ਸਿਹਤ ਟੀਮਾਂ ਨੇ 141 ਸੈਂਪਲ ਲਏ, ਲੋਕਾਂ ਨੂੰ ਮਰੀਜ਼ਾਂ ਦੇ ਘਰਾਂ ਨੇੜੇ ਨਾ ਜਾਣ ਦੀ ਹਦਾਇਤ
ਐਸ.ਏ.ਐਸ ਨਗਰ, 6 ਜੁਲਾਈ (ਪੰਜਾਬ ਪੋਸਟ ਬਿਊਰੋ) – ਡੇਰਾਬੱਸੀ ਲਾਗਲੇ ਪਿੰਡ ਬੇਹੜਾ ਵਿਚ `ਕੋਰੋਨਾ ਵਾਇਰਸ` ਦੇ ਕਈ ਕੇਸ ਸਾਹਮਣੇ ਆਉਣ ਮਗਰੋਂ
ਸਿਵਲ ਸਰਜਨ ਡਾ. ਮਨਜੀਤ ਸਿੰਘ ਦੀ ਅਗਵਾਈ ਵਾਲੀ ਸਿਹਤ ਅਧਿਕਾਰੀਆਂ ਦੀ ਟੀਮ ਨੇ ਅੱਜ ਇਸ ਪਿੰਡ ਦਾ ਦੌਰਾ ਕੀਤਾ ਅਤੇ ਹਾਲਾਤ ਦਾ ਜਾਇਜ਼ਾ ਲਿਆ।ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੀ ਗੰਭੀਰ ਸਥਿਤੀ ਨੂੰ ਵਾਚਣ ਮਗਰੋਂ ਉਨਾਂ ਡਿਪਟੀ ਕਮਿਸ਼ਨਰ ਮੋਹਾਲੀ ਗਿਰੀਸ਼ ਦਿਆਲਨ ਨੂੰ ਇਸ ਪਿੰਡ ਦੀਆਂ ਹੱਦਾਂ ਨੂੰ ਪੂਰੀ ਤਰਾਂ ਬੰਦ ਕਰਨ ਦਾ ਸੁਝਾਅ ਦੇ ਦਿੱਤਾ ਹੈ ਤਾਕਿ ਇਸ ਮਾਰੂ ਬੀਮਾਰੀ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ। ਸਿਵਲ ਸਰਜਨ ਨੇ ਸਿਹਤ ਅਧਿਕਾਰੀਆਂ ਨਾਲ ਪਿੰਡ ਦੀ ਗਲੀ-ਗਲੀ ਵਿਚ ਜਾ ਕੇ ਮਰੀਜ਼ਾਂ ਦੇ ਘਰਾਂ ਦਾ ਸਰਵੇ ਕੀਤਾ ਅਤੇ ਸਿਹਤ ਤੇ ਪੁਲਿਸ ਟੀਮਾਂ ਨੂੰ ਜ਼ਰੂਰੀ ਹਦਾਇਤਾਂ ਦਿਤੀਆਂ।
ਉਨਾਂ ਦਸਿਆ ਕਿ ਬੇਹੜਾ ਲਾਗਲੀ ਮੀਟ ਫ਼ੈਕਟਰੀ ਦੇ 22 ਵਰਕਰ ਇਸ ਬੀਮਾਰੀ ਦੀ ਲਪੇਟ ਵਿਚ ਆ ਚੁਕੇ ਹਨ ਅਤੇ ਫ਼ੈਕਟਰੀ ਨੂੰ ਪਹਿਲਾਂ ਹੀ `ਕੰਟੇਨਮੈਂਟ ਜ਼ੋਨ` ਬਣਾਇਆ ਜਾ ਚੁੱਕਾ ਹੈ।ਫ਼ੈਕਟਰੀ ਦੇ ਬਹੁਤੇ ਵਰਕਰ ਇਸੇ ਪਿੰਡ ਵਿਚ ਰਹਿੰਦੇ ਹਨ ਜਿਨਾਂ ਵਿਚੋਂ 11 ਦੀ ਰੀਪੋਰਟ ਕਲ ਪਾਜ਼ੇਟਿਵ ਆਈ ਸੀ ਤੇ ਇਸੇ ਕਾਰਨ ਪਿੰਡ ਨੂੰ `ਕੰਟੇਨਮੈਂਟ ਜ਼ੋਨ` ਬਣਾਏ ਜਾਣ ਦੀ ਫ਼ੌਰੀ ਲੋੜ ਹੈ।ਉਨਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਨੇ ਪਿੰਡ ਦਾ ਘਰ-ਘਰ ਸਰਵੇ ਮੁਕੰਮਲ ਕਰ ਲਿਆ ਹੈ ਅਤੇ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।ਉਨਾਂ ਦਸਿਆ ਕਿ ਸੋਮਵਾਰ ਨੂੰ ਮਰੀਜ਼ਾਂ ਦੇ ਪਰਵਾਰਿਕ ਜੀਆਂ ਅਤੇ ਹੋਰ ਸੰਪਰਕਾਂ ਦੇ 141 ਸੈਂਪਲ ਲਏ ਗਏ ਹਨ ਜਿਨਾਂ ਦੀਆਂ ਰੀਪੋਰਟਾਂ ਆਉਣ ਮਗਰੋਂ ਪਿੰਡ ਵਿਚ ਬੀਮਾਰੀ ਦੇ ਫੈਲਾਅ ਦੀ ਸਹੀ ਸਥਿਤੀ ਦਾ ਪਤਾ ਲੱਗ ਸਕੇਗਾ। ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਨੂੰ ਪਿੰਡ ਵਿਚ ਠੀਕਰੀ ਪਹਿਰੇ ਲਾਉਣ ਅਤੇ ਮਰੀਜ਼ਾਂ ਦੇ ਘਰਾਂ ਦੇ ਆਲੇ-ਦੁਆਲੇ ਸਖ਼ਤ ਨਿਗਰਾਨੀ ਰੱਖਣ ਲਈ ਕਿਹਾ ਗਿਆ ਹੈ।ਡਾ. ਮਨਜੀਤ ਸਿੰਘ ਨੇ ਸਿਹਤ ਅਤੇ ਪੁਲਿਸ ਟੀਮਾਂ ਨੂੰ ਪ੍ਰਭਾਵਤ ਥਾਂ `ਤੇ ਬੀਮਾਰੀ ਦੇ ਫੈਲਾਅ ਨੂੰ ਰੋਕਣ ਲਈ ਪੂਰੀ ਸਾਵਧਾਨੀ ਅਤੇ ਮਿਹਨਤ ਨਾਲ ਹਰ ਸੰਭਵ ਯਤਨ ਕਰਨ ਲਈ ਆਖਿਆ।ਉਨਾਂ ਕਿਹਾ ਕਿ ਪਿੰਡ ਦੇ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਹਦਾਇਤ ਕੀਤੀ ਗਈ ਹੈ।
ਡਾ. ਮਨਜੀਤ ਸਿੰਘ ਨੇ ਲੋਕਾਂ ਨੂੰ ਮੁੜ ਅਪੀਲ ਕੀਤੀ ਕਿ ਬਹੁਤ ਜ਼ਰੂਰੀ ਕੰਮ ਪੈਣ `ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ ਅਤੇ ਬਾਹਰ ਨਿਕਲਣ ਸਮੇਂ ਮਾਸਕ, ਰੁਮਾਲ, ਕਪੜੇ, ਚੁੰਨੀ, ਪਰਨੇ ਆਦਿ ਨਾਲ ਮੂੰਹ ਢੱਕ ਕੇ ਰਖਿਆ ਜਾਵੇ ਅਤੇ ਇਕ ਦੂਜੇ ਤੋਂ ਜ਼ਰੂਰੀ ਫ਼ਾਸਲਾ ਰਖਿਆ ਜਾਵੇ।ਪੜਤਾਲੀਆ ਟੀਮ ਵਿਚ ਡਿਪਟੀ ਮੈਡੀਕਲ ਕਮਿਸ਼ਨਰ ਡਾ. ਦਲਜੀਤ ਸਿੰਘ ਪ੍ਰਦੇਸੀ, ਐਸ.ਐਮ.ਓ ਡੇਰਾਬੱਸੀ ਡਾ. ਸੰਗੀਤਾ ਜੈਨ, ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ, ਡਬਲਿਊ.ਐਚ.ਓ ਤੋਂ ਡਾ. ਵਿਕਰਮ ਗੁਪਤਾ, ਪਿੰਡ ਦੀ ਸਰਪੰਚ ਰਾਜ ਕੌਰ ਦੇ ਪਤੀ ਨਾਰਾਇਣ ਸਿੰਘ, ਡਾ. ਐਚ.ਐਸ. ਚੀਮਾ, ਡਾ. ਪ੍ਰੀਤ ਮੋਹਨ, ਡਾ. ਵਿਕਰਾਂਤ, ਹੈਲਥ ਇੰਸਪੈਕਟਰ ਭੁਪਿੰਦਰ ਸਿੰਘ, ਰਾਜਿੰਦਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਤੇ ਮੁਲਾਜ਼ਮ ਸ਼ਾਮਲ ਸਨ।
Punjab Post Daily Online Newspaper & Print Media