Friday, July 10, 2026

ਮੋਦੀ ਸਰਕਾਰ ਲੌਕਡਾਉਨ ਦਾ ਫਾਇਦਾ ਉਠਾ ਕੇ ਲੈ ਰਹੀ ਹੈ ਕਿਸਾਨ ਵਿਰੋਧੀ ਫੈਸਲੇ – ਚੱਠਾ

ਲੌਂਗੋਵਾਲ, 16 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਅੱਜ ਜਦੋਂ ਪੂਰਾ ਸੰਸਾਰ ਕਰੋਨਾ ਦੀ ਮਾਰ ਝੱਲਦਾ ਹੋਇਆ ਸੋਸ਼ਲ ਦੂਰੀ ਬਣਾ ਕੇ ਰੱਖਣ ਦੀ ਲੋੜ ਨੂੰ  ਸਮਝਦਾ ਹੋਇਆ, ਆਪਣੇ ਆਪਣੇ ਘਰਾਂ ਵਿੱਚ ਬੰਦ ਹੈ।ਉਹ ਤੰਗੀਆਂ ਤੁਰਸ਼ੀਆਂ ਨਾਲ ਜੂਝਦਾ ਹੋਇਆ ਵੀ ਸਰਕਾਰਾਂ ਦਾ ਸਾਥ ਦੇ ਰਿਹਾ ਹੈ।ਕਿਸਾਨ ਆਪਣਾ ਝੋਨਾ ਲਾਉਣ ‘ਚ ਰੁੱਝਿਆ ਹੋਇਆ ਹੈ।ਉਸੇ ਸਮੇਂ ‘ਚ ਸਰਕਾਰਾਂ ਲੌਕਡਾਉਨ ਦਾ ਫਾਇਦਾ ਉਠਾਉਦਿਆਂ ਗੈਟ ਦੀਆਂ ਕਿਸਾਨ ਮਾਰੂ ਨੀਤੀਆਂ ਨੂੰ ਬੜੀ ਜਲਦੀ ਨਾਲ ਲਾਗੂ ਕਰਨ ‘ਤੇ ਉਤਾਰੂ ਹੋਈਆਂ ਹਨ।
              ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜਿਲ੍ਹਾ ਜਰਨਲ ਸਕੱਤਰ ਰਣ ਸਿੰਘ ਚੱਠਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕੀਤਾ।ਚੱਠਾ ਨੇ ਕਿਹਾ ਕਿ ਪਿਛਲੇ ਦਿਨੀਂ ਕੇਂਦਰ ਨੇ ਜੋ ਤਿੰਨ ਆਰਡੀਨੈਂਸ ਲਿਆਂਦੇ ਹਨ।ਉਹ ਗੈਟ ਦੀ ਉਸ ਸ਼ਰਤ ਨੂੰ ਪੂਰਾ ਕਰਦੇ ਹਨ।ਜਿਸ ਰਾਹੀਂ ਗੈਟ ਭਾਰਤ ਦੇ ਕਿਸਾਨਾਂ ਨੂੰ ਐਮ.ਐਸ.ਪੀ ਦੇਣ ਤੋਂ ਰੋਕਦਾ ਹੈ ਤੇ ਕਿਸਾਨਾਂ ਨੂੰ ਵਪਾਰੀਆਂ ਦੇ ਰਹਿਮੋ ਕਰਮ ‘ਤੇ ਛੱਡਣ ਲਈ ਕਹਿੰਦਾ ਹੈ।ਅਸੀਂ ਇਸ ਚਾਲ ਨੂੰ ਚੰਗੀ ਤਰਾਂ ਸਮਝਦੇ ਹਾਂ ਕਿ ਸਰਕਾਰ ਇੱਕ ਵਾਰ ਮੰਡੀਆਂ ਦੇ ਬਾਹਰ ਵਪਾਰੀਆਂ ਦੇ ਰਾਹੀਂ ਸਾਡੀ ਫਸਲ ਥੋੜੀ ਮੋਟੀ ਮਹਿੰਗੀ ਖਰੀਦ ਕਰਵਾ ਸਕਦੀ ਹੈ ਕਿਉਂਕਿ ਉਹਨਾਂ ਨੂੰ ਮਾਰਕੀਟ ਫੀਸ ਅਤੇ ਆੜਤ ਨਹੀ ਪਵੇਗੀ।ਉਹੀ ਪੈਸੇ ਕਿਸਾਨਾਂ ਨੂੰ ਚੋਗੇ ਦੇ ਰੂਪ ਵਿੱਚ ਦੇ ਕੇ ਮੰਡੀ ਸਿਸਟਮ ਅਤੇ ਐਫ.ਸੀ.ਆਈ ਨਾਲੋ ਵੀ ਤੋੜ ਲੈਣਗੇ ਤੇ ਫਿਰ ਇਹਨਾ ਅਦਾਰਿਆਂ ਨੂੰ ਬੇਲੋੜੇ ਕਹਿ ਕੇ ਖਤਮ ਕਰ ਦੇਣਗੇ ਤੇ ਕਿਸਾਨ ਪੂਰੀ ਤਰਾਂ ਵਪਾਰੀਆਂ ਦੇ ਰਹਿਮੋ ਕਰਮ ਤੇ ਨਿਰਭਰ ਹੋ ਜਾਵੇਗਾ।
              ਚੱਠਾ ਨੇ ਕਿਹਾ ਕਿ ਫਿਰ ਸਾਡਾ ਝੋਨਾ ਬਿਹਾਰ ਦੀ ਤਰਾਂ 900 ਤੋ 1100 ਰੁਪਏ ਕਵਿੰਟਲ ਵਿਕੇਗਾ ਕਿਉਂਕਿ ਅੱਜ ਉਥੇ ਐਮ.ਐਸ.ਪੀ ਨਹੀਂ ਹੈ ਤੇ ਇਹੀ ਕਰਨਾ ਸਰਕਾਰ ਦੀ ਮਨਸ਼ਾ ਵੀ ਹੈ ਜੋ ਨਿਤਨ ਗਡਕਰੀ ਦਾ ਐਮ.ਐਸ.ਪੀ ਸਬੰਧੀ ਦਿੱਤਾ ਬਿਆਨ ਸਰਕਾਰ ਦੀ ਨੀਤੀ ਨੂੰ ਸਪੱਸ਼ਟ ਕਰਦਾ ਹੈ।ਸਰਕਾਰ ਇਸ ਆਰਡੀਨੈਂਸ ਰਾਹੀਂ ਵਪਾਰੀ ਨੂੰ ਕਿਸਾਨ ਦੀ ਫਸਲ ਖਰੀਦਣ ਸਮੇਂ ਰੱਜ਼ ਕੇ ਧਾਂਦਲੀ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ ਅਤੇ ਕਿਸਾਨ ਪਾਸੋਂ ਆਪਣੀ ਲੁੱਟ ਖਿਲਾਫ ਕੋਰਟ ਜਾਣ ਦਾ ਅਧਿਕਾਰ ਵੀ ਖੋਹਿਆ ਗਿਆ ਹੈ।ਚੱਠਾ ਨੇ ਕਿਹਾ ਕਿ ਕਿਧਰੇ ਅਜਿਹਾ ਨਾ ਹੋ ਜਾਵੇ ਕਿ ਅਨਾਜ ਪੈਦਾ ਕਰਨ ਵਾਲਾ ਵੀ ਨਾ ਰਹੇ ਤੇ ਖਾਣ ਵਾਲਾ ਅਨਾਜ ਨੂੰ ਤਰਸਦਾ ਖਤਮ ਹੋ ਜਾਵੇ।ਅੱਜ ਲੋੜ ਹੈ ਇਕੱਠੇ ਹੋਣ ਦੀ, ਆਓ ਕਾਫਿਲੇ ਬਣਾ ਕੇ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰੀਏ।

Check Also

ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …