ਉਸਾਰੀ ਮਜ਼ਦੂਰਾਂ ਨੂੰ ਬੋਰਡ ‘ਚ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ
ਪਠਾਨਕੋਟ, 14 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸਨ ਵਰਕਰਜ ਵੈਲਫੇਅਰ ਬੋਰਡ ਵਿੱਚ ਰਜਿਸਟਰਡ ਉਸਾਰੀ
ਅਧੀਨ ਕੰਮ ਕਰਦੇ ਕਿਰਤੀਆਂ ਵਲੋਂ ਤਹਿਸੀਲ ਪਠਾਨਕੋਟ ‘ਚ ਬੋਰਡ ਦੀਆਂ ਵੱਖ-ਵੱਖ ਸਕੀਮਾਂ ਤਹਿਤ ਦਿੱਤੀਆਂ ਗਈਆਂ ਅਰਜਜ਼ੀਆਂ ਹਿੱਤ ਚੇਅਰਮੈਨ ਗੁਰਸਿਮਰਨ ਸਿੰਘ ਢਿਲੋਂ ਉਪ ਮੰਡਲ ਮੈਜਿਸਟ੍ਰੇਟ, ਪਠਾਨਕੋਟ ਅਤੇ ਕੁੰਵਰ ਡਾਵਰ ਸਹਾਇਕ ਕਿਰਤ ਕਮਿਸ਼ਨਰ ਪਠਾਨਕੋਟ ਅਤੇ ਮਨੋਜ ਸ਼ਰਮਾ ਲੇਬਰ ਇੰਨਫੋਰਸਮੈਂਟ ਅਫਸਰ ਪਠਾਨਕੋਟ ਦੀ ਪ੍ਰਧਾਨਗੀ ‘ਚ ਇੱਕ ਮੀਟਿੰਗ ਐਸ.ਡੀ.ਐਮ ਦਫਤਰ ਵਿਖੇ ਕੀਤੀ ਗਈ।
ਮੀਟਿੰਗ ਵਿਚ ਉਸਾਰੀ ਕਿਰਤੀਆਂ ਵਲੋਂ ਅਪਲਾਈ ਕੀਤੀਆਂ ਗਈਆਂ 101 ਅਰਜ਼ੀਆਂ ਦੀ ਬਣਦੀ ਰਕਮ 1485320 /- ਰੁਪਏ ਪਾਸ ਕੀਤੇ ਗਏ।ਮੀਟਿੰਗ ਵਿੱਚ ਐਕਸੀਅਨ ਲੋਕ ਨਿਰਮਾਣ ਵਿਭਾਗ ਪਠਾਨਕੋਟ, ਮਿਊਂਸਪਲ ਕਾਰਪੋਰੇਸ਼ਨ ਪਠਾਨਕੋਟ, ਜਿਲ੍ਹਾ ਮਾਰਕਫੈਡ ਪਠਾਨਕੋਟ, ਐਕਸੀਅਨ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਪਵਾਨਕੋਟ, ਐਕਸੀਅਨ ਪੀ.ਐਸ.ਪੀ.ਸੀ.ਐਲ ਪਠਾਨਕੋਟ ਆਦਿ ਵੀ ਮੌਜੂਦ ਸਨ।
ਕੁੰਵਰ ਡਾਵਰ ਸਹਾਇਕ ਕਿਰਤ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਤੋਂ ਆਏ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਅਧੀਨ ਆਉਂਦੇ ਉਸਾਰੀ ਕਿਰਤੀਆਂ ਨੂੰ ਬੀ.ਓ.ਸੀ ਬੋਰਡ ਵਿੱਚ ਬਤੋਰ ਲਾਭਪਾਤਰੀ ਰਜਿਸਟਰਡ ਕਰਵਾਉਣ ਤਾਂ ਜੋ ਬੋਰਡ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਲਾਭ ਉਨ੍ਹਾਂ ਕਿਰਤੀਆਂ ਨੂੰ ਵੀ ਮਿਲ ਸਕੇ। ਉਨਾਂ ਕਿਹਾ ਕਿ ਰਾਜ ਮਿਸਤਰੀ/ਇੱਟਾਂ/ਸੀਮਿੰਟ ਪਕੜਾਉਣ ਵਾਲੇ ਮਜ਼ਦੂਰ, ਕਾਰਪੇਂਟਰ, ਪੇਂਟਰ, ਇਲੈਕਟ੍ਰੀਸ਼ਨ, ਪਲੰਬਰ, ਪੱਥਰ ਦੀ ਰਗੜਾਈ ਕਰਨ ਵਾਲਾ, ਪੀ.ਓ.ਪੀ ਕਰਨ ਵਾਲੇ, ਸੜਕਾਂ ਬਣਾੳਣ ਵਾਲੇ ਉਸਾਰੀ ਕੰਮ ਨਾਲ ਸਬੰਧਤ ਕਿਰਤੀ, ਭੱਠਿਆਂ ਤੇ ਪਥੇਰ. ਕੱਚੀ ਇੱਟ ਦੀ ਭਰਾਈ ਵਾਲੇ, ਸ਼ੀਸ਼ੇ ਲਗਾਉਣ ਵਾਲੇ ਉਸਾਰੀ ਮਜ਼ਦੂਰ ਅਖਵਾਉਂਦੇ ਹਨ। ਉਸਾਰੀ ਕਿਰਤੀ ਨੂੰ ਰਜਿਸਟਰਡ ਹੋਣ ਵਾਸਤੇ ਉਮਰ 18 ਤੋਂ 60 ਸਾਲ ਵਿਚਕਾਰ ਹੋਵੇ ਅਤੇ ਪਿਛਲੇ 12 ਮਹੀਨਿਆਂ ਦੌਰਾਨ ਪੰਜਾਬ ਰਾਜ ਵਿਚ ਘੱਟ ਤੋਂ ਘੱਟ 90 ਦਿਨ ਬਤੋਰ ਉਸਾਰੀ ਕਿਰਤੀ ਕੰਮ ਕੀਤਾ ਹੋਵੇ।
ਉਨ੍ਹਾਂ ਇਹ ਵੀ ਦੱਸਿਆ ਕਿ ਰਜਿਸਟਰਡ ਹੋਣ ਲਈ ਕਿਰਤੀ ਆਪਣੇ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਅਧਾਰ ਕਾਰਡ, ਆਪਣੇ ਬੈਂਕ ਖਾਤੇ ਦੀ ਕਾਪੀ, ਪਰਿਵਾਰਕ ਫੋਟੋ, 27 ਨੰਬਰ ਵਾਰਮ (ਸਵੈ ਘੋਸਣਾ ਪੱਤਰ), 29 ਨੰਬਰ ਫਾਰਮ ਤਿਆਰ ਕਰਕੇ ਆਪਣੇ ਨੇੜੇ ਦੇ ਸੇਵਾ ਕੇਂਦਰ ਜਾ ਕੇ ਆਪਣੇ ਆਪ ਨੂੰ ਬਤੋਰ ਲਾਭਪਾਤਰੀ ਬੋਰਡ ਵਿੱਚ ਰਜਿਸਟਰਡ ਕਰਵਾ ਸਕਦਾ ਹੈ।ਜਿਸ ਲਈ ਕਿਰਤੀ ਨੂੰ 25/- ਰੁਪਏ ਇਕ ਵਾਰ ਰਜਿਸਟ੍ਰੇਸ਼ਨ ਫੀਸ ਅਤੇ 7 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ 3 ਸਾਲ ਦਾ ਇਕੱਠਾ 30 ਰੁਪਏ (ਕੁੱਲ 385/- ਰੁਪਏ) ਅੰਸ਼ਦਾਨ ਸੇਵਾ ਕੇਂਦਰ ਵਿੱਚ ਹੀ ਜਮਾਂ ਕਰਵਾਉਣਾ ਪਏਗਾ।
Punjab Post Daily Online Newspaper & Print Media