Wednesday, February 25, 2026

ਦਿੱਲੀ ਜਾ ਰਹੇ ਸੰਘਰਸ਼ਸ਼ੀਲ ਕਿਸਾਨਾਂ ਦਾ ਰਾਹ ਰੋਕਣਾ ਜਮਹੂਰੀਅਤ ਦਾ ਘਾਣ – ਬਾਬਾ ਹਰਨਾਮ ਸਿੰਘ

ਅੰਮ੍ਰਿਤਸਰ, 27 ਨਵੰਬਰ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਖੇਤੀ ਸੰਬੰਧੀ ਕਾਨੂੰਨਾਂ ਦੇ ਖਿਲਾਫ਼ ਜਮਹੂਰੀ ਤਰੀਕੇ ਨਾਲ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਬਲ ਪੂਰਵਕ ਰੋਕਣਾ ਲੋਕਤੰਤਰ ਦਾ ਘਾਣ ਹੈ।ਦਮਦਮੀ ਟਕਸਾਲ ਕਿਸਾਨ ਸੰਘਰਸ਼ ਦੀ ਹਮਾਇਤ ਕਰਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸਰਕਾਰ ਕੋਲ ਆਪਣੀ ਗੱਲ ਰੱਖਣੀ ਜਾਂ ਸਰਕਾਰੀ ਨੀਤੀਆਂ ਵਿਰੁੱਧ ਰੋਸ ਮੁਜ਼ਾਹਰਾ ਕਰਨਾ ਕਿਸਾਨਾਂ ਦਾ ਜ਼ਮਹੂਰੀ ਹੱਕ ਹੈ।ਪਰ ਇੱਥੇ ਕੇਂਦਰ ਸਰਕਾਰ ਕਿਸਾਨਾਂ ਦੇ ਜਮਹੂਰੀ ਹੱਕ ਖੋਹਣ ’ਤੇ ਤੁਲੀ ਹੋਈ ਹੈ।ਉਨ੍ਹਾਂ ਕਿਸਾਨਾਂ ਦੇ ਹੌਸਲੇ ਦੀ ਸ਼ਲਾਘਾ ਕਰਦਿਆਂ ਕਿਸਾਨਾਂ ਨੂੰ ਸੰਜ਼ਮ ’ਚ ਰਹਿਣ ਅਤੇ ਹਿੰਸਾ ਦਾ ਰਸਤਾ ਅਖ਼ਤਿਆਰ ਕਰਨ ਤੋਂ ਗੁਰੇਜ਼ ਕਰਨ ਦੀ ਵੀ ਸਲਾਹ ਦਿੱਤੀ।
                 ਉਨ੍ਹਾਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਕਿਸਾਨਾਂ ਦੀ ਮੰਗ ’ਤੇ ਵਿਚਾਰ ਕਰਨ ਦੀ ਵੀ ਅਪੀਲ ਕੀਤੀ।ਉਨ੍ਹਾਂ ਹਰਿਆਣੇ ਦੀ ਖੱਟਰ ਸਰਕਾਰ ਵਲੋਂ ਦਿਲੀ ਜਾ ਰਹੇ ਕਿਸਾਨਾਂ ਦਾ ਰਾਹ ਰੋਕਣ ਦੀ ਵੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਦਿੱਲੀ ਜਾਣਾ ਚਾਹੁੰਦੇ ਹਨ ਤਾਂ ਇਹ ਉਨ੍ਹਾਂ ਦਾ ਸੰਵਿਧਾਨਿਕ ਹੱਕ ਹੈ।ਪਰ ਹਰਿਆਣਾ ਵਲੋਂ ਪੰਜਾਬ ਤੇ ਹੋਰ ਸੂਬਿਆਂ ਤੋਂ ਹਰਿਆਣਾ `ਚੋਂ ਲੰਘ ਕੇ ਦਿੱਲੀ ਜਾਣ ਵਾਲੇ ਸਭ ਰਸਤੇ ਵਡੇ-ਵੱਡੇ ਪੱਥਰ, ਕੰਡਿਆਲੀਆਂ ਤਾਰਾਂ ਤੇ ਰੋਕਾਂ ਲਗਾ ਕੇ ਮੁਕੰਮਲ ਤੌਰ `ਤੇ ਬੰਦ ਕਰਨ, ਕਿਸਾਨਾਂ `ਤੇ ਪਾਣੀ ਦੀਆਂ ਬੁਛਾੜਾਂ ਮਾਰਨ, ਅੱਥਰੂ ਗੈਸ ਛੱਡਣ ਅਤੇ ਕਿਸਾਨਾਂ `ਤੇ ਲਾਠੀਚਾਰਜ਼ ਕਰਨ ਦੀ ਉਨਾਂ ਸਖ਼ਤ ਨਿਖੇਧੀ ਕੀਤੀ। ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਹਰ ਪਾਸੇ ਹਫੜਾ-ਦਫੜੀ ਦਾ ਬਣ ਰਿਹਾ ਮਾਹੌਲ ਅਤੇ ਤਣਾਅਪੂਰਨ ਸਥਿਤੀ ਦੇਸ਼ ਦੇ ਹਿਤ ’ਚ ਨਹੀਂ ਹੋਵੇਗੀ।

 

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …