Saturday, April 11, 2026

ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਦੁਕਾਨਦਾਰਾਂ ਨੂੰ ਕਰੋਨਾ ਤੋਂ ਬਚਾਅ ਬਾਰੇ ਕੀਤਾ ਜਾਗਰੂਕ

ਸਦਰ ਬਜ਼ਾਰ ਦਾ ਦੌਰਾ ਕਰਕੇ ਲੋਕਾਂ ਨੂੰ ਮਾਸਕ ਪਾਉਣ ਲਈ ਪ੍ਰੇਰਿਆ
ਕਪੂਰਥਲਾ, 3 ਸਤੰਬਰ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਰੋਨਾ ਤੋਂ ਬਚਾਅ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਅਹਿਮ ਕਦਮ ਚੁੱਕਦਿਆਂ ਅੱਜ ਖੁੱਦ ਸਦਰ ਬਾਜ਼ਾਰ ਦਾ ਦੌਰਾ ਕਰਕੇ ਦੁਕਾਨਦਾਰਾਂ ਅਤੇ ਬਾਜ਼ਾਰ ਵਿੱਚ ਚੱਲ ਰਹੇ ਲੋਕਾਂ ਨੂੰ ਮਾਸਕ ਪਾਉਣ ਅਤੇ ਕਰੋਨਾ ਤੋਂ ਬਚਾਅ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਸਬੰਧੀ ਪ੍ਰੇਰਿਤ ਕੀਤਾ।ਉਹਨਾਂ ਦੁਕਾਨਦਾਰਾਂ ਨੂੰ ਕਿਹਾ ਕਿ ਉਹ ਜਿਥੇ ਆਪ ਸਿਹਤ ਪ੍ਰੋਟੋਕੋਲ ਦੀ ਪਾਲਣਾ ਕਰਨ ਉੱਥੇ ਹੀ ਗਾਹਕਾਂ ਨੂੰ ਵੀ ਇਸ ਸਬੰਧੀ ਸੁਚੇਤ ਕੀਤਾ ਜਾਵੇ।
                 ਉਹਨਾਂ ਇਕ ਵੀਡੀਓ ਸੰਦੇਸ਼ ਰਾਹੀਂ ਵੀ ਲੋਕਾਂ ਦੇ ਮੁਖਾਤਿਬ ਹੁੰਦਿਆਂ ਕਿਹਾ ਕਿ ਸਿਹਤ ਮੰਤਰਾਲੇ ਵੱਲੋਂ ਜਾਰੀ ਐਡਵਾਈਜ਼ਰੀ ਅਨੁਸਾਰ ਸਤੰਬਰ ਵਿੱਚ ਕਰੋਨਾ ਆਪਣੀ ਚਰਮ ਸੀਮਾ `ਤੇ ਹੋਵੇਗਾ।ਜਿਸ ਕਰਕੇ ਲੋਕ ਕਰੋਨਾ ਮਹਾਂਮਾਰੀ ਤੋਂ ਬਚਣ ਲਈ ਹਦਾਇਤਾਂ ਦੀ ਪਾਲਣਾ ਕਰਨ।
ਉਹਨਾਂ ਦੱਸਿਆ ਕਿ ਉਹ ਖੁੱਦ 18 ਦਿਨ ਬਾਅਦ ਲੋਕਾਂ ਵਿੱਚ ਆਏ ਹਨ, ਕਿਉਂ ਜੋ ਉਹਨਾਂ ਦੇ 8 ਪਰਿਵਾਰਿਕ ਮੈਂਬਰ ਜਿਸ ਵਿੱਚ ਬੱਚੇ ਵੀ ਸ਼ਾਮਲ ਹਨ, ਕਰੋਨਾ ਪਾਜ਼ਟਿਵ ਹੋ ਗਏ ਸਨ।ਉਹਨਾਂ ਦੱਸਿਆ ਕਿ ਇਸ ਵਾਇਰਸ ਤੋਂ ਬਚਣ ਦਾ ਇਕੋ ਹੱਲ ਸਰੀਰਕ ਦੂਰੀ ਹੈ।ਜਿਸ ਕਰਕੇ ਸਾਨੂੰ ਆਪਣੀ ਸਮਾਜਿਕ ਜਿੰਮੇਵਾਰੀ ਸਮਝਦੇ ਹੋਏ ਮਾਸਕ ਪਾਉਣ, ਹੱਥ ਧੋਣ ਵਰਗੇ ਮੁੱਢਲੇ ਉਪਾਅ ਕਰਨੇ ਚਾਹੀਦੇ ਹਨ, ਉਥੇ ਹੀ ਕਰੋਨਾ ਟੈਸਟ ਕਰਵਾਉਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਕਰੋਨਾ ਪਾਜੀਟਿਵ ਲੋਕਾਂ ਲਈ ਘਰੇਲੂ ਇਕਾਂਤਵਾਸ ਦੀ ਸਹੂਲਤ ਦਿੱਤੀ ਗਈ ਹੈ, ਜਿਸ ਕਰਕੇ ਸਾਨੂੰ ਇਸ ਬਿਮਾਰੀ ਤੋਂ ਘਬਰਾਉਣ ਦੀ ਲੋੜ ਨਹੀਂ।
                 ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜੇਕਰ ਉਹਨਾਂ ਨੂੰ ਲੱਛਣ ਨਹੀਂ ਵੀ ਹਨ ਤਾਂ ਵੀ ਉਹ ਪਾਜੀਟਿਵ ਹੋ ਸਕਦੇ ਹਨ।ਜਿਸ ਕਰਕੇ ਲੋਕ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸਹਿਯੋਗ ਦੇਣ ਅਤੇ ਆਪਣਾ ਟੈਸਟ ਜ਼ਰੂਰ ਕਰਵਾਉਣ।
                ਉਹਨਾਂ ਇਹ ਵੀ ਦੱਸਿਆ ਕਿ ਬਰਸਾਤੀ ਮੌਸਮ ਦੇ ਖਤਮ ਹੋਣ ਦੇ ਮੱਦੇਨਜਰ ਸ਼ਹਿਰ ਵਿੱਚ ਸੈਨੀਟਾਈਜ ਮੁਹਿੰਮ ਤਹਿਤ ਹਾਈਡਰੋ ਕਲੋਰਾਈਨ ਦਾ ਛਿੜਕਾਅ ਜਲਦ ਸ਼ੁਰੂ ਕੀਤਾ ਜਾ ਰਿਹਾ ਹੈ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …