ਹਫੜਾਦਫੜੀ ‘ਚ ਪੁਲਿਸ ਗੱਡੀ ਦੀ ਫੇਟ ਵੱਜਣ ਨਾਲ ਦੋ ਔਰਤਾਂ ਦੀਆਂ ਲੱਤਾਂ ਟੁੱਟੀਆਂ

ਅੰਮ੍ਰਿਤਸਰ, 25 ਅਕਤੂਬਰ ( ਸੁਖਬੀਰ ਸਿੰਘ) – ਸਥਾਨਕ ਭਗਤਾਂਵਾਲਾ ਸਥਿਤ ਨੂਰੀ ਮੁਹੱਲਾ ਵਿਖੇ ਉਸ ਸਮੇਂ ਖਲਬਲੀ ਫੈਲ ਗਈ ਜਦ ਇੱਕ ਦੋਸ਼ੀ ਨੂੰ ਫੜਨ ਗਈ ਥਾਣਾ ਸੀ ਡਵੀਜ਼ਨ ਦੀ ਪੁਲਿਸ ਪਾਰਟੀ ‘ਤੇ ਇਲਾਕਾ ਵਾਸੀਆਂ ਨੇ ਹਮਲਾ ਕਰ ਦਿੱਤਾ।ਮਿਲੀ ਜਾਣਕਾਰੀ ਅਨੁਸਾਰ ਜਦ ਥਾਣਾ ਸੀ ਡਵੀਜਨ ਇੰਚਾਰਜ ਕੁਲਵਿੰਦਰ ਸਿੰਘ ਭਾਰੀ ਪੁਲਿਸ ਫੋਰਸ ਸਮੇਤ ਨੂਰੀ ਮੁਹੱਲਾ ਭਗਤਾਂਵਾਲਾ ਜਾ ਕੇ ਬਾਊ ਨਾਮੀ ਵਿਅੱਕਤੀ ਨੂੰ ਫੜ ਲਿਆ ਤਾਂ ਉਸ ਨੂੰ ਛੁਡਾਉਣ ਲਈ ਲੋਕਾਂ ਨੇ ਪੁਲਿਸ ਨੂੰ ਘੇਰ ਲਿਆ ਤਾਂ ਪੰਜ ਪੁਲਿਸ ਮੁਲਾਜ਼ਮ ਦਾ ਲੋਕਾਂ ਨੂੰ ਕੁਟਾਪਾ ਚਾੜ ਦਿਤਾ ਅਤੇ ਪੁਲਿਸ ਦੀਆਂ ਗੱਡੀਆਂ ਦੀ ਭੰਨਤੋੜ ਵੀ ਕਰ ਦਿਤੀ। ਇਸ ਹਫੜਾ ਦਫੜੀ ਵਿੱਚ ਜਦ ਪੁਲਿਸ ਮੁਲਾਜ਼ਮਾਂ ਨੇ ਗੱਡੀਆਂ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਗੱਡੀ ਦੀ ਸਾਈਡ ਵੱਜਣ ਕਾਰਣ ਪ੍ਰਦਰਸ਼ਨਕਾਰੀ ਲੋਕ ਫੱਟੜ ਹੋ ਗਏ, ਜਿੰਨਾਂ ਵਿਚ ਗੁਡੋ, ਰਾਣੀ, ਰੇਖਾ ਤੇ ਸੁੋਨੂ ਆਦਿ ਦੱਸੇ ਜਾਂਦੇ ਹਨ।
ਇਸ ਕਾਰਵਾਈ ਦੇ ਵਿਰੋਧ ਵਿੱਚ ਇਲਾਕਾ ਵਾਸੀਆਂ ਨੇ ਥਾਣਾ ਸੀ ਡਵੀਜ਼ਨ ਦੇ ਬਾਹਰ ਸੜਕ ‘ਤੇ ਪ੍ਰਦਰਸਨ ਕਰਦਿਆਂ ਜੋਰਦਾਰ ਨਾਅਰੇਬਾਜੀ ਕੀਤੀ ਅਤੇ ਆਵਾਜਾਈ ਰੋਕ ਦਿੱਤੀ ਜਿਸ ਨਾਲ ਵੱਡਾ ਜਾਮ ਲੱਗ ਗਿਆ।ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਅਧਿਕਾਰੀਆਂ ਏ.ਸੀ.ਪੀ ਗੌਰਵ ਗਰਗ, ਬਾਲ ਕਿਸ਼ਨ ਸਿੰਗਲਾ, ਮਨਵਿੰਦਰ ਸਿੰਘ ਬਰਾੜ ਨੇ ਮੌਕੇ ‘ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦਾ ਯਤਨ ਕੀਤਾ।ਉਨਾਂ ਨੇ ਕਿਹਾ ਕਿ ਅਚਨਚੇਤ ਵਾਪਰੀ ਇਸ ਘਟਨਾ ਦਾ ਉਨਾਂ ਨੂੰ ਬਹੁਤ ਦੁੱਖ ਅਤੇ ਪੀੜਤਾਂ ਨਾਲ ਉਨਾਂ ਦੀ ਪੂਰੀ ਹਮਦਰਦੀ ਹੈ।ਉਨਾਂ ਕਿਹਾ ਕਿ ਜਿੰਨਾਂ ਨੂੰ ਸੱਟਾਂ ਲੱਗੀਆਂ ਹਨ ਉਨਾਂ ਦਾ ਇਲਾਜ਼ ਪੁਲਿਸ ਵਲੋਂ ਆਪਣੇ ਖਰਚੇ ‘ਤੇ ਕਰਵਾਇਆ ਜਾਵੇਗਾ।ਸੂਚਨਾ ਹੈ ਕਿ ਪੁਲਿਸ ਵਲੋਂ ਉਨਾਂ ਦੋ ਅੋਰਤਾਂ ਨੂੰ ਹਸਪਤਾਲ ਦਾਖਲ ਵੀ ਕਰਵਾ ਦਿੱਤਾ ਗਿਆ ਹੈ, ਜਿੰਨਾਂ ਦੀਆਂ ਲੱਤਾਂ ਟੁੱਟੀਆਂ ਦੱਸੀਆਂ ਗਈਆਂ ਸਨ।ਜਿਸ ਤੋਂ ਬਾਅਦ ਲੋਕਾਂ ਨੇ ਪ੍ਰਦਰਸ਼ਨ ਰੋਕ ਕੇ ਜਾਮ ਹਟਾ ਦਿੱਤਾ ਅਤੇ ਅਵਾਜਾਈ ਬਹਾਲ ਕਰ ਦਿੱਤੀ।ਉਧਰ ਏ.ਸੀ.ਪੀ ਗੌਰਵ ਗਰਗ ਦਾ ਕਹਿਣਾ ਹੈ ਕਿ ਪੁਲਿਸ ਨੂੰ ਲੋੜੀਂਦੇ ਵਿਅੱਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ।ਏ.ਡੀ.ਸੀ.ਪੀ ਪਰਮਪਾਲ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਡਿਊਟੀ ਦੌਰਾਨ ਪਲਿਸ ਪਾਰਟੀ ‘ਤੇ ਹੋਏ ਹਮਲੇ ਸਬੰਧੀ ਕਨੂੰਨੀ ਕਾਰਵਾਈ ਅੰਜ਼ਾਮ ਦਿੱਤੀ ਜਾਵੇਗੀ।
Punjab Post Daily Online Newspaper & Print Media