ਮਠਿਆਈ ਵਿਕਰੇਤਾਵਾਂ ਨੂੰ ਬਨਾਵਟੀ ਰੰਗਾਂ ਦੀ ਵਰਤੋਂ ਨਾ ਕਰਨ ਦੀ ਅਪੀਲ
ਕਪੂਰਥਲਾ, 30 ਅਕਤੂਬਰ (ਪੰਜਾਬ ਪੋਸਟ ਬਿਊਰੋ) – ਫੂਡ ਵਿੰਗ ਕਪੂਰਥਲਾ ਵਲੋਂ ਤਿਉਹਾਰਾਂ ਦੇ ਮੱਦੇਨਜ਼ਰ ਜਿਲ੍ਹਾ ਕਪੂਰਥਲਾ ਦੇ ਮਠਿਆਈ ਵਿਕਰੇਤਾਵਾਂ ਨਾਲ
ਮੀਟਿੰਗ ਕਰਕੇ ਉਹਨਾਂ ਨੂੰ ਬਨਾਵਟੀ ਰੰਗਾਂ ਅਤੇ ਮਿਲਾਵਟ ਦੇ ਮਨੁੱਖੀ ਸਿਹਤ `ਤੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ।
ਸਹਾਇਕ ਫੂਡ ਕਮਿਸ਼ਨਰ ਹਰਜੋਤ ਪਾਲ ਸਿੰਘ ਨੇ ਦੱਸਿਆ ਕਿ ਮਠਿਆਈ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਮਠਿਆਈਆਂ ਵਿੱਚ ਰੰਗਾਂ ਦੀ ਵਰਤੋਂ ਨਾ ਕਰਨ, ਪਰ ਉਹ ਮਨਜ਼ੂਰਸ਼ੁਦਾ ਸਿੰਥੈਟਿਕ ਰੰਗਾਂ ਦੀ ਵਰਤੋਂ ਕਰ ਸਕਦੇ ਹਨ।ਇਸ ਤੋਂ ਇਲਾਵਾ ਸਿਰਫ ਸ਼ੁੱਧ ਸਿਲਵਰ ਲੀਫ ਦੀ ਵਰਤੋਂ ਮਠਿਆਈਆਂ ‘ਤੇ ਕੀਤੀ ਜਾਵੇ, ਅਲਮੀਨੀਅਮ ਦੀ ਵਰਤੋਂ ਨਾ ਕੀਤੀ ਜਾਵੇ ਕਿਉਂਕਿ ਇਸ ਨਾਲ ਕੈਂਸਰ ਹੋ ਸਕਦਾ ਹੈ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਮਠਿਆਈ ਦੀ ਮਿਆਦ ਸਬੰਧੀ ਮਿਤੀ ਦਰਸਾਈ ਜਾਵੇ ਤੇ ਖੋਆ/ਮਠਿਆਈਆਂ ਨੂੰ ਕੋਲਡ ਸਟੋਰਾਂ ਵਿੱਚ ਨਾ ਰੱਖਿਆ ਜਾਵੇ।ਉਨਾਂ ਇਹ ਵੀ ਕਿਹਾ ਕਿ ਖੋਆ/ਮਠਿਆਈਆਂ ਨੂੰ ਦੂਜੇ ਰਾਜਾਂ/ਜਿਲ੍ਹਿਆਂ ਤੋਂ ਨਾ ਮੰਗਵਾਇਆ ਜਾਵੇ, ਕਿਉਂਕਿ ਇਹ ਘਟੀਆ ਕੁਆਲਟੀ ਦਾ ਅਤੇ ਘਟੀਆ ਟਰਾਂਸਪੋਰਟ ਹਾਲਤ ਵਿੱਚ ਲਿਆਇਆ ਹੋ ਸਕਦਾ ਹੈ।
ਉਨਾਂ ਕਿਹਾ ਕਿ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਵਿੰਗ ਵਲੋਂ ਪਹਿਲਾਂ ਹੀ ਇਸ ਸਬੰਧੀ ਚੈਕਿੰਗਾਂ (ਖਾਸ ਤੌਰ ਤੇ ਫੂਡ ਬਿਜਨਸ ਅਪਰੇਟਰਾਂ ਖਾਸ ਤੌਰ ‘ਤੇ ਮਠਿਆਈ ਵਿਕਰੇਤਾ, ਦੁੱਧ ਦੀਆਂ ਡੇਅਰੀਆਂ ਆਦਿ) ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਫੂਡ ਸੇਫਟੀ ਅਫਸਰਾਂ ਸਤਨਾਮ ਸਿੰਘ ਅਤੇ ਮੁਕੁਲ ਗਿੱਲ ਸਮੇਤ ਫੂਡ ਟੀਮ ਵਲੋਂ ਪਿਛਲੇ 15 ਦਿਨਾਂ ਵਿੱਚ ਕੁੱਲ 66 ਸੈਂਪਲ ਲਏ ਗਏ, ਜਿਸ ਵਿੱਚ ਮਠਿਆਈਆਂ, ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੇ ਸੈਂਪਲ ਮੁੱਖ ਹਨ।ਵਿੰਗ ਵਲੋਂ ਹੁਣ ਕੋਲਡ ਸਟੋਰਾਂ ਅਤੇ ਅਜਿਹੀਆਂ ਥਾਵਾਂ ਜਿਥੇ ਮਠਿਆਈਆਂ ਆਦਿ ਸਟੋਰ ਕੀਤੀਆਂ ਜਾਂਦੀਆਂ ਹਨ ਦੀ ਚੈਕਿੰਗ ਕੀਤੀ ਜਾਵੇਗੀ ਅਤੇ ਟੀਮ ਦੀ ਨਜਰ ਰੇਲਵੇ ਸਟੇਸ਼ਨ ਤੇ ਹੋਰ ਰਾਜਾਂ ਤੋਂ ਆਉਣ ਵਾਲੇ ਖੋਏ `ਤੇ ਵੀ ਬਣੀ ਰਹੇਗੀ।
ਫੂਡ ਵਿੰਗ ਵਲੋਂ ਸਾਰੇ ਫੂਡ ਬਿਜਨਸ ਅਪਰੇਟਰਾਂ ਤੋਂ ਸਹਿਯੋਗ ਦੀ ਮੰਗ ਕੀਤੀ ਜਾਂਦੀ ਹੈ ਤਾਂ ਜੋ ਸੁਰੱਖਿਅਤ, ਸ਼ੁੱਧ ਅਤੇ ਮਿਲਾਵਟ ਰਹਿਤ ਖਾਦ ਪਦਾਰਥ ਆਮ ਲੋਕਾਂ ਨੂੰ ਇਸ ਤਿਉਹਾਰਾਂ ਦੇ ਸਮੇਂ ਦੌਰਾਨ ਮੁਹੱਈਆ ਕਰਵਾਏ ਜਾ ਸਕਣ ਤਾਂ ਜੋ ਤਿਉਹਾਰ ਨੂੰ ਇਸ ਦੀ ਸਹੀ ਭਾਵਨਾ ਅਨੁਸਾਰ ਮਨਾਇਆ ਜਾ ਸਕੇ।
Punjab Post Daily Online Newspaper & Print Media