Tuesday, June 16, 2026

ਕਪੂਰਥਲਾ ਜਿਲ੍ਹੇ ‘ਚ ਸਾਹਮਣੇ ਆਏ ਕਰੋਨਾ ਦੇ 26 ਨਵੇਂ ਮਾਮਲੇ

ਵਿਧਾਇਕ ਧਾਲੀਵਾਲ ਹੋਮ ਆਈਸੋਲੇਸ਼ਨ ਵਿਚੋਂ ਬਾਹਰ ਆਏ, ਅੱਜ ਲਏ ਗਏ ਕੁੱਲ 245 ਸੈਂਪਲ

ਕਪੂਰਥਲਾ, 28 ਜੁਲਾਈ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹੇ ਵਿੱਚ ਅੱਜ ਕਰੋਨਾ ਦੇ ਟੈਸਟਾਂ ਦੇ ਆਏ ਨਤੀਜਿਆਂ ਵਿਚੋਂ 26 ਮਾਮਲੇ ਪਾਜੀਟਿਵ ਆਏ ਹਨ, ਜਿਸ ਨਾਲ ਜਿਲ੍ਹੇ ਵਿਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 77 ਹੋ ਗਈ ਹੈ।ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਅੱਜ ਕਰੋਨਾ ਪਾਜੀਟਿਵ ਮਾਮਲਿਆਂ ਵਿਚ ਆਈ ਤੇਜ਼ੀ ਦੇ ਮੱਦੇਨਜ਼ਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਵਲੋਂ ਕਰੋਨਾ ਤੋਂ ਬਚਾਅ ਬਾਰੇ ਜਾਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ।ਉਨ੍ਹਾਂ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੂੰ ਵੀ ਕਿਹਾ ਕਿ ਉਹ ਕਰੋਨਾ ਦੀ ਰੋਕਥਾਮ ਲਈ ਜਾਰੀ ਨੇਮਾਂ ਦੀ ਪਾਲਣਾ ਯਕੀਨੀ ਬਣਾਉਣ ਤਾਂ ਜੋ ਲੋਕ ਸੁਰੱਖਿਅਤ ਰਹਿਣ।
            ਉਨਾਂ ਕੇਂਦਰੀ ਜੇਲ੍ਹ ਵਿਚ 12 ਬੰਦੀਆਂ ਦੇ ਨਮੂਨੇ ਪਾਜੀਟਿਵ ਆਉਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਜੇਲ੍ਹ ਵਿਚ ਮੌਜੂਦ ਸਾਰੇ ਕੈਦੀਆਂ ਦੇ ਨਮੂਨੇ ਜਲਦ ਲੈ ਕੇ ਟੈਸਟ ਕੀਤੇ ਜਾਣਗੇ। ਉਨਾਂ ਦੱਸਿਆ ਕਿ ਜੇਲ੍ਹ ਵਿੱਚ ਵਿਸ਼ੇਸ਼ ਆਈਸੋਲੇਸ਼ਨ ਤੇ ਕੁਆਰਟਾਇਨ ਸੈਂਟਰ ਬਣਾਇਆ ਗਿਆ ਹੈ ਅਤੇ 3 ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ ਦੀ ਟੀਮ ਵੀ ਵਿਸ਼ੇਸ਼ ਤੌਰ ’ਤੇ ਤਾਇਨਾਤ ਕੀਤੀ ਗਈ ਹੈ।ਉਨਾਂ ਕਿਹਾ ਕਿ ਜੇਲ੍ਹ ਵਿਚ ਤਾਇਨਾਤ ਸਾਰੇ ਸਟਾਫ ਦੇ ਵੀ ਕਰੋਨਾ ਸਬੰਧੀ ਟੈਸਟ ਕਰਵਾਏ ਜਾਣਗੇ।
               ਅੱਜ ਜਿਹੜੇ 26 ਨਵੇਂ ਮਾਮਲੇ ਸਾਹਮਣੇ ਆਏ ਹਨ ਉਨਾਂ ਵਿੱਚ ਫਗਵਾੜਾ ਤੋਂ 7, ਕਪੂਰਥਲਾ ਤੋਂ 4, ਸੈਦੋ ਭੁਲਾਣਾ ਤੋਂ 1, ਕੇਂਦਰੀ ਜੇਲ੍ਹ ਵਿਚੋਂ 12, ਪੰਡੋਰੀ ਅਰਾਈਆਂ ਤੋਂ 1, ਬੂਲਪੁਰ ਤੋਂ 1 ਪਾਜੀਟਿਵ ਮਾਮਲਾ ਸਾਹਮਣੇ ਆਇਆ ਹੈ।
                    ਫਗਵਾੜਾ ਤੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਜੋ ਕਿ ਕਰੋਨਾ ਪਾਜੀਟਿਵ ਸਨ, ਅੱਜ ਹੋਮ ਆਈਸੋਲੇਸ਼ਨ ਵਿਚੋਂ ਬਾਹਰ ਆ ਗਏ ਹਨ।ਜਦਕਿ ਕਪੂਰਥਲਾ ਵਿਖੇ ਆਈਸੋਲੇਸ਼ਨ ਕੇਂਦਰ ਤੋਂ ਵੀ ਇਕ ਔਰਤ ਨੂੰ ਡਿਸਚਾਰਜ਼ ਕੀਤਾ ਗਿਆ ਹੈ, ਜਿਸ ਦੀ ਰਿਪੋਰਟ ਨੈਗੇਟਿਵ ਆਈ ਹੈ।
ਅੱਜ ਕੁੱਲ 245 ਨਮੂਨੇ ਜਾਂਚ ਲਈ ਭੇਜੇ ਗਏ ਹਨ, ਜਿਨਾਂ ਵਿਚ ਕਪੂਰਥਲਾ ਸਿਵਲ ਹਸਪਤਾਲ ਤੋਂ 64, ਸੁਲਤਾਨਪੁਰ ਲੋਧੀ ਤੋਂ 10, ਭਲੁੱਥ ਤੋਂ 26, ਬੇਗੋਵਾਲ ਤੋਂ 24, ਟਿੱਬਾ ਤੋਂ 46, ਕਾਲਾ ਸੰਘਿਆਂ ਤੋਂ 60 ਤੇ ਫੱਤੂਢੀਂਗਾ ਤੋਂ 15 ਨਮੂਨੇ ਸ਼ਾਮਿਲ ਹਨ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …