Wednesday, July 8, 2026

ਕਪੂਰਥਲੇ ‘ਚ ਕਰੋਨਾ ਦੇ 162 ਐਕਟਿਵ ਕੇਸ, ਲੋਕ ਸਥਿਤੀ ਦੀ ਗੰਭੀਰਤਾ ਨੂੰ ਸਮਝਣ – ਡਿਪਟੀ ਕਮਿਸ਼ਨਰ

ਜਿੰਮ ਤੇ ਯੋਗ ਕੇਂਦਰਾਂ ‘ਚ ਹਦਾਇਤਾਂ ਦੀ ਪਾਲਣਾ ਐਸ.ਡੀ.ਐਮ ਤੇ ਡੀ.ਐਸ.ਪੀ ਯਕੀਨੀ ਬਣਾਉਣਗੇ

ਕਪੂਰਥਲਾ, 5 ਅਗਸਤ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਨੇ ਅੱਜ ਦੱਸਿਆ ਹੈ ਕਿ ਕਪੂਰਥਲੇ ਅੰਦਰ ਕਰੋਨਾ ਸਬੰਧੀ 162 ਕੇਸ ਐਕਟਿਵ ਹਨ ਅਤੇ ਪਿਛਲੇ ਕੁੱਝ ਦਿਨਾਂ ਦੌਰਾਨ ਜਿਥੇ ਪਾਜ਼ਟਿਵ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ, ਉੱਥੇ ਹੀ ਸਿਹਤ ਵਿਭਾਗ ਵਲੋਂ ਟੈਸਟ ਕਰਨ ਵਿੱਚ ਵੀ ਤਜ਼ੀ ਲਿਆਂਦੀ ਗਈ ਹੈ ।
               ਅੱਜ ਫੇਸਬੁੱਕ ਅਤੇ ਹੋਰ ਮਾਧਿਅਮਾਂ ਰਾਹੀਂ ਲੋਕਾਂ ਦੇ ਰੁਬਰੂ ਹੁੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕ ਕਰੋਨਾ ਵਾਇਰਸ ਨੂੰ ਗੰਭੀਰਤਾ ਨਾਲ ਲੈਣ ਕਿਉਂਕਿ ਜ਼ਿਲ੍ਹੇ ਅੰਦਰ ਕਰੋਨਾ ਨਾਲ ਹੁਣ ਤੱਕ 12 ਮੌਤਾਂ ਹੋ ਚੁੱਕੀਆਂ ਹਨ।ਉਹਨਾਂ ਕਿਹਾ ਕਿ ਲੋਕ ਆਪਣੀ ਸਮਾਜਿਕ ਜਿੰਮੇਵਾਰੀ ਸਮਝਦੇ ਹੋਏ ਸਿਹਤ ਸਬੰਧੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ ।
              ਜਿੰਮ ਤੇ ਯੋਗਾ ਕੇਂਦਰ ਖੋਲੇ ਜਾਣ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਸਬੰਧਤ ਐਸ.ਡੀ.ਐਮ ਅਤੇ ਡੀ.ਐਸ.ਪੀ ਇਹ ਯਕੀਨੀ ਬਣਾਉਣਗੇ ਕਿ ਜਿੰਮ ਤੇ ਯੋਗ ਕੇਂਦਰ ਮਾਲਕਾਂ ਵਲੋਂ ਅਤੇ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ, ਕਿਉਂਕਿ ਜਿੰਮ ਵਿੱਚ ਪਸੀਨੇ ਨਾਲ ਵਾਇਰਸ ਦੇ ਫੈਲਣ ਦਾ ਖਤਰਾ ਬਹੁਤ ਜਿਆਦਾ ਹੈ।ਉਹਨਾਂ ਕਿਹਾ ਕਿ ਜਿੰਮ ਅੰਦਰ ਮਸ਼ੀਨਾਂ ਨੂੰ ਲਗਾਤਾਰ ਸੈਨੇਟਾਈਜ਼ ਕੀਤਾ ਜਾਵੇ।ਉਹਨਾਂ ਇਹ ਵੀ ਸਪੱਸ਼ਟ ਕੀਤਾ ਕਿ ਸਪਾ ਤੇ ਸਵੀਮਿੰਗ ਪੂਲ ਫਿਲਹਾਲ ਪੂਰੀ ਤਰ੍ਹਾਂ ਬੰਦ ਰਹਿਣਗੇ ।
ਕਰੋਨਾ ਦੀ ਜੰਗ ਜਿੱਤਣ ਵਾਲੇ ਲੋਕਾਂ ਦੇ ਹੌਸਲੇ ਦੀ ਸ਼ਲਾਘਾ ਕਰਦਿਆਂ ਉਹਨਾਂ ਕਰੋਨਾ ਯੋਧਿਆਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਪ੍ਰਤੀ ਆਪਣੇ ਫਰਜ਼ਾਂ ਦੀ ਪੂਰਤੀ ਲਈ ਪਲਾਜ਼ਮਾ ਦਾਨ ਕਰਨ, ਜਿਸ ਲਈ ਸਿਹਤ ਵਿਭਾਗ ਵਲੋਂ ਲੋੜੀਂਦੀ ਸਹਾਇਤਾ ਕੀਤੀ ਜਾਵੇਗੀ ।
             ਉਨਾਂ ਨੇ ਧਾਰਮਿਕ ਸਥਾਨਾਂ, ਸੰਸਥਾਵਾਂ ਦੇ ਮੁੱਖੀਆਂ, ਸਮਾਜਿਕ ਤੇ ਰਾਜਨੀਤਿਕ ਆਗੂਆਂ ਨੂੰ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਧਾਰਾ 144 ਕਾਰਨ ਕਿਸੇ ਵੀ ਤਰ੍ਹਾਂ ਦੇ ਇਕੱਠ `ਤੇ ਮੁਕੰਮਲ ਰੋਕ ਹੈ।ਜਿਸ ਕਰਕੇ ਆਗੂ ਇਹ ਯਕੀਨੀ ਬਣਾਉਣ ਕਿ ਉਹਨਾਂ ਦੀ ਸੰਸਥਾ ਵਿੱਚ ਜਾਂ ਉਹਨਾਂ ਅਗਵਾਈ ਹੇਠ ਕਿਸੇ ਤਰ੍ਹਾਂ ਦਾ ਕੋਈ ਇਕੱਠ ਨਾ ਹੋਵੇ।
              ਡਿਪਟੀ ਕਮਿਸ਼ਨਰ ਨੇ ਮੈਮੋਰੰਡਮ ਦੇਣ ਲਈ ਆਉਣ ਵਾਲਿਆਂ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਿੱਜੀ ਤੌਰ ‘ਤੇ ਕਿਸੇ ਵੀ ਤਰ੍ਹਾਂ ਦੇ ਮੈਮੋਰੰਡਮ ਦੇਣ ‘ਤੇ ਰੋਕ ਲਗਾਈ ਗਈ ਹੈ ਅਤੇ ਲੋਕ ਆਪਣੇ ਮੰਗ ਪੱਤਰ dckapurthala@gmail.com
‘ਤੇ ਭੇਜਣ।ਉਹਨਾਂ ਕਿਹਾ ਕਿ ਇਸ ਈਮੇਲ ਮੇਲ ਉਪਰ ਪ੍ਰਾਪਤ ਮੰਗ ਪੱਤਰਾਂ ‘ਤੇ ਲੋੜ ਅਨੁਸਾਰ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …