Thursday, December 12, 2024

ਜਸਬੀਰ ਸਿੰਘ ਨੇ ਮਿਸ਼ਨ ਫ਼ਤਿਹ ਤਹਿਤ ਪੰਜਾਬ ਸਰਕਾਰ ਤੋਂ ਜਿੱਤੇ ਸਿਲਵਰ ਤੇ ਬਰੋਨਜ਼ ਮੈਡਲ

475 ਤੋਂ ਵੱਧ ਵਿਅਕਤੀਆਂ ਨੂੰ ਕੋਵਾ ਐਪ ਡਾਊਨਲੋਡ ਕਰਾ ਕੇ ਮਿਸ਼ਨ ਫ਼ਤਿਹ ਨਾਲ ਜੋੜਿਆ

ਬਟਾਲਾ, 6 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਨੂੰ ਖਤਮ ਕਰਨ ਲਈ ਚਲਾਏ ਜਾ ਰਹੇ ਮਿਸ਼ਨ ਫ਼ਤਿਹ ਨੂੰ ਕਾਮਯਾਬ ਕਰਨ ਲਈ ਸਰਕਾਰੀ ਬਹੁਤਕਨੀਕੀ ਕਾਲਜ ਦੇ ਲੈਕਚਰਾਰ ਜਸਬੀਰ ਸਿੰਘ ਵਲੋਂ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ।ਜਸਬੀਰ ਸਿੰਘ ਵਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਉਹ ਮਿਸ਼ਨ ਫ਼ਤਿਹ ਨਾਲ ਜੁੜ ਕੇ ਲੋਕਾਂ ਵਿੱਚ ਜਾਗਰੂਕਤਾ ਲਿਆਉਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਕੋਵਾ ਐਪ ਡਾਊਨਲੋਡ ਕਰਾ ਕੇ ਮਿਸ਼ਨ ਫ਼ਤਿਹ ਨਾਲ ਜੋੜ ਰਹੇ ਹਨ।
              ਲੈਕਚਰਾਰ ਜਸਬੀਰ ਸਿੰਘ ਨੇ ਹੁਣ ਤੱਕ 475 ਤੋਂ ਵੱਧ ਵਿਅਕਤੀਆਂ ਨੂੰ ਕੋਵਾ ਐਪ ਡਾਊਨਲੋਡ ਕਰਾ ਕੇ ਮਿਸ਼ਨ ਫ਼ਤਿਹ ਨਾਲ ਜੋੜਿਆ ਜਾ ਚੁੱਕਾ ਹੈ ਅਤੇ ਉਸ ਦੇ ਮਿਸ਼ਨ ਫ਼ਤਿਹ ਤਹਿਤ 4654 ਨੰਬਰ ਹਨ।ਜਸਬੀਰ ਸਿੰਘ ਵਲੋਂ ਮਿਸ਼ਨ ਫ਼ਤਿਹ ਵਿੱਚ ਕੀਤੀ ਜਾ ਰਹੀ ਵਧੀਆ ਕਾਰਗੁਜ਼ਾਰੀ ਦੇ ਮੱਦੇਨਜ਼ਰ ਉਸ ਦਾ ਸੂਬੇ ਭਰ ਵਿੱਚ 27ਵਾਂ ਨੰਬਰ ਹੈ।ਜਸਬੀਰ ਸਿੰਘ ਆਪਣੀ ਵਧੀਆ ਕਾਰਗੁਜ਼ਾਰੀ ਸਦਕਾ ਪੰਜਾਬ ਸਰਕਾਰ ਕੋਲੋਂ ਸਿਲਵਰ ਅਤੇ ਬਰੋਨਜ਼ ਸਰਟੀਫਿਕੇਟਸ ਹਾਸਲ ਕਰ ਚੁੱਕਾ ਹੈ ਅਤੇ ਹੁਣ ਉਸ ਦਾ ਅਗਲਾ ਟੀਚਾ ਗੋਲਡ ਸਰਟੀਫਿਕੇਟ ਹਾਸਲ ਕਰਨ ਦਾ ਹੈ, ਜਿਸ ਲਈ ਉਸ ਦੇ ਯਤਨ ਜਾਰੀ ਹਨ।
             ਜਸਬੀਰ ਸਿੰਘ ਨੇ ਦੱਸਿਆ ਕਿ ਉਸ ਵਲੋਂ ਲੋਕਾਂ ਨੂੰ ਕੋਵਿਡ-19 ਤੋਂ ਬਚਣ ਲਈ ਜਾਗਰੂਕ ਕਰਦਿਆਂ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਉਹ ਆਪਣੇ ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਦੀ ਵਰਤੋਂ ਕਰਨ ਅਤੇ ਦੂਸਰੇ ਵਿਅਕਤੀਆਂ ਤੋਂ ਘੱਟੋ-ਘੱਟ 6 ਫੁੱਟ ਦੀ ਸਮਾਜਿਕ ਦੂਰੀ ਬਣਾ ਕੇ ਰੱਖਣ।ਜਨਤਕ ਥਾਵਾਂ ਉਪਰ ਨਾ ਥੁੱਕਿਆ ਜਾਵੇ ਅਤੇ ਵਾਰ-ਵਾਰ ਆਪਣੇ ਹੱਥਾਂ ਨੂੰ ਸਾਬਣ ਨਾਲ ਸਾਫ਼ ਕੀਤਾ ਜਾਵੇ।ਇਸ ਦੇ ਨਾਲ ਹੀ ਲੋਕਾਂ ਨੂੰ ਆਪਣੇ ਮੋਬਾਇਲ ਫੋਨਾਂ ਵਿੱਚ ਕੋਵਾ ਐਪ ਡਾਊਨਲੋਡ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਤੱਕ ਕੋਵਿਡ-19 ਬਾਰੇ ਸਰਕਾਰ ਵਲੋਂ ਦਿੱਤੀ ਜਾ ਰਹੀ ਸਹੀ ਸੂਚਨਾ ਪਹੁੰਚ ਸਕੇ।ਉਨ੍ਹਾਂ ਲੋਕਾਂ ਨੂੰ ਮੀਡੀਆ ਜਰੀਏ ਵੀ ਅਪੀਲ ਕੀਤੀ ਹੈ ਕਿ ਉਹ ਕੋਵਾ ਐਪ ਨੂੰ ਡਾਊਨਲੋਡ ਕਰਕੇ ਮਿਸ਼ਨ ਫ਼ਤਿਹ ਦਾ ਹਿੱਸਾ ਬਣਨ।
                ਜਸਬੀਰ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਇੱਕ ਲਾਗ ਦੀ ਬਿਮਾਰੀ ਹੈ ਅਤੇ ਸਾਵਧਾਨੀਆਂ ਵਰਤ ਕੇ ਇਸ ਤੋਂ ਬਚਿਆ ਜਾ ਸਕਦਾ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਬਿਮਾਰੀ ਤੋਂ ਬਚਣ ਦੀਆਂ ਸਾਵਧਾਨੀਆਂ ਵਿੱਚ ਜਰਾ ਜਿਨੀ ਵੀ ਢਿੱਲ-ਮੱਠ ਨਾ ਵਰਤਣ।

Check Also

ਯੂਨੀਵਰਸਿਟੀ ‘ਚ 54ਵੀਂ ਸਾਲਾਨਾ ਅੰਤਰ-ਕਾਲਜ ਅਥਲੈਟਿਕਸ 14 ਦਸੰਬਰ ਤੋਂ

ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਯੂਨੀਵਰਸਿਟੀ ਦੀ …