Sunday, April 26, 2026

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਭਾਰੀ ਆਮਦ

ਵੱਖ-ਵੱਖ ਤਰ੍ਹਾਂ ਦੇ ਫੁੱਲਾਂ ਨਾਲ ਕੀਤੀ ਗਈ ਸਜ਼ਾਵਟ

ਅੰਮ੍ਰਿਤਸਰ, 3 ਨਵੰਬਰ (ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।ਕੋਰੋਨਾ ਮਹਾਮਾਰੀ ਦੇ ਚੱਲਦਿਆਂ ਮਨਾਏ ਗਏ ਸਮਾਗਮਾਂ ਦੌਰਾਨ ਸ਼ਰਧਾ ਭਾਵਨਾ ਨਾਲ ਪੁੱਜੇ ਸ਼ਰਧਾਲੂ ਅਤੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਬਿਨਾਂ ਮਾਸਕ ਹੀ ਦਿਖਾਈ ਦਿੱਤੇ।ਸਿਹਤ ਵਿਭਾਗ ਅਤੇ ਸ਼੍ਰੋਮਣੀ ਕਮੇਟੀ ਵਲੋਂ ਸੈਨੀਟਾਈਜ਼ੇਸ਼ਨ ਦਾ ਕੋਈ ਪ੍ਰਬੰਧ ਨਹੀਂ ਸੀ ਅਤੇ ਨਾ ਹੀ ਕਿਸੇ ਨੂੰ ਮਾਸਕ ਪਾਉਣ ਲਈ ਪ੍ਰੇਰਿਆ ਗਿਆ।
           ਇਸੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪਰਕਰਮਾਂ ਵਿਚ ਵੱਖ-ਵੱਖ ਤਰ੍ਹਾਂ ਦੇ ਫੁੱਲਾਂ ਨਾਲ ਸਜ਼ਾਵਟ ਕੀਤੀ ਗਈ।ਇਹ ਸੇਵਾ ਦਿੱਲੀ ਅਤੇ ਮੁੰਬਈ ਦੀਆਂ ਸੰਗਤਾਂ ਵੱਲੋਂ ਕਰਵਾਈ ਗਈ ਹੈ।ਫੁੱਲਾਂ ਦੀ ਸਜ਼ਾਵਟ ਕਰਵਾਉਣ ਵਾਲੇ ਭਾਈ ਇਕਬਾਲ ਸਿੰਘ ਨੇ ਦੱਸਿਆ ਕਿ ਸਜ਼ਾਵਟ ਲਈ ਕਰੀਬ 9 ਟਨ ਫੁੱਲਾਂ ਦੀ ਵਰਤੋਂ ਕੀਤੀ ਗਈ ਹੈ, ਜਿਨ੍ਹਾਂ ਨੂੰ ਸਜਾਉਣ ਲਈ 120 ਵਿਅਕਤੀ ਪੁੱਜੇ ਹਨ।
                ਦੱਸਣਯੋਗ ਹੈ ਕਿ ਚੌਥੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੱਖ-ਵੱਖ ਸਮਾਗਮਾਂ ਤਹਿਤ ਬੀਤੇ ਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ ਸੀ।ਇਸ ਤੋਂ ਪਹਿਲਾਂ ਸ਼ਹਿਰ ਦੇ ਵੱਖ-ਵੱਖ ਇਤਿਹਾਸਕ ਗੁਰਦੁਆਰਾ ਸਾਹਿਬਾਨ ਅੰਦਰ ਰੋਜ਼ਾਨਾ ਸਮਾਗਮਾਂ ਦੀ ਲੜੀ ਵੀ ਚੱਲਦੀ ਰਹੀ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਇ ਸਾਹਿਬ ਵਿਖੇ ਜਲੌ ਸੱਜਾਏ ਗਏ।ਸ਼ਾਮ ਸਮੇਂ ਦੀਪਮਾਲਾ ਅਤੇ ਆਤਿਸ਼ਬਾਜ਼ੀ ਵੀ ਕੀਤੀ ਗਈ।ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋਇਆ।
                     ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸ੍ਰੀ ਅੰਮ੍ਰਿਤਸਰ ਦੇ ਬਾਨੀ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦਾ ਜੀਵਨ ਮਨੁੱਖਤਾ ਨੂੰ ਅਗਵਾਈ ਦੇਣ ਵਾਲਾ ਹੈ।ਗੁਰੂ ਸਾਹਿਬ ਵੱਲੋਂ ਵਸਾਇਆ ਅੰਮ੍ਰਿਤਸਰ ਸ਼ਹਿਰ ਅੱਜ ਪੂਰੀ ਦੁਨੀਆਂ ਲਈ ਖਿੱਚ ਦਾ ਕੇਂਦਰ ਹੈ, ਕਿਉਂਕਿ ਇਥੇ ਮਨੁੱਖਤਾ ਦੇ ਅਧਿਆਤਮਿਕ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਥਿਤ ਹਨ।ਉਨ੍ਹਾਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਨੁਸਾਰ ਜੀਵਨ ਬਤੀਤ ਕਰਨ ਦੀ ਅਪੀਲ ਕਰਦਿਆਂ ਸਿੱਖੀ ਦੀ ਚੜ੍ਹਦੀ ਕਲਾ ਲਈ ਕਾਰਜਸ਼ੀਲ ਰਹਿਣ ਲਈ ਪ੍ਰੇਰਣਾ ਕੀਤੀ।

Check Also

ਖ਼ੁਰਾਕ ਮੰਤਰਾਲੇ ਦੀ ਐਡੀਸ਼ਨਲ ਸਕੱਤਰ ਸ੍ਰੀਮਤੀ ਅਪਰਨਾ ਭਾਟੀਆ ਵੱਲੋਂ ਟਾਂਗਰਾ ਦਾਣਾ ਮੰਡੀ ਦਾ ਦੌਰਾ

ਅੰਮ੍ਰਿਤਸਰ, 26 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਭਾਰਤ ਸਰਕਾਰ ਦੇ ਫੂਡ ਸਪਲਾਈ ਅਤੇ ਵੰਡ ਮੰਤਰਾਲੇ …