ਖੇਤੀ ਆਰਥਿਕ ਮਾਹਿਰ ਐਸ.ਐਸ.ਜੋਹਲ ਦੇ ਬਿਆਨ ਨੂੰ ਦੱਸਿਆ ਕਿਸਾਨ ਵਿਰੋਧੀ
ਅੰਮ੍ਰਿਤਸਰ, 21 ਜੂਨ (ਪੰਜਾਬ ਪੋਸਟ ਬਿਊਰੋ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਇੱਕ ਦੇਸ਼ ਇੱਕ ਮੰਡੀ, ਇੱਕ ਦੇਸ਼ ਇੱਕ ਰਾਸ਼ਨ
ਕਾਰਡ, ਇੱਕ ਦੇਸ਼ ਇੱਕ ਟੈਕਸ ਅਧੀਨ ਕੇਂਦਰੀਕਰਨ ਕਰਕੇ ਸੂਬਿਆਂ ਦੇ ਅਧਿਕਾਰ ਕੇਂਦਰ ਸਰਕਾਰ ਵੱਲੋ ਖੋਹਣ ਅਤੇ ਵੱਡੇ ਕਾਰਪੋਰੇਟ ਕੰਪਨੀਆਂ ਨੂੰ ਕੰਟਰੈਕਟ ਫਾਰਮਸਿਸਟ ਰਾਹੀਂ 500 ਤੋ 1000 ਕਰੋੜ ਦੇ ਖੇਤੀ ਫਾਰਮ ਬਣਾ ਕੇ 85% (ਪੰਜ ਏਕੜ ਤੋ ਘੱਟ ਵਾਲੀ ਕਿਸਾਨੀ) ਨੂੰ ਜ਼ਮੀਨ ਵਿੱਚੋਂ ਬਾਹਰ ਧੱਕਣ ਲਈ ਤਿੰਨ ਆਰਡੀਨੈਸਾਂ ਵਿਰੁੱਧ ਸੈਕੜੇ ਕਿਸਾਨਾਂ ਮਜ਼ਦੂਰਾਂ, ਛੋਟੇ ਕਾਰੋਬਾਰੀਆਂ ਤੇ ਬੀਬੀਆਂ ਵੱਲੋਂ 12 ਜਿਲਿਆਂ ਦੇ 144 ਪਿੰਡਾਂ ਵਿੱਚ ਵੱਡੇ ਇਕੱਠ ਕਰਕੇ ਮੋਦੀ ਤੇ ਕੈਪਟਨ ਸਰਕਾਰਾਂ ਅਤੇ ਅਕਾਲੀ ਦਲ ਦੀਆਂ ਅਰਥੀਆਂ ਸਾੜੀਆਂ ਤੇ ਰੋਸ ਮੁਜ਼ਾਹਰੇ ਕੀਤੇ।ਮੁਜ਼ਾਹਰਾਕਾਰੀਆਂ ਵੱਲੋਂ ਸੰਘਰਸ਼ਾਂ ਦੇ ਨਾਇਕਾਂ ਦੀਆਂ ਯਾਦਗਾਰਾਂ ਨੂੰ ਨਿੱਜੀ ਕੰਪਨੀਆਂ ਦੇ ਹਵਾਲੇ ਕਰਨ ਤੇ ਮੋਗੇ ਵਿੱਚ ਸ਼ਾਂਤਮਈ ਧਰਨਾ ਦੇ ਰਹੇ ਕਿਸਾਨ ਆਗੂਆਂ ਨੂੰ ਸੂਬਾ ਪ੍ਰਧਾਨ ਨਿਰਭੈਅ ਸਿੰਘ ਢੂੱਡੀਕੇ ਸਮੇਤ ਗ੍ਰਿਫਤਾਰ ਕਰਨ ਦੀ ਸਖਤ ਨਿਖੇਧੀ ਕੀਤੀ ਗਈ।
ਜਥੇਬੰਦੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਜਨ: ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਭਾਜਪਾ ਤੇ ਅਕਾਲੀ ਦਲ ਵੱਲੋਂ ਕੀਤੇ ਆਰਡੀਨੈਸਾਂ ਨੂੰ ਕਿਸਾਨਾਂ ਦੇ ਹਿੱਤ ਵਿੱਚ ਦੱਸਣ ਲਈ ਉਘੇ ਖੇਤੀ ਮਾਹਰ ਸਰਦਾਰ ਸਿੰਘ ਜੌਹਲ ਦਾ ਸਹਾਰਾ ਲੈ ਕੇ ਬਿਆਨਬਾਜ਼ੀ ਕਰਵਾਈ ਜਾ ਰਹੀ ਹੈ।ਜਿਵੇਂ ਉਕਤ ਆਰਥਿਕ ਖੇਤੀ ਮਾਹਿਰ ਕਹਿ ਰਿਹਾ ਹੈ ਕਿ ਏ.ਪੀ.ਐਮ.ਸੀ ਅਧੀਨ ਮੰਡੀਆਂ ਨੂੰ ਉਕਤ ਆਰਡੀਨੈਸਾਂ ਨਾਲ ਕੋਈ ਫਰਕ ਨਹੀ ਪਵੇਗਾ ਤੇ ਫਸਲਾਂ ਦੀ ਐਮ.ਐਸ.ਪੀ ਨੂੰ ਨਹੀ ਛੇੜਿਆ ਗਿਆ।ਸਰਕਾਰੀ ਖ੍ਰੀਦ ਦੇ ਨਾਲ ਨਿੱਜੀ ਵਪਾਰੀ ਵੀ ਮੰਡੀਆਂ ਵਿੱਚ ਖ੍ਰੀਦ ਕਰ ਸਕਣਗੇ ਤੇ ਮੰਡੀ ਟੈਕਸ ਵਪਾਰੀਆਂ ਤੇ ਲੱਗਣੇ ਚਾਹੀਦੇ ਹਨ।ਪਰ ਜੌਹਲ ਸਾਹਿਬ ਨੂੰ ਸਾਡਾ ਸਿੱਧਾ ਸਵਾਲ ਹੈ ਕਿ ਉਕਤ ਆਰਡੀਨੈਸਾਂ ਵਿੱਚ ਬਗੈਰ ਕਿਸੇ ਟੈਕਸ ਦੇ ਫਸਲ ਦੀ ਖ੍ਰੀਦ ਦੀ ਖੁੱਲ ਨਿੱਜੀ ਕੰਪਨੀਆਂ ਨੂੰ ਦੇਣ ਕਰਕੇ ਉਹ ਕਿਉਂ ਮੰਡੀ ਦੇ 8.5% ਟੈਕਸ ਭਰਨਗੇ। ਇਸ ਲਈ ਜੌਹਲ ਸਾਹਬ ਦਾ ਬਿਆਨ ਆਪਾ ਵਿਰੋਧੀ ਹੈ।ਅਸਲ ਵਿੱਚ ਉਕਤ ਆਰਡੀਨੈਂਸ ਖੇਤੀ ਮੰਡੀ ਤੋੜ ਕੇ ਕਾਰਪੋਰੇਟ ਨੂੰ ਦੇਣ ਤੇ ਉਨਾਂ ਦੀ ਜਮੀਨ ਵੱਡੇ ਫਾਰਮ ਬਣਾ ਕੇ ਹੜੱਪਣ ਦੀ ਪੂਰੀ ਤਿਆਰੀ ਹੈ।ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਉਕਤ ਖੇਤੀ ਮਾਡਲ 2006 ਵਿੱਚ ਬਿਹਾਰ ਵਿੱਚ ਲਿਆਂਦਾ ਗਿਆ।ਜਿਸ ਨਾਲ ਕਿਸਾਨ ਤੇ ਖੱਪਤਕਾਰ ਦੋਨੋ ਬੁਰੀ ਤਰਾਂ ਲੁੱਟੇ ਗਏ ਤੇ ਨਿੱਜੀ ਵਪਾਰੀ ਮਾਲਾਮਾਲ ਹੋਏ ਤੇ ਮੰਡੀ ਦਾ ਢਾਂਚਾ ਟੁੱਟ ਗਿਆ।ਇਸ ਤਰਾਂ ਉਕਤ ਖੇਤੀ ਮਾਡਲ ਪਹਿਲਾਂ ਅਮਰੀਕਾ ਤੇ ਯੂਰਪ ਵਿੱਚ ਫੇਲ ਹੋ ਚੁੱਕਾ ਹੈ ਤੇ ਵੱਡੀ ਪੱਧਰ ‘ਤੇ ਕਿਸਾਨ ਕਰਜ਼ਾਈ ਹੋ ਕੇ ਖੇਤੀ ਛੱਡ ਚੁੱਕੇ ਹਨ।
ਕਿਸਾਨ ਆਗੂਆਂ ਨੇ ਇਸ ਖੇਤੀ ਮਾਡਲ ਦੇ ਹਮਾਇਤੀਆਂ ਨੂੰ ਸਵਾਲ ਪੁੱਛਿਆ ਕਿ 75% ਲੋਕਾਂ ਨੂੰ ਰੁਜ਼ਗਾਰ ਦੇਣ ਵਾਲੇ ਖੇਤੀ ਕਿੱਤੇ ਨੂੰ ਨਿੱਜੀ ਕੰਪਨੀਆਂ ਦੇ ਹਵਾਲੇ ਕਰਕੇ ਇੱਥੋਂ ਨਿਕਲਣ ਵਾਲੇ ਬੇਰੁਜ਼ਗਾਰ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਕੀ ਪਲੈਨਿੰਗ ਹੈ।ਜਦਕਿ ਪਹਿਲਾਂ ਹੀ ਦੇਸ਼ ਵਿੱਚ 42 ਕਰੋੜ ਲੋਕਾਂ ਦੀ ਫੌਜ ਬੇਰੁਜ਼ਗਾਰ ਹੈ।
ਇਸ ਮੌਕੇ ਸਵਿੰਦਰ ਸਿੰਘ ਚੁਤਾਲਾ, ਸੁਖਵਿੰਦਰ ਸਿੰਘ ਸਭਰਾ, ਜਸਬੀਰ ਸਿੰਘ ਪਿੱਦੀ, ਜਰਮਨਜੀਤ ਸਿੰਘ ਬੰਡਾਲਾ, ਪਰਮਜੀਤ ਸਿੰਘ ਜੱਬੋਵਾਲ, ਗੁਰਮੇਲ ਸਿੰਘ ਰੇੜਵਾਂ, ਦਲਬੀਰ ਸਿੰਘ, ਸਲਵਿੰਦਰ ਸਿੰਘ ਜਾਣੀਆਂ, ਲਖਬੀਰ ਸਿੰਘ ਬੂਟੀਆਵਾਲ, ਸੁਖਵਿੰਦਰ ਸਿੰਘ ਕੁਹਾਲਾ, ਮੰਗਲ ਸਿੰਘ ਸਵਾਈਕੇ, ਗੁਰਨਾਮ ਸਿੰਘ ਅਲੀਕੇ, ਬਲਬੀਰ ਸਿੰਘ ਬਾਰੇਕੇ, ਬਲਕਾਰ ਸਿੰਘ ਜੋਗੇਵਾਲਾ, ਸੁਖਵੰਤ ਸਿੰਘ ਲੋਹੁਕਾ, ਸੁਰਿੰਦਰ ਸਿੰਘ ਘੁੱਦੂਵਾਲਾ ਨੇ ਵੀ ਸੰਬੋਧਨ ਕੀਤਾ।
Punjab Post Daily Online Newspaper & Print Media