ਸੂਬਾ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਦੇ ਹੋਣਹਾਰ ਖਿਡਾਰੀਆਂ ਨੂੰ ਕੀਤਾ ਜਾ ਰਿਹਾ ਨਜ਼ਰਅੰਦਾਜ – ਹਰੀ ਸਿੰਘ
ਧੂਰੀ, 4 ਅਗਸਤ (ਪ੍ਰਵੀਨ ਗਰਗ) – ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਧੂਰੀ ਦੇ ਇੰਚਾਰਜ਼ ਹਰੀ ਸਿੰਘ ਪ੍ਰੀਤ ਨੇ ਨੇਪਾਲੀ ਮੂਲ ਦੀ ਪੰਜਾਬ ਪੜ੍ਹਦੀ ਇੱਕ ਹੋਣਹਾਰ
ਕਬੱਡੀ ਖਿਡਾਰਣ ਦੀ ਪੈਨਸ਼ਨ ਲਗਾ ਕੇ ਉਸ ਦਾ ਦਾ ਮਨੋਬਲ ਵਧਾਇਆ ਹੈ।ਖਿਡਾਰਣ ਦੀ ਮਾਲੀ ਮਦਦ ਕਰਦਿਆਂ ਹਰੀ ਸਿੰਘ ਨੇ ਅੰਤਰਰਾਸ਼ਟਰੀ ਪੱਧਰ ਤੱਕ ਹਰ ਪੱਖੋਂ ਸਹਿਯੋਗ ਦੇਣ ਦਾ ਭਰੋਸਾ ਵੀ ਦਿਵਾਇਆ ਹੈ।
ਅੱਜ ਧੂਰੀ ਆਪਣੇ ਦਫਤਰ ਵਿਖੇ ਸੱਦ ਕੇ ਸਵੀਤਾ ਨਾਮੀ ਇਸ ਬੱਚੀ ਨੂੰ 5 ਹਜ਼ਾਰ ਰੁਪਏ ਦਾ ਚੈਕ ਭੇਂਟ ਕਰਦਿਆਂ ਹਰੀ ਸਿੰਘ ਨੇ ਦੱਸਿਆ ਕਿ ਇਲਾਕੇ ਦੀ ਪ੍ਰਸਿੱਧ ਸਮਾਜਸੇਵੀ ਸੰਸਥਾ ਪਰਿਵਰਤਨ ਵਲੋਂ ਪਿਛਲੀ ਲੋਹੜੀ ਮੌਕੇ ਸਵੀਤਾ ਸਮੇਤ ਹੋਣਹਾਰ ਧੀਆਂ ਨੂੰ ‘ਧੀ ਪੰਜਾਬ ਦੀ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।ਉਸ ਸਮਾਗਮ ਵਿੱਚ ਪਤਾ ਲੱਗਾ ਕਿ ਸਵੀਤਾ ਕਬੱਡੀ ਦੀ ਹੋਣਹਾਰ ਖਿਡਾਰਣ ਹੈ ਅਤੇ ਇੱਕ ਅਤਿ ਗਰੀਬ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਨੇਪਾਲੀ ਮੂਲ ਦੀ ਪੰਜਾਬ ਵਿੱਚ ਛੇਵੀਂ ਕਲਾਸ ਦੀ ਵਿਦਿਆਰਥਣ ਹੈ।ਉਹਨਾਂ ਦੱਸਿਆ ਕਿ ਇਸ ਹੋਣਹਾਰ ਖਿਡਾਰਣ ਦਾ ਮਨੋਬਲ ਉਚਾ ਚੁੱਕਣ ਲਈ ਉਹਨਾਂ ਵੱਲੋਂ ਆਪਣੀ ਨਿੱਜੀ ਕਮਾਈ ਵਿੱਚੋਂ ਇਸ ਵਿਦਿਆਰਥਣ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਪੈਨਸ਼ਨ ਲਾਈ ਹੈ।ਇਸ ਦੇ ਨਾਲ ਹੀ ਉਹਨਾਂ ਇਸ ਖਿਡਾਰਣ ਦਾ ਅੰਤਰਰਾਸ਼ਟਰੀ ਪੱਧਰ ਤੱਕ ਖੇਡਣ ਦਾ ਸੁਪਨਾ ਪੂਰਾ ਕਰਨ ਦਾ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਉਹ ਸਵੀਤਾ ਨੂੰ ਆਪਣੀਆਂ ਧੀਆਂ ਵਾਂਗ ਹਰ ਪ੍ਰਕਾਰ ਦਾ ਸਹਿਯੋਗ ਦਿੰਦੇ ਹੋਏ ਉਸ ਦੀ ਮਦਦ ਕਰਨਗੇ।ਉਹਨਾਂ ਕਿਹਾ ਕਿ ਇਸ ਖਿਡਾਰਣ ਦੀ ਮਦਦ ਇਨਸਾਨੀਅਤ ਨੂੰ ਮੁੱਖ ਰੱਖਦਿਆਂ ਕੀਤੀ ਹੈ ਅਤੇ ਇਲਾਕੇ ਵਿੱਚ ਜੇਕਰ ਅਜਿਹੇ ਹੋਰ ਖਿਡਾਰੀ ਵੀ ਉਹਨਾਂ ਦੇ ਧਿਆਨ ਵਿੱਚ ਆਉਣਗੇ, ਉਹ ਉਹਨਾਂ ਦੀ ਹਰ ਸੰਭਵ ਮਦਦ ਕਰਨਗੇ।
ਇੱਕ ਸਵਾਲ ਦੇ ਜਵਾਬ ਵਿੱਚ ਹਰੀ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਦੀਆਂ ਖੇਡ ਨੀਤੀਆਂ ਪੂਰੀ ਤਰਾਂ ਫੇਲ੍ਹ ਹਨ।ਗਰੀਬ ਪਰਿਵਾਰਾਂ ਦੇ ਹੋਣਹਾਰ ਖਿਡਾਰੀਆਂ ਨੂੰ ਸਰਕਾਰ ਅੱਖੋਂ ਪਰੋਖੇ ਕਰ ਰਹੀ ਹੈ।ਕੈਪਟਨ ਅਮਰਿੰਦਰ ਸਿੰਘ ਦੀ ਸ਼੍ਰੀ ਗੁਟਕਾ ਸਾਹਿਬ ਨੂੰ ਹੱਥ ‘ਚ ਫੜ ਕੇ ਖਾਧੀ ਸਹੁੰ ਹੁਣ ਬਿਲਕੁੱਲ ਝੂਠ ਸਾਬਤ ਹੋ ਗਈ ਹੈ।ਜਿਸ ਕਾਰਨ ਪੰਜਾਬ ਵਿੱਚ ਨਕਲੀ ਸ਼ਰਾਬ ਨਾਲ ਹੋਈਆਂ ਸੈਂਕੜੇ ਮੌਤਾਂ ਦੇ ਵਿਰੋਧ ਵਿੱਚ ਕਾਂਗਰਸੀ ਆਗੂ ਆਪਣੀ ਹੀ ਸਰਕਾਰ ਨੂੰ ਘੇਰਦੇ ਨਜ਼ਰ ਆ ਰਹੇ ਹਨ।
ਇਸ ਮੌਕੇ ਸਵੀਤਾ ਦੇ ਮਾਤਾ-ਪਿਤਾ ਤੋਂ ਇਲਾਵਾ ਧਰਮਿੰਦਰ ਸਿੰਘ ਕੌਲਸੇੜੀ, ਰਣਜੀਤ ਸਿੰਘ ਰੰਧਾਵਾ, ਨਿਰਮਲਜੀਤ ਬਿੱਲੂ, ਤਰਸਪਾਲ, ਨਿਰਭੈ ਸਿੰਘ, ਭੁਪਿੰਦਰ ਪਾਲ ਮਿੱਠਾ, ਰਾਜਿੰਦਰ ਸਿੰਘ, ਅਮਰੀਕ ਸਿੰਘ, ਮਿੱਠੂ, ਜਸਪਾਲ ਸਿੰਘ, ਬਲਵਿੰਦਰ ਸਿੰਘ, ਦਰਸ਼ਨ ਬਿਰਦੀ ਅਤੇ ਗੋਨਾ ਜਵੰਧਾ ਆਦਿ ਹਾਜ਼ਰ ਸਨ।
Check Also
ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ
ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media