ਅੰਮ੍ਰਿਤਸਰ, 13 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ 
ਪ੍ਰਕਾਸ਼ ਪੁਰਬ ‘ਤੇ 6 ਜੁਲਾਈ ਤੋਂ ਸ਼ੁਰੂ ਹੋਏ ਵਿਦਿਅਕ ਮੁਕਾਬਲੇ 21 ਦਸੰਬਰ ਤੱਕ ਚੱਲਣਗੇ।ਜ਼ਿਲਾ ਅੰਮ੍ਰਿਤਸਰ ਵਿੱਚ ਜ਼ਿਲਾ ਸਿੱਖਿਆ ਦਫ਼ਤਰ (ਐਲੀਮੈਂਟਰੀ) ਵਲੋਂ ਜ਼ਿਲਾ ਸਿਖਿਆ ਅਫ਼ਸਰ ਕੰਵਲਜੀਤ ਸਿੰਘ ਅਤੇ ਉਪ ਜ਼ਿਲਾ ਸਿੱਖਿਆ ਅਫ਼ਸਰ ਸ੍ਰੀਮਤੀ ਰੇਖਾ ਮਹਾਜਨ ਦੀ ਯੋਗ ਅਗਵਾਈ ਹੇਠ ਇਹਨਾਂ ਵਿਦਿਅਕ ਮੁਕਾਬਲਿਆਂ ਦਾ ਆਗਾਜ਼ 6 ਜੁਲਾਈ ਨੂੰ ਸ਼ਬਦ ਕੀਰਤਨ ਤੇ ਪ੍ਰਭੂ ਦੇ ਚਰਨਾਂ ਵਿੱਚ ਅਰਦਾਸ ਨਾਲ ਕੀਤਾ ਗਿਆ।ਉਪ ਜ਼ਿਲਾ ਸਿੱਖਿਆ ਅਫ਼ਸਰ ਸ੍ਰੀਮਤੀ ਰੇਖਾ ਮਹਾਜਨ ਵਲੋਂ ਹਰਮੋਨੀਅਮ ਸਾਜ਼ ‘ਤੇ ਸ਼ਬਦ ਗਾਇਨ ਕੀਤਾ ਗਿਆ।
ਜ਼ਿਲਾ ਨੋਡਲ ਅਫ਼ਸਰ ਮਨਜੀਤ ਸਿੰਘ, ਸਹਾਇਕ ਨੋਡਲ ਅਫ਼ਸਰ, ਤੇਜਿੰਦਰ ਸਿੰਘ, ਬਲਾਕ ਸਿੱਖਿਆ ਅਫ਼ਸਰ ਸ੍ਰੀਮਤੀ ਗੁਰਮੀਤ ਕੌਰ, ਸ੍ਰੀਮਤੀ ਅਰੁਣਾ ਕੁਮਾਰੀ ਅਤੇ ਸ੍ਰੀਮਤੀ ਬਲਵਿੰਦਰ ਕੌਰ, ਸੀ.ਐਚਟੀ ਚੰਦਰ ਕਿਰਨ, ਦਵਿੰਦਰ ਕੁਮਾਰ, ਰੁਪਿੰਦਰ ਕੌਰ, ਚਰਨਜੀਵ ਮਹਾਜਨ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।ਪਹਿਲਾਂ ਮੁਕਾਬਲਾ ਸ਼ਬਦ ਗਾਇਨ ਵਿਚ ਸਕੂਲ ਪੱਧਰ ‘ਤੇ ਵਿਦਿਆਰਥੀਆਂ ਵਲੋਂ ਆਨਲਾਈਨ ਵੀਡਿਓ ਬਣਾ ਕੇ ਸ਼ੋਸ਼ਲ ਮੀਡੀਆ ‘ਤੇ ਪਾ ਕੇ ਲਿੰਕ ਆਪਣੇ ਅਧਿਆਪਕਾਂ ਨਾਲ ਸਾਂਝਾ ਕੀਤਾ ਜਾਵੇਗਾ।11 ਜੁਲਾਈ ਨੂੰ ਰਾਤ 12 ਵਜੇ ਤੱਕ ਇਹ ਲਿੰਕ ਪਾਏ ਜਾਣਗੇ।13 ਤੋਂ 19 ਜੁਲਾਈ ਤੱਕ ਹਰ ਬਲਾਕ ਵਿੱਚ ਪਹਿਲੇ ਦੋ ਸਥਾਨਾਂ ‘ਤੇ ਰਹਿਣ ਵਾਲੇ ਵਿਦਿਆਰਥੀਆਂ ਦੇ ਲਿੰਕ ਸ਼ੇਅਰ ਕੀਤੇ ਜਾਣਗੇ ਅਤੇ 21 ਜੁਲਾਈ ਤੋਂ ਬਾਅਦ ਜ਼ਿਲੇ ਵਿੱਚ ਪਹਿਲੀਆਂ ਦੋ ਪੁਜੀਸ਼ਨਾਂ ਪ੍ਰਾਪਤ ਕਰਨ ਵਾਲਿਆਂ ਦੇ ਵੀਡਿਓ ਲਿੰਕ ਸ਼ੇਅਰ ਕੀਤੇ ਜਾਣਗੇ।ਸਟੇਟ ਪੱਧਰ ‘ਤੇ ਜੇਤੂ ਵਿਦਿਆਰਥੀਆਂ ਦੇ ਨਤੀਜਿਆਂ ਦੇ ਲਿੰਕ ਸ਼ੇਅਰ ਕੀਤੇ ਜਾਣਗੇ।ਸਟੇਟ ਪੱਧਰ ‘ਤੇ ਜੇਤੂ ਵਿਦਿਆਰਥੀਆਂ ਦਾ ਨਤੀਜਾ 3 ਅਗਸਤ ਨੂੰ ਐਲਾਨਿਆ ਜਾਵੇਗਾ।ਜ਼ਿਲਾ ਪੱਧਰ ‘ਤੇ ਜੇਤੂ ਵਿਦਿਆਰਥੀਆਂ, ਉਹਨਾਂ ਦੇ ਸਹਿਯੋਗੀ ਅਧਿਆਪਕਾਂ, ਹੈਡ ਟੀਚਰ, ਸੈਂਟਰ ਹੈਡ ਟੀਚਰ, ਬੀ.ਪੀ.ਈ.ਓ ਅਤੇ ਜੱਜਾਂ ਨੂੰ ਆਨਲਾਈਨ ਸਰਟੀਫਿਕੇਟ ਜ਼ਿਲਾ ਸਿੱਖਿਆ ਅਧਿਕਾਰੀਆਂ ਵਲੋਂ ਦਿੱਤੇ ਜਾਣਗੇ।
ਉਪ ਜ਼ਿਲਾ ਸਿੱਖਿਆ ਅਫ਼ਸਰ ਸ੍ਰੀਮਤੀ ਰੇਖਾ ਮਹਾਜਨ ਨੇ ਦੱਸਿਆ ਕਿ ਕੋਵਿਡ-19 ਦੇ ਸਮੇਂ `ਚ ਘਰ ਬੈਠੇ ਹੀ ਵਿਦਿਆਰਥੀਆਂ ਵਲੋਂ ਅਧਿਆਪਕਾਂ ਦੇ ਸਹਿਯੋਗ ਨਾਲ ਇਨਾਂ ਵਿਦਿਅਕ ਮੁਕਾਬਲਿਆਂ `ਚ ਵੱਧ ਚੜ ਕੇ ਹਿੱਸਾ ਲਿਆ ਜਾ ਰਿਹਾ ਹੈ।ਉਨਾਂ ਵਲੋਂ ਜ਼ਿਲੇ ਦੇ ਸਮੂਹ ਹੈਡ ਅਤੇ ਅਧਿਆਪਕ ਸਾਹਿਬਾਨ ਨੂੰ ਹਰ ਸਕੂਲ ਦੇ ਬੱਚੇ ਵੱਲੋਂ ਅਤੇ ਵੱਧ ਤੋਂ ਵੱਧ ਭਾਗ ਲੈਣ ਲਈ ਗੁਜ਼ਾਰਿਸ਼ ਕੀਤੀ ਗਈ।
Punjab Post Daily Online Newspaper & Print Media