ਕੋਵਿਡ-19 ਪਾਜ਼ਿਟਵ ਆਏ ਵਿਅਕਤੀ ਨੂੰ ਵੀ ਹੁਣ ਘਰ ਵਿਚ ਕੀਤਾ ਜਾ ਸਕਦੈ ਇਕਾਂਤਵਾਸ
ਅੰਮ੍ਰਿਤਸਰ, 14 ਅਗਸਤ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਨੂੰ ਖਤਮ ਕਰਨ
ਲਈ ਸਰਕਾਰ ਦਾ ਸਾਥ ਦੇਣ ਅਤੇ ਥੋੜ੍ਹਾ ਜਿਹਾ ਸ਼ੱਕ ਪੈਣ ‘ਤੇ ਵੀ ਆਪਣਾ ਟੈਸਟ ਕਰਵਾਉਣ ਲਈ ਸਿਹਤ ਵਿਭਾਗ ਨਾਲ ਰਾਬਤਾ ਕਰਨ।ਉਨਾਂ ਦੱਸਿਆ ਕਿ ਹਸਪਤਾਲਾਂ ਤੋਂ ਇਲਾਵਾ ਅਸੀਂ ਇਕ ਮੋਬਾਈਲ ਵੈਨ ਪਹਿਲਾਂ ਨਮੂਨੇ ਲੈਣ ਲਈ ਤਿਆਰ ਕਰਵਾਈ ਹੈ ਅਤੇ ਇਕ ਹੋਰ ਵੈਨ ਸ਼ੁਰੂ ਕਰਨ ਜਾ ਰਹੇ ਹਾਂ, ਤਾਂ ਕਿ ਲੋਕਾਂ ਨੂੰ ਟੈਸਟ ਕਰਵਾਉਣ ਲਈ ਵੀ ਦੂਰ ਨਾ ਜਾਣਾ ਪਵੇ।ਖਹਿਰਾ ਨੇ ਦੱਸਿਆ ਕਿ ਹੁਣ ਤੱਕ ਅੰਮ੍ਰਿਤਸਰ ਜਿਲ੍ਹੇ ਵਿਚ 60 ਹਜ਼ਾਰ ਲੋਕਾਂ ਦੇ ਨਮੂਨੇ ਲਏ ਜਾ ਚੁੱਕੇ ਹਨ। ਇੰਨਾਂ ਵਿਚੋਂ 2574 ਮਰੀਜ਼ ਪਾਜ਼ਿਟਵ ਆਏ ਹਨ। ਇਸ ਤੋਂ ਇਲਾਵਾ ਵੱਖ-ਵੱਖ ਹਸਪਤਾਲਾਂ ਅਤੇ ਘਰਾਂ ਵਿਚ 514 ਐਕਟਿਵ ਕੇਸ ਹਨ ਅਤੇ ਬਦਕਿਸਮਤੀ ਨਾਲ 101 ਲੋਕਾਂ ਦੀ ਮੌਤ ਬੀਤੀ ਸ਼ਾਮ ਤੱਕ ਹੋਈ ਹੈ।
ਡੀ.ਸੀ ਖਹਿਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ੇ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ ਇਸ ਵੇੇਲੇ ਬਤੌਰ ਨੋਡਲ ਅਫਸਰ ਕੋਵਿਡ-19 ਕੰਮ ਕਰ ਰਹੇ ਹਨ ਅਤੇ ਉਨਾਂ ਦੀ ਡਿਊਟੀ ਇਸੇ ਕੰਮ ‘ਤੇ ਲਗਾਈ ਹੈ, ਕਿ ਉਹ ਸਿਹਤ ਸਹੂਲਤਾਂ ਦਾ ਬਰਾਬਰ ਜਾਇਜ਼ਾ ਲੈਂਦੇ ਰਹਿਣ, ਤਾਂ ਜੋ ਮਰੀਜ਼ਾਂ ਦੀ ਦੇਖਭਾਲ ਵਿਚ ਰਤੀ ਭਰ ਵੀ ਕੁਤਾਹੀ ਨਾ ਹੋਵੇ।ਉਨਾਂ ਕਿਹਾ ਕਿ ਉਕਤ ਬਿਮਾਰੀ ਨਾਲ ਲੜਨ ਲਈ ਜ਼ਰੂਰੀ ਹੈ ਕਿ ਹਰੇਕ ਵਾਸੀ ਮਾਸਕ ਪਾਵੇ, ਹੱਥਾਂ ਦੀ ਸਫਾਈ ਕਰਦਾ ਰਹੇ ਅਤੇ ਆਪਸੀ ਦੂਰੀ ਰੱਖੋ।ਪਰ ਚਿੰਤਾ ਵਾਲੀ ਗੱਲ ਇਹ ਹੈ ਕਿ ਸਾਨੂੰ ਸਾਰਿਆਂ ਨੂੰ ਇਹ ਗੱਲਾਂ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਲਾਪਰਵਾਹੀ ਕਰ ਰਹੇ ਹਾਂ। ਲੋਕਾਂ ਵਿਚ ਕਿਧਰੇ ਨਾ ਕਿਧਰੇ ਇਹ ਵੀ ਧਾਰਨਾ ਬਣੀ ਹੈ ਕਿ ਇਸ ਬਿਮਾਰੀ ਨਾਲ ਕੁੱਝ ਨਹੀਂ ਹੁੰਦਾ, ਐਂਵੇ ਡਰ ਸੀ।ਪਰ ਇਹ ਗੱਲ ਉਨਾਂ ਲੋਕਾਂ ਲਈ ਤਾਂ ਸਹੀ ਹੋ ਸਕਦੀ ਹੈ, ਜੋ ਕਿ ਰਿਸ਼ਟ-ਪੁਸ਼ਟ ਹੋਣ ਅਤੇ ਉਨਾਂ ਵਿਚ ਬਿਮਾਰੀ ਦਾ ਲੱਛਣ ਹੀ ਨਾ ਆਵੇ, ਪਰ ਇਹ ਹਾਲਾਤ ਸਾਰੇ ਮਰੀਜ਼ਾਂ ‘ਤੇ ਲਾਗੂ ਨਹੀਂ ਹੁਦੀ।ਹੋ ਸਕਦਾ ਹੈ ਕਿ ਤੁਹਾਡੇ ਘਰ ਕੋਈ ਬਜ਼ੁਰਗ, ਕਿਧਰੇ ਬੱਚਾ, ਹੋਰ ਬਿਮਾਰੀਆਂ ਦਾ ਮਰੀਜ਼ ਹੋਣ, ਜੋ ਤੁਹਾਡੇ ਸੰਪਰਕ ਵਿਚ ਆ ਕੇ ਬਿਮਾਰ ਹੋ ਜਾਣ ਤੇ ਉਨਾਂ ਦੀ ਜਾਨ ਨੂੰ ਖ਼ਤਰਾ ਤੁਹਾਡੇ ਕਰਕੇ ਬਣ ਜਾਵੇ। ਇਸ ਲਈ ਕਿਸੇ ਵੀ ਹਾਲਤ ਵਿਚ ਇਸ ਬਿਮਾਰੀ ਨੂੰ ਹਲਕੇ ਵਿਚ ਨਾ ਲਿਆ ਜਾਵੇ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਨੂੰ ਪੱਲੇ ਬੰਨਦੇ ਹੋਏ ਲੋਕ ਆਪਣੇ ਕੰਮ-ਕਾਰ ਕਰਨ।ਖਹਿਰਾ ਨੇ ਕਿਹਾ ਕਿ ਪਹਿਲਾਂ ਤਾਂ ਲੋਕਾਂ ਨੂੰ ਇਹ ਡਰ ਹੁੰਦਾ ਸੀ ਕਿ ਸਾਨੂੰ ਸ਼ਾਇਦ ਹਸਪਤਾਲ ਨਾ ਲੈ ਜਾਣ, ਪਰ ਹੁਣ ਤਾਂ ਉਹ ਵੀ ਗੱਲ ਨਹੀਂ ਰਹੀ।ਕੋਵਿਡ ਦੇ ਮਰੀਜ਼ ਨੂੰ ਵੀ ਉਸ ਦੀ ਸਹੂਲਤ ਲਈ ਘਰ ਵਿਚ ਹੀ ਇਕਾਂਤਵਾਸ ਰੱਖਿਆ ਜਾ ਰਿਹਾ ਹੈ, ਪਰ ਜ਼ਰੂਰੀ ਹੈ ਕਿ ਉਹ ਕੇਵਲ ਆਪਣੇ ਕਮਰੇ ਤੱਕ ਹੀ ਸੀਮਤ ਰਹੇ।
Punjab Post Daily Online Newspaper & Print Media