ਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਸ਼ੁਰੂ ਕੀਤੀ ਗਈ ਰਾਜ ਪੱਧਰੀ ਮੁਹਿੰਮ ਤਹਿਤ ਸਤੰਬਰ
ਮਹੀਨੇ ਜਿਲ੍ਹਾ ਅੰਮ੍ਰਿਤਸਰ ਵਿਚ ਬਲਾਕ ਪੱਧਰ ‘ਤੇ ਰੋਜ਼ਗਾਰ ਮੇਲੇ ਲਗਾਏ ਜਾਣਗੇ।ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਣਬੀਰ ਸਿੰਘ ਮੂਧਲ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਦੀ ਅਗਵਾਈ ਹੇਠ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਇੰਨਾਂ ਮੇਲਿਆਂ ਦੀ ਤਿਆਰੀ ਕੀਤੀ ਜਾ ਚੁੱਕੀ ਹੈ ਅਤੇ ਇਸ ਵਾਰ ਰੋਜ਼ਗਾਰ ਦੇ ਨਾਲ-ਨਾਲ ਆਉਣ ਵਾਲੇ ਉਮੀਦਵਾਰਾਂ ਦੀ ਸਿਹਤ ਨੂੰ ਲੈ ਕੇ ਪੂਰੀ ਤਿਆਰੀ ਕੀਤੀ ਜਾ ਰਹੀ ਹੈ, ਤਾਂ ਜੋ ਕੋਵਿਡ ਦੇ ਫੈਲਾਅ ਤੋਂ ਬਚਿਆ ਜਾ ਸਕੇ।
ਉਨਾਂ ਦੱਸਿਆ ਕਿ ਇਹ ਮੇਲੇ 2 ਸਤੰਬਰ ਤੋਂ 14 ਸਤੰਬਰ ਤੱਕ ਲਗਾਏ ਜਾ ਰਹੇ ਹਨ, ਜਿਸ ਵਿੱਚ 2 ਨੂੰ ਰਈਆ, 3 ਨੂੰ ਤਰਸਿੱਕਾ, 4 ਨੂੰ ਹਰਸ਼ਾ ਛੀਨਾ, 7 ਨੂੰ ਅਜਨਾਲਾ, 8 ਨੂੰ ਚੋਗਾਵਾਂ, 9 ਨੂੰ ਅਟਾਰੀ, 10 ਨੂੰ ਜੰਡਿਆਲਾ ਗੁਰੂ, 11 ਨੂੰ ਵੇਰਕਾ ਅਤੇ 14 ਨੂੰ ਮਜੀਠਾ ਵਿਖੇ ਰੋਜ਼ਗਾਰ ਮੇਲੇ ਲਗਾਏ ਜਾਣਗੇ।ਇਹ ਮੇਲੇ ਬੀ.ਡੀ.ਪੀ.ਓ ਦਫਤਰਾਂ ਵਿੱਚ ਲਗਾਏ ਜਾਣਗੇ ਅਤੇ ਮੇਲਿਆਂ ਵਿਚ ਨਾਮੀ ਕੰਪਨੀਆਂ ਜਿਵੇਂ ਕਿ ਐਸ.ਬੀ.ਆਈ.ਲਾਈਫ, ਪੁਖਰਾਜ, ਐਲ.ਆਈ.ਸੀ, ਅਜਾਇਲ ਹਰਬਲ ਅਤੇ ਐਸ.ਆਈ.ਐਸ ਸਕਿਉਰਟੀ ਭਾਗ ਲੈਣਗੀਆਂ।ਕੰਪਨੀਆਂ ਵੱਲੋਂ ਰੋਜ਼ਗਾਰ ਮੇਲੇ ਦੇ ਦਿਨ ਮੌਕੇ ‘ਤੇ ਹੀ ਇੰਟਰਵਿਊ ਕਰਕੇ ਚੋਣ ਕੀਤੀ ਜਾਵੇਗੀ।ਮੈਗਾ ਰੋਜ਼ਗਾਰ ਮੇਲਿਆਂ ਵਿਚ ਕੰਪਨੀਆਂ ਵੱਲੋਂ ਨੌਜਵਾਨਾਂ ਨੂੰ ਅਸਾਮੀਆਂ ਅਤੇ ਕੰਮ ਦੇ ਅਧਾਰ ‘ਤੇ 10 ਹਜ਼ਾਰ ਤੋਂ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਤਨਖਾਹ ਦੀ ਪੇਸ਼ਕਸ਼ ਕੀਤੀ ਜਾਵੇਗੀ।
ਉਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਰੋਜ਼ਗਾਰ ਪ੍ਰਾਪਤ ਕਰਨ ਲਈ ਇੰਨਾਂ ਮੇਲਿਆਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media