Friday, July 31, 2026

ਪੰਜਾਬ ਦਾ ਸਾਹ ਘੁੱਟਿਆਂ ਹਿੰਦੋਸਤਾਨ ਨੂੰ ਅਧਰੰਗ ਦਾ ਖ਼ਤਰਾ-ਡਿੰਪਾ

ਮੋਦੀ ਲਹਿਰ ਵਿਰੁੱਧ ਖ਼ੜਨ ਦਾ ਬਦਲਾ ਲੈ ਰਹੀ ਹੈ ਕੇਂਦਰ ਸਰਕਾਰ

ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ) – ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਪੰਜਾਬ ਨੂੰ ਹਿੰਦੋਸਤਾਨ ਦਾ ਦਿਲ ਦੱਸਦੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਪੰਜਾਬ ਦਾ ਸਾਹ ਘੁੱਟਣ ਦਾ ਯਤਨ ਕੀਤਾ ਤਾਂ ਅਧਰੰਗ ਹਿੰਦੋਸਤਾਨ ਨੂੰ ਵੀ ਹੋਵੇਗਾ।ਉਨਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੇ ਵੀ ਪੰਜਾਬੀ, ਹਰੀ ਕਰਾਂਤੀ ਅਤੇ ਚਿੱਟੀ ਕਰਾਂਤੀ ਵਿਚ ਮੋਢੀ ਵੀ ਪੰਜਾਬੀ ਅਤੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਪੰਜਾਬੀ, ਪਰ ਕੇਂਦਰ ਦੀ ਮੌਜ਼ੂਦਾ ਸਰਕਾਰ ਮੋਦੀ ਲਹਿਰ ਨੂੰ ਸੰਭੂ ਬਾਰਡਰ ਤੋਂ ਮੋੜਨ ਵਾਲੇ ਪੰਜਾਬੀਆਂ ਵਿਰੁੱਧ ਘਟੀਆ ਚਾਲਾਂ ਚੱਲ ਕੇ ਆਪਣੀ ਕਿੜ ਕੱਢ ਰਹੀ ਹੈ।ਉਨਾਂ ਕਿਹਾ ਕਿ ਮੌਜ਼ੂਦਾ ਕਾਲੇ ਕਾਨੂੰਨ ਪੰਜਾਬ ਨੂੰ ਬਰਬਾਦ ਕਰਨ ਲਈ ਕੀਤੀ ਕੋਝੀ ਸਾਜਿਸ਼ ਦਾ ਹਿੱਸਾ ਹਨ।ਉਨਾਂ ਕਿਹਾ ਕਿ ਪਹਿਲਾਂ ਖਾਦਾਂ ਤੇ ਡੀਜ਼ਲ ਤੋਂ ਸਬਸਿਡੀ ਬੰਦ ਕਰਨੀ, ਨਵੇਂ ਕਾਲੇ ਕਾਨੂੰਨ ਲਿਆਉਣੇ ਅਤੇ ਹੁਣ ਮਾਲ ਗੱਡੀਆਂ ਦੀ ਆਵਾਜਾਈ ਰੋਕਣੀ ਕੇਂਦਰ ਦੀ ਬਿਮਾਰ ਮਾਨਸਿਕਤਾ ਦਾ ਪ੍ਰਤੀਕ ਹਨ।
              ਉਨਾਂ ਕਿਹਾ ਕਿ ਸਿਤਮ ਵਾਲੀ ਗੱਲ ਹੈ ਕਿ ਦੇਸ਼ ਦੀ ਖੜਗਭੁਜਾ ਅਤੇ ਫੂਡ ਬਾਸਕਿਟ ਪੰਜਾਬ ਨੂੰ ਤਾਂ ਜੀ.ਐਸ.ਟੀ ਦਾ ਬਣਦਾ ਹਿੱਸਾ ਨਹੀਂ ਮਿਲ ਰਿਹਾ, ਦਿਹਾਤੀ ਵਿਕਾਸ ਫੰਡ ਰੋਕ ਦਿੱਤਾ ਗਿਆ ਹੈ, ਜਦਕਿ ਨਰਿੰਦਰ ਮੋਦੀ ਆਪ 8000 ਕਰੋੜ ਰੁਪਏ ਦਾ ਜਹਾਜ਼ ਖਰੀਦ ਰਹੇ ਹਨ ਅਤੇ ਗੁਜਰਾਤ ਦੇ ਮੁੱਖ ਮੰਤਰੀ ਨੂੰ 250 ਕਰੋੜ ਰੁਪਏ ਦਾ ਜਹਾਜ਼ ਖਰੀਦ ਕੇ ਦਿੱਤਾ ਜਾ ਰਿਹਾ ਹੈ।
            ਡਿੰਪਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਪੰਜਾਬੀ ਸੂਬੇ ਦੇ ਮੋਰਚੇ ਮੌਕੇ ਅਜਿਹਾ ਜਜ਼ਬਾਤੀ ਰੋਹ ਲੋਕਾਂ ਵਿੱਚ ਵੇਖਣ ਨੂੰ ਮਿਲਿਆ ਸੀ ਅਤੇ ਉਸ ਤੋਂ ਪੈਦਾ ਹੋਈ ਅੱਗ ਦਾ ਸੇਕ ਕਰੀਬ 15 ਸਾਲ ਨਾ ਕੇਵਲ ਪੰਜਾਬ ਨੇ ਭੁਗਤਿਆ ਸਗੋਂ ਇਹ ਅੱਗ ਕੇਂਦਰ ਤੱਕ ਵੀ ਲੱਗੀ ਰਹੀ।ਉਨਾਂ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਵਾਲੀ ਸੋਚ ਭਾਜਪਾ ਨੇ ਕਈ ਅਪਨਾਈ ਹੀ ਨਹੀਂ, ਸਗੋਂ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਜਾਰੀ ਰੱਖਿਆ ਹੈ, ਜਿਸ ਵਿਚ ਬਹੁਤਾ ਸਾਥ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਵੀ ਦਿੱਤਾ ਹੈ।ਉਨਾਂ ਕਿਹਾ ਕਿ ਬਾਦਲ ਦਲ ਦੇ ਆਗੂ ਆਪਣੇ ਗੈਰ ਕਾਨੂੰਨੀ ਕਾਰੋਬਾਰਾਂ, ਹਵਾਲੇ ਅਤੇ ਈ.ਡੀ ਤੋਂ ਬਚਣ ਲਈ ਲੁਕਵੇਂ ਢੰਗ ਨਾਲ ਭਾਜਪਾ ਦਾ ਏਜੰਡਾ ਲਾਗੂ ਕਰ ਰਹੇ ਹਨ।ਡਿੰਪਾ ਨੇ ਕਿਹਾ ਕਿ 1994 ਤੋਂ ਲੈ ਕੇ 2017 ਤੱਕ ਆਰ.ਐਸ.ਐਸ ਦਾ ਏਜੰਡਾ ਪੰਜਾਬ ਵਿਚ ਲਾਗੂ ਕਰਨ ਦੀ ਜ਼ਿੰਮੇਵਾਰੀ ਪ੍ਰਕਾਸ਼ ਸਿੰਘ ਬਾਦਲ ਨਿਭਾਉਂਦੇ ਰਹੇ ਹਨ ਅਤੇ 2017 ਤੋਂ ਬਾਅਦ ਇਹ ਕੰਮ ਸੁਖਬੀਰ ਸਿੰਘ ਬਾਦਲ ਨੇ ਸਾਂਭ ਲਿਆ ਹੈ।ਉਨਾਂ ਕਿਹਾ ਕਿ ਇਸ ਤਰਾਂ ਇਹ ਟੱਬਰ ਪੰਜਾਬ ਵਾਸਤੇ ਗੁਲਾਬ ਸਿੰਘ ਡੋਗਰੇ ਵਾਲਾ ਕਿਰਦਾਰ ਨਿਭਾਅ ਰਿਹਾ ਹੈ, ਜੋ ਕਿ ਖ਼ਤਰੇ ਦੀ ਘੰਟੀ ਹੈ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …