ਅੰਮ੍ਰਿਤਸਰ, 16 ਅਕਤੂਬਰ (ਸੁਖਬੀਰ ਸਿੰਘ) – ‘ਮਲੇਰੀਆ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਤੋਂ ਜਿਲ੍ਹਾ ਵਾਸੀਆਂ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਸਿਹਤ ਵਿਭਾਗ
ਦੇ ਨਾਲ-ਨਾਲ ਸਾਰੇ ਵਿਭਾਗ ਇਕ ਟੀਮ ਵਜੋਂ ਕੰਮ ਕਰਨ। ਇਹ ਪ੍ਰਗਟਾਵਾ ਜਿਲ੍ਹਾ ਡੇਂਗੂ ਟਾਸਕ ਫੋਰਸ ਦੀ ਮੀਟਿੰਗ ਦੌਰਾਨ ਕਰਦਿਆਂ ਸਹਾਇਕ ਕਮਿਸ਼ਨਰ ਸ਼੍ਰੀਮਤੀ ਅਨਮਜੋਤ ਕੌਰ ਨੇ ਕਿਹਾ ਕਿ ਇਸ ਮਾਮਲੇ ਵਿਚ ਰਤੀ ਭਰ ਕੁਤਾਹੀ ਨਾ ਕੀਤੀ ਜਾਵੇ ਅਤੇ ਮੱਛਰ ਦਾ ਲਾਰਵਾ ਮਿਲਣ ਦੀ ਸੂਰਤ ‘ਚ ਇਮਾਰਤ ਦੇ ਮਾਲਕ ਦਾ ਚਲਾਨ ਕੱਟਿਆ ਜਾਵੇ, ਚਾਹੇ ਉਹ ਇਮਾਰਤ ਸਰਕਾਰੀ ਹੋਵੇ ਜਾਂ ਨਿੱਜੀ।ਇਸ ਸਬੰਧੀ ਹਰ ਹਫਤੇ ਐਕਸ਼ਨ ਰਿਪੋਰਟ ਡਿਪਟੀ ਕਮਿਸ਼ਨਰ ਦਫਤਰ ਭੇਜੀ ਜਾਵੇ।
ਸਹਾਇਕ ਕਮਿਸ਼ਨਰ ਨੇ ਕਿਹਾ ਕਿ ਸਿਹਤ ਵਿਭਾਗ ਦੇ ਨਾਲ-ਨਾਲ ਮਿਊਂਸੀਪਲ ਕੌਂਸਲ, ਨਗਰ ਕੌਂਸਲਾਂ, ਆਈ.ਐਮ.ਏ, ਜਿਲ੍ਹਾ ਪੰਚਾਇਤ ਵਿਭਾਗ, ਸਿੱਖਿਆ ਵਿਭਾਗ, ਮੱਛੀ ਪਾਲਣ ਵਿਭਾਗ, ਪਸ਼ੂ ਪਾਲਣ ਵਿਭਾਗ, ਪੰਜਾਬ ਰੋਡਵੇਜ਼, ਖੁਰਾਕ ਤੇ ਸਿਵਲ ਸਪਲਾਈ ਵਿਭਾਗ ਆਦਿ ਮਿਲ ਕੇ ਕੰਮ ਕਰਨ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਹਰੇਕ ਸਰਕਾਰੀ ਦਫਤਰ ਬਰਸਾਤ ਦੇ ਦਿਨਾਂ ਵਿਚ ਆਪਣੀ ਇਮਾਰਤ ਦੀ ਛੱਤ ਅਤੇ ਹੋਰ ਥਾਂ ਵੇਖੇ, ਤਾਂ ਜੋ ਫਾਲਤੂ ਪਾਣੀ ਨਾ ਖੜਾ ਰਹੇ।ਹਰੇਕ ਸ਼ੁਕਰਵਾਰ ਨੂੰ ਸਾਰੇ ਦਫਤਰ, ਦੁਕਾਨਾਂ, ਅਦਾਰੇ ਅਤੇ ਘਰਾਂ ਦੀ ਮਾਲਕ ਖ਼ੁਦ ਜਾਂਚ ਕਰਨ ਅਤੇ ਖਲੋਤੇ ਪਾਣੀ ਨੂੰ ਕੱਢਣਾ ਯਕੀਨੀ ਬਨਾਉਣ, ਤਾਂ ਜੋ ਮੱਛਰ ਪੈਦਾ ਹੀ ਨਾ ਹੋਵੇ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੁਣ ਤੋਂ ਹੀ ਘਰਾਂ ਵਿੱਚ ਕੁਲਰ, ਛੱਤਾਂ ’ਤੇ ਪਏ ਟੁੱਟੇ ਹੋਏ ਬਰਤਨਾਂ, ਗਮਲੇ, ਟਾਇਰ ਟਿਊਬ ਅਤੇ ਜਿਥੇ ਵੀ ਪਾਣੀ ਖੜਾ ਹੋ ਸਕਦਾ ਹੈ, ਨੂੰ ਹੁਣ ਤੋਂ ਹੀ ਸਾਫ ਕਰਨਾ ਸ਼ੁਰੂ ਕਰ ਦੇਣ ਤਾਂ ਕਿ ਡੇਂਗੂ ਦੇ ਅੰਡੇ ਅਤੇ ਮੱਛਰ ਆਦਿ ਜਨਮ ਨਾ ਲੈਣ।
ਸ਼੍ਰੀਮਤੀ ਅਨਮਜੋਤ ਕੋਰ ਨੇ ਕਿਹਾ ਕਿ ਜੇ ਅਸੀਂ ਹਰ ਹਫਤੇ ਵਿੱਚ ਇੱਕ ਵਾਰ ‘ਡਰਾਈ ਡੇਅ’ ਮਨਾਈਏ ਅਤੇ ਆਪਣੇ ਆਲੇ-ਦੁਆਲੇ ਇਕੱਠੇ ਹੋਏ ਪਾਣੀ ਨੂੰ ਸਾਫ ਕਰੀਏ ਤਾਂ ਮੱਛਰ ਪੈਦਾ ਨਹੀ ਹੋ ਸਕਦਾ।ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਸਾਰੇ ਹਸਤਪਾਲਾਂ ਵਿਚ ਡੇਂਗੂ ਦੇ ਟੈਸਟ ਮੁਫਤ ਕੀਤੇ ਜਾਂਦੇ ਹਨ ਅਤੇ ਕੋਈ ਵੀ ਪ੍ਰਾਈਵੇਟ ਲੈਬ ਡੇਂਗੂ ਦੇ ਟੈਸਟ ਲਈ 600/-ਰੁਪਏ ਤੋ ਵੱਧ ਚਾਰਜ਼ ਨਹੀ ਕਰ ਸਕਦੀ।
ਡਾ: ਮਦਨ ਮੋਹਨ ਜਿਲ੍ਹਾ ਮਲੇਰੀਆ ਅਫਸਰ ਨੇ ਦੱਸਿਆ ਕਿ ਡੇਂਗੂ ਬੁਖਾਰ ਨਾਲ ਬੰਦੇ ਦਾ ਸਰੀਰ ਦੁਖਦਾ ਹੈ, ਤੇਜ਼ ਬੁਖਾਰ ਹੁੰਦਾ ਹੈ, ਅੱਖਾਂ ਦੇ ਪਿਛਲੇ ਪਾਸੇ ਦਰਦਾਂ ਹੁੰਦੀਆਂ ਹਨ।ਕਿਸੇ ਕਿਸੇ ਮਰੀਜ਼ ਦੇ ਸਰੀਰ ‘ਤੇ ਲਾਲ ਨਿਸ਼ਾਨ ਅਤੇ ਖੂਨ ਵਹਿੰਦਾ ਹੈ, ਪਲੇਟਲਟ ਸੈਲ ਘੱਟ ਹੋ ਸਕਦੇ ਹਨ।ਉਨ੍ਹਾਂ ਨਿੱਜੀ ਹਸਪਤਾਲਾਂ ਦੇ ਪ੍ਰਬੰਧਕਾਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੇ ਹਸਪਤਾਲ ਵਿੱਚ ਵੀ ਕੋਈ ਡੇਂਗੂ ਜਾਂ ਮਲੇਰੀਆ ਦਾ ਮਰੀਜ਼ ਇਲਾਜ਼ ਲਈ ਆਉਂਦਾ ਹੈ ਤਾਂ ਉਸ ਦੀ ਜਾਣਕਾਰੀ ਤੁਰੰਤ ਸਿਹਤ ਵਿਭਾਗ ਨੂੰ ਦਿੱਤੀ ਜਾਵੇ।
ਇਸ ਮੌਕੇ ਕਾਰਜਕਾਰੀ ਸਿਵਲ ਸਰਜਨ ਡਾ. ਅਮਰਜੀਤ ਸਿੰਘ, ਜਿਲ੍ਹਾ ਮੰਡੀ ਅਫਸਰ ਅਮਨਦੀਪ ਸਿੰਘ, ਉਪ ਜ਼ਿਲਾ੍ਹ ਸਿੱਖਿਆ ਅਫਸਰ ਰਾਜੇਸ਼ ਸ਼ਰਮਾ, ਸਿਹਤ ਅਫਸਰ ਨਗਰ ਨਿਗਮ ਡਾ: ਅਜੈ ਕੰਵਰ, ਇੰਸਪੰੈਕਟਰ ਫੂਡ ਸਪਲਾਈ ਗੋਰਵ ਸ਼ਰਮਾ, ਸਾਰੇ ਮੈਡੀਕਲ ਅਫਸਰਾਂ ਤੋ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼
ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …
Punjab Post Daily Online Newspaper & Print Media