Wednesday, August 12, 2026

ਪੈਨਸ਼ਨਰ, ਮੁਲਾਜ਼ਮ ਸਾਂਝਾ ਫਰੰਟ ਦੀ ਵਿੱਤ ਮੰਤਰੀ ਨਾਲ ਮੀਟਿੰਗ 7 ਨੂੰ – ਪ੍ਰੇਮ ਸਾਗਰ ਸ਼ਰਮਾ

15 ਦਿਨਾਂ ਦੀ ਭੁੱਖ ਹੜਤਾਲ ਨੇ ਸੁੱਤੀ ਸਰਕਾਰ ਜਗਾਈ

ਸਮਰਾਲਾ, 3 ਅਕਤੂਬਰ (ਇੰਦਰਜੀਤ ਕੰਗ) – ਪੈਨਸ਼ਨਰ, ਮੁਲਾਜਮ ਸਾਂਝਾ ਫਰੰਟ ਦੇ ਕਨਵੀਨਰ ਪ੍ਰੇਮ ਸਾਗਰ ਸ਼ਰਮਾ ਸਮਰਾਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਆਖਿਆ ਕਿ ਜਦੋਂ ਦੀ ਕਾਂਗਰਸ ਸਰਕਾਰ ਪੰਜਾਬ ‘ਚ ਬਰਸਰੇ ਇਕਤਦਾਰ ਆਈ ਹੈ, ਨੇ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੀਆਂ ਪਿਛਲੇ ਸਮੇਂ ਵੱਖ-ਵੱਖ ਮੀਟਿੰਗਾਂ ਵਿੱਚ ਮੰਨੀਆਂ ਸੰਵਿਧਾਨਿਕ ਅਤੇ ਹੱਕੀ ਮੰਗਾਂ ਸਬੰਧੀ ਤੁਰੰਤ ਹੁਕਮ ਜਾਰੀ ਕਰਨ ਦੇ ਵਾਅਦੇ ਕੀਤੇ ਸਨ, ਪਰ ਹੁਣ ਤੱਕ ਕੁੱਝ ਵੀ ਨਹੀਂ ਕੀਤਾ।ਉਨਾਂ ਕਿਹਾ ਕਿ ਸੁੱਤੀ ਹੋਈ ਕਾਂਗਰਸ ਸਰਕਾਰ ਨੂੰ ਜਗਾਉਣ ਲਈ, ਰੈਲੀਆਂ, ਧਰਨੇ, ਮੁਜ਼ਾਹਰੇ ਅਤੇ ਭੁੱਖ ਹੜਤਾਲਾਂ ਕੀਤੀਆਂ ਗਈਆਂ, ਪਰ ਸਿੱਟਾ ਨਦਾਰਦ ਰਿਹਾ।31 ਅਗਸਤ ਨੂੰ 3 ਸੈਕਟਰ ਪੰਜਾਬ ਭਵਨ ਚੰਡੀਗੜ੍ਹ ਵਿਖੇ ਉਪਰੋਕਤ ਜਥੇਬੰਦੀ ਦੀ ਇੱਕ ਮੀਟਿੰਗ ਖਜ਼ਾਨਾ ਮੰਤਰੀ ਪੰਜਾਬ ਨਾਲ ਹੋਈ ਸੀ, ਜਿਸ ਵਿੱਚ ਸਾਂਝੇ ਮੰਗ ਪੱਤਰ ਵਿੱਚ ਦਰਜ਼ ਮੰਗਾਂ ‘ਤੇ ਵਿਚਾਰ ਕਰਕੇ ਇੱਕ ਹਫ਼ਤੇ ਪਿਛੋਂ ਮੀਟਿੰਗ ਸੱਦਣ ਦਾ ਵਾਅਦਾ ਕੀਤਾ ਸੀ, ਜੋ ਹੁਣ 4 ਹਫ਼ਤਿਆਂ ਪਿਛੋਂ ਸਾਕਾਰ ਹੋਇਆ ਹੈ।7 ਅਕਤੂਬਰ ਨੂੰ ਪੰਜਾਬ ਭਵਨ ਵਿਖੇ 11 ਵਜੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ 9 ਕਨਵੀਨਰਾਂ ਸੁਖਚੈਨ ਸਿੰਘ ਖਹਿਰਾ, ਸੱਜਣ ਸਿੰਘ, ਸਤੀਸ਼ ਰਾਣਾ, ਮੇਘ ਸਿੰਘ ਸਿੱਧੂ, ਕਰਮ ਸਿੰਘ ਧਨੋਆ, ਠਾਕਰ ਸਿੰਘ, ਬਖਸ਼ੀਸ਼ ਸਿੰਘ, ਪ੍ਰੇਮ ਸਾਗਰ ਸ਼ਰਮਾ ਸਮਰਾਲਾ ਅਤੇ ਅਵਿਨਾਸ਼ ਚੰਦਰ ਸ਼ਰਮਾ ਨੂੰ ਪਿਛਲੀ ਮੀਟਿੰਗ ਵਿੱਚ ਮੰਗਾਂ ਸਬੰਧੀ ਵਿਚਾਰੇ ਗਏ ਮਸਲਿਆਂ ਦੇ ਨਤੀਜੇ ਬਾਰੇ ਦੱਸਣਗੇ? ਇਸੇ ਦੌਰਾਨ ਜਥੇਬੰਦੀ ਦੇ ਕਨਵੀਨਰਾਂ ਦੀ ਮੀਟਿੰਗ ਸੈਕਟਰ 22 ਬੀ 1406 ਵਿਖੇ ਦੁਪਹਿਰ 2:00 ਵਜੇ ਸੱਦੀ ਗਈ ਹੈ, ਜਿਸ ਵਿੱਚ ਦਰਪੇਸ਼ ਸਮਸਿਆਵਾਂ ‘ਤੇ ਵਿਚਾਰ ਹੋਵੇਗਾ।
                  ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ 7 ਅਕਤੂਬਰ ਦੀ ਮੀਟਿੰਗ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਉਪਰੋਕਤ ਮੰਗਾਂ ਮੰਨ ਕੇ ਤੁਰੰਤ ਹੁਕਮ ਜਾਰੀ ਕਰਨ ਦਾ ਐਲਾਨ ਨਾ ਕੀਤਾ ਤਾਂ ਦੁਬਾਰਾ ਮੀਟਿੰਗ ਸੱਦ ਕੇ ਤਿੱਖੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …