ ਹਿਸਟਰੀ ਪੰਜਾਬ ਤੋਂ ਬਾਹਰ ਦੀ ਰਹੀ ਹੈ।ਉਨ੍ਹਾਂ ਕਿਹਾ ਕਿ ਹੁਣ ਕੋਵਿਡ-19 ਦੇ ਸਮਾਜਿਕ ਫੈਲਾਅ ਨੂੰ ਰੋਕਣ ਲਈ ਨਿਵੇਕਲੀ ਪਹਿਲਕਦਮੀ ਕਰਦਿਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਲਾਏ ਗਏ ਮਿਸ਼ਨ ਫਤਿਹ ਤਹਿਤ ਇਕ ਮੋਬਾਇਲ ਆਧਾਰਿਤ ਐਪ ‘ਘਰ ਘਰ ਨਿਗਰਾਨੀ’ ਜਾਰੀ ਕੀਤੀ ਗਈ ਹੈ ਜਿਸ ਤਹਿਤ ਸੂਬੇ ਦੇ ਹਰ ਘਰ ਤੇ ਉਦੋਂ ਤੱਕ ਨਜ਼ਰਸਾਨੀ ਰੱਖੀ ਜਾਵੇਗੀ ਜਦੋਂ ਤੱਕ ਕੋਰੋਨਾ ਮਹਾਂਮਾਰੀ ਦਾ ਖਾਤਮਾ ਨਹੀਂ ਹੋ ਜਾਂਦਾ।
ਉਨ੍ਹਾਂ ਦੱਸਿਆ ਕਿ ‘ਘਰ ਘਰ ਨਿਗਰਾਨੀ’ ਦਾ ਮਤਲਬ ਹੈ ਘਰ ਘਰ ਸਰਵੇ।ਇਸ ਤਹਿਤ ਹਰ ਘਰ ਦਾ ਸਰਵੇ ਕਰਦਿਆਂ ਹਰ ਇਕ ਘਰ ਦੇ ਸਾਰੇ ਪਰਿਵਾਰਕ ਮੈਂਬਰਾਂ ਦੀ ਸਿਹਤ ਜਾਂਚ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਵਿਚ ਕਿਸੇ ਵੀ ਪ੍ਰਕਾਰ ਦੀ ਬਿਮਾਰੀ ਦੇ ਲੱਛਣਾਂ ਦਾ ਪਤਾ ਲਗਾਇਆ ਜਾ ਸਕੇ।ਇਸ ਤਰਾਂ ਡਾਟਾ ਵੀ ਇਕੱਤਰ ਹੋਵੇਗਾ ਜੋ ਕਿ ਹੈਲਥ ਵੈੱਲਨੈਸ ਸੈਂਟਰਾਂ ਨਾਲ ਜੋੜਿਆ ਜਾਵੇਗਾ ਤਾਂ ਜੋ ਬਿਮਾਰ ਵਿਅਕਤੀਆਂ ਦੀ ਹਿਸਟਰੀ ਇਕੱਠੀ ਹੋਵੇ ਅਤੇ ਉਨ੍ਹਾਂ ਦੇ ਬਚਾਅ ਲਈ ਯੋਗ ਉਪਰਾਲੇ ਕੀਤੇ ਜਾ ਸਕਣ।
Punjab Post Daily Online Newspaper & Print Media