ਗੁਰਦੁਆਰੇ ਨੂੰ ਜਾਂਦੇ ਸਾਰੇ ਰਸਤਿਆਂ ਅਤੇ ਚੌਕਾਂ ਦੀ ਬਦਲੇਗੀ ਤਸਵੀਰ
ਅੰਮ੍ਰਿਤਸਰ, 27 ਸਤੰਬਰ (ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ.ਪੀ ਸੋਨੀ ਨੇ ਅੱਜ ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ,
ਜਿੰਨਾਂ ਦਾ 400 ਸਾਲਾ ਪ੍ਰਕਾਸ਼ ਵਰ੍ਹਾ ਪੰਜਾਬ ਸਰਕਾਰ ਮਨਾ ਰਹੀ ਹੈ, ਦੇ ਆਲੇ-ਦੁਆਲੇ ਕੀਤੇ ਜਾਣ ਵਾਲੇ ਕੰਮਾਂ ਦਾ ਜਾਇਜ਼ਾ ਜਿਲ੍ਹਾ ਅਧਿਕਾਰੀਆਂ ਨਾਲ ਪਹੁੰਚ ਕੇ ਲਿਆ।ਉਨਾਂ ਨਾਲ ਮੇਅਰ ਕਰਮਜੀਤ ਸਿੰਘ ਰਿੰਟੂ, ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਕਮਿਸ਼ਨਰ ਕਾਰਪੋਰੇਸ਼ਨ ਸ੍ਰੀਮਤੀ ਕੋਮਲ ਮਿੱਤਲ, ਚੇਅਰਮੈਨ ਅਰੁਣ ਪੱਪਲ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
ਸੋਨੀ ਨੇ ਸਾਰੇ ਅਧਿਕਾਰੀਆਂ ਨਾਲ ਗੁਰਦੁਆਰਾ ਗੁਰੂ ਕਾ ਮਹਿਲ ਪਹੁੰਚ ਕੇ ਮੱਥਾ ਟੇਕਿਆ ਅਤੇ ਉਥੇ ਗੁਰਦੁਆਰਾ ਪ੍ਰਬੰਧਕਾਂ ਨਾਲ ਵੀ ਮੀਟਿੰਗ ਕੀਤੀ।ਸੋਨੀ ਨੇ ਗੁਰਦੁਆਰਾ ਸਾਹਿਬ ਨੂੰ ਜਾਂਦੇ ਰਸਤੇ ਉਤੇ ਗੇਟ ਬਣਾਉਣ ਲਈ 10 ਲੱਖ ਰੁਪਏ ਅਤੇ ਹੋਰ ਕੰਮਾਂ ਲਈ 50 ਲੱਖ ਰੁਪਏ ਖਰਚ ਕਰਨ ਦਾ ਐਲਾਨ ਕੀਤਾ।ਗੁਰਦੁਆਰਾ ਪ੍ਰਬੰਧਕਾਂ ਵੱਲੋਂ ਬਾਬਾ ਸਤਨਾਮ ਸਿੰਘ ਨੇ ਸੋਨੀ ਅਤੇ ਹੋਰ ਅਧਿਕਾਰੀਆਂ ਨੂੰ ਸਿਰੋਪਾਉ ਨਾਲ ਸਨਮਾਨਿਤ ਕੀਤਾ।
ਸੋਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਨਾਲ ਮਨਾ ਰਹੀ ਹੈ ਅਤੇ ਉਸ ਨੂੰ ਵੇਖਦੇ ਹੋਏ ਗੁਰਦੁਆਰਾ ਸਾਹਿਬ ਨੂੰ ਜਾਂਦੇ ਸਾਰੇ ਰਸਤਿਆਂ ਦੀ ਮੁਰੰਮਤ, ਸਾਫ-ਸਫਾਈ, ਬਿਜਲੀ ਦਾ ਕੰਮ ਕਰਵਾਇਆ ਜਾਵੇਗਾ।ਸੋਨੀ ਨੇ ਦੱਸਿਆ ਕਿ ਕਰੀਬ 72 ਲੱਖ ਰੁਪਏ ਦੀ ਲਾਗਤ ਨਾਲ ਦਰਸ਼ਨੀ ਡਿਉੜੀ ਤੋਂ ਚੌਕ ਚੌਰਸਤੀ ਅਟਾਰੀ, ਗੁਰੂ ਬਜ਼ਾਰ ਗਲੀ, ਖੁਹ ਬੰਬੇ ਵਾਲਾ ਤੋਂ ਚੌਕ ਪੱਛੀਆਂ ਤੱਕ ਗਲੀ, ਗੁਰਦੁਆਰਾ ਗੁਰੂ ਕਾ ਮਹਿਲ ਤੋਂ ਬਾਜ਼ਾਰ ਟੋਭਾ ਭਾਈ ਸ਼ਾਲੋ, ਅਮਰ ਹਲਵਾਈ ਵਾਲੀ ਗਲੀ, ਸਪੀਡ ਬਰੇਕਰ ਅਤੇ ਗੁਰਦੁਆਰਾ ਸਾਹਿਬ ਨੂੰ ਜਾਂਦੇ ਰਸਤਿਆਂ ‘ਤੇ ਬੈਠਣ ਲਈ ਬੈਚ ਆਦਿ ਲਗਾਏ ਜਾ ਰਹੇ ਹਨ।
ਉਨਾਂ ਦੱਸਿਆ ਕਿ 19 ਦਸੰਬਰ ਜਿਸ ਦਿਨ ਗੁਰੂ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਹੈ, ਤੋਂ ਪਹਿਲਾਂ-ਪਹਿਲਾਂ ਇਹ ਕੰਮ ਪੂਰੇ ਕਰ ਲਏ ਜਾਣਗੇ।ਮੇਅਰ ਸ ਕਰਮਜੀਤ ਸਿੰਘ ਰਿੰਟੂ ਨੇ ਦਰਸ਼ਨਾਂ ਲਈ ਆ ਰਹੀਆਂ ਸੰਗਤਾਂ ਦੀ ਸਹੂਲਤ ਵਾਸਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨ ਸਹੀ ਥਾਂ ਪਾਰਕ ਕਰਨ, ਤਾਂ ਜੋ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਆਵੇ।ਉਨਾਂ ਕਿਹਾ ਕਿ ਅਸੀਂ ਸੰਗਤ ਦੇ ਸਵਾਗਤ ਲਈ ਕੋਈ ਕਸਰ ਨਹੀਂ ਛੱਡਾਂਗੇ ਅਤੇ ਸਾਰੇ ਕੰਮ ਮਿੱਥੇ ਸਮੇਂ ਉਤੇ ਪੂਰੇ ਕਰਾਂਗੇ।ਪਹਿਲਾਂ ਸ੍ਰੀ ਸੋਨੀ ਨੇ ਹਾਲ ਬਾਜ਼ਾਰ ਵਿਚ ਵਿਰਾਸਤੀ ਗਲੀ ਦੀ ਤਰਜ਼ ‘ਤੇ ਸਾਰੇ ਦੁਕਾਨਾਂ ਦਾ ਮੱਥਾ ਇਕੋ-ਜਿਹਾ ਕਰਨ ਲਈ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ।ਉਨਾਂ ਦੱਸਿਆ ਕਿ ਕਰੀਬ 15 ਕਰੋੜ ਰੁਪਏ ਦੀ ਲਾਗਤ ਨਾਲ ਇਹ ਕੰਮ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਸਾਫ-ਸੁਥਰਾ ਬਾਜ਼ਾਰ ਤਿਆਰ ਹੋਵੇਗਾ, ਜੋ ਕਿ ਹਰ ਆਉਣ ਵਾਲੇ ਲਈ ਖਿੱਚ ਦਾ ਕੇਂਦਰ ਹੋਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਏ.ਡੀ.ਸੀ.ਪੀ ਸਰਤਾਜ ਸਿੰਘ ਚਾਹਲ, ਵਿਕਾਸ ਸੋਨੀ, ਸੁਨੀਲ ਕਾਉਂਟੀ, ਸ੍ਰੀਮਤੀ ਰਾਜਬੀਰ ਕੌਰ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
Punjab Post Daily Online Newspaper & Print Media