ਕਿਹਾ ਕੋਵਿਡ-19 ਦੌਰਾਨ ਨਹਿਰੂ ਯੁਵਾ ਕੇਂਦਰ ਦੇ ਵਾਲੰਟੀਅਰਾਂ ਦੀ ਭੂਮਿਕਾ ਰਹੀ ਸ਼ਲਾਘਾਯੋਗ
ਅੰਮ੍ਰਿਤਸਰ, 5 ਨਵੰਬਰ (ਸੁਖਬੀਰ ਸਿੰਘ) – ਨਹਿਰੂ ਯੁਵਾ ਕੇਂਦਰ ਵੱਲੋਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਦੀ ਪ੍ਰਧਾਨਗੀ ਹੇਠ ਜਿਲ੍ਹਾ ਯੁਵਾ ਸਲਾਹਕਾਰ
ਸਮਿਤੀ ਦੀ ਵਰਚੂਅਲ ਮੀਟਿੰਗ ਕਰਵਾਈ ਗਈ।ਜਿਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਣਬੀਰ ਸਿੰਘ ਮੁੱਧਲ, ਨਹਿਰੂ ਯੁਵਾ ਕੇਂਦਰ ਪੰਜਾਬ ਤੇ ਚੰਡੀਗੜ੍ਹ ਦੇ ਉਪ ਨਿਰਦੇਸ਼ਕ ਸੁਰਿੰਦਰ ਸੈਣੀ, ਜਿਲ੍ਹਾ ਨਹਿਰੂ ਯੁਵਾ ਕੇਂਦਰ ਦੀ ਕੁਆਰਡੀਨੇਟਰ ਮਿਸ ਅਕਾਂਸ਼ਾ ਤੋਂ ਇਲਾਵਾ ਜਿਲੇ੍ਹ ਦੇ ਵੱਖ-ਵੱਖ ਅਧਿਕਾਰੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਕੋਵਿਡ-19 ਦੌਰਾਨ ਨਹਿਰੂ ਯੁਵਾ ਕੇਂਦਰ ਦੇ ਵਾਲੰਟੀਅਰਾਂ ਵੱਲੋਂ ਕਾਫੀ ਕੰਮ ਕੀਤਾ ਗਿਆ ਹੈ ਅਤੇ ਇਨ੍ਹਾਂ ਦੇ ਵਾਲੰਟੀਅਰਾਂ ਦੀ ਭੂਮਿਕਾ ਬਹੁਤ ਹੀ ਸ਼ਲਾਘਾਯੋਗ ਰਹੀ ਹੈ।ਉਨਾਂ ਵੱਲੋਂ ਨਹਿਰੂ ਯੁਵਾ ਕੇਂਦਰ ਦੇ ਵਾਲੰਟੀਅਰ ਅਜੈ ਕੁਮਾਰ ਨੂੰ ਕੋਵਿਡ-19 ਦੌਰਾਨ ਲੋਕਾਂ ਨੂੰ ਜਾਗਰੂਕ ਕਰਨ ‘ਚ ਅਹਿਮ ਭੂਮਿਕਾ ਨਿਭਾਉਣ ‘ਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਖਹਿਰਾ ਵੱਲੋਂ ਨਹਿਰੂ ਕੇਂਦਰ ਦੀ ਸਾਲ 2020-2021 ਦੀ ਕਾਰਜ ਯੋਜਨਾ ਨੂੰ ਆਪਣੀ ਪ੍ਰਵਾਨਗੀ ਵੀ ਦਿੱਤੀ ਗਈ ਅਤੇ ਇਸ ਸਬੰਧੀ ਨਹਿਰੂ ਯੁਵਾ ਕੇਂਦਰ ਦੇ ਵਾਲੰਟੀਅਰਾਂ ਦੇ ਸੁਝਾਓ ਵੀ ਮੰਗੇ ਗਏ।
ਖਹਿਰਾ ਨੇ ਨਹਿਰੂ ਯੁਵਾ ਕੇਂਦਰ ਦੀ ਸਾਲ 2019-2020 ਦੀ ਕਾਰਜ਼ਯੋਜਨਾ ਦਾ ਨਿਰੀਖਣ ਵੀ ਕੀਤਾ ਅਤੇ ਇਸ ਅਧੀਨ ਨਹਿਰੂ ਯੁਵਾ ਕੇਂਦਰ ਦੇ ਵਾਲੰਟੀਅਰਾਂ ਵੱਲੋਂ ਕੀਤੇ ਗਏ ਕੰਮਾਂ ਦੀ ਰਿਪੋਰਟ ਵੀ ਲਈ।ਖਹਿਰਾ ਨੇ ਕਿਹਾ ਕਿ ਨਹਿਰੂ ਯੁਵਾ ਕੇਂਦਰ ਵੱਲੋਂ ਜਿਲੇ੍ਹ ਵਿੱਚ ਪੈਂਦੇ ਸਾਰੇ ਪਿੰਡਾਂ ਵਿੱਚ ਸਰਕਾਰੀ ਯੋਜਨਾਵਾਂ ਦਾ ਵੱਧ ਤੋਂ ਵੱਧ ਪ੍ਰਚਾਰ ਕਰਨਾ ਚਾਹੀਦਾ ਹੈ ਤੇ ਨਵੇਂ ਯੁਵਾ ਮੰਡਲ ਸਥਾਪਿਤ ਕਰਨੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਆਪਣੇ ਨਾਲ ਜੋੜਿਆ ਜਾਵੇ ਤਾਂ ਜੋ ਸਰਕਾਰੀ ਯੋਜਨਾਵਾਂ ਦਾ ਲਾਭ ਹੇਠਲੇ ਪੱਧਰ ਤੱਕ ਪਹੁੰਚ ਸਕੇ।
Punjab Post Daily Online Newspaper & Print Media