Monday, April 13, 2026

ਅੰਗਹੀਣਾਂ ਨੂੰ ਯੂਨੀਕ ਕਾਰਡ ਜਾਰੀ ਕਰਨ ਲਈ ਵਿਸ਼ੇਸ਼ ਮੁਹਿੰਮ 17 ਤੋਂ – ਡਿਪਟੀ ਕਮਿਸ਼ਨਰ

ਅੰਗਹੀਣਾਂ ਲਈ 15 ਜਨਵਰੀ ਤੱਕ ਵੱਖ-ਵੱਖ ਹਸਪਤਾਲਾਂ ‘ਚ ਲੱਗਣਗੇ ਕੈਂਪ

ਕਪੂਰਥਲਾ, 12 ਦਸੰਬਰ (ਪੰਜਾਬ ਪੋਸਟ ਬਿਊਰੋ) – ਜਿਲਾ ਪ੍ਰਸ਼ਾਸ਼ਨ ਵਲੋਂ ਅੰਗਹੀਣਾਂ ਤੇ ਸਰੀਰਕ ਤੌਰ `ਤੇ ਅਸਮਰੱਥ ਵਿਅਕਤੀਆਂ ਨੂੰ ਯੂਨੀਕ ਕਾਰਡ ਜਾਰੀ ਕਰਨ ਦੀ ਵਿਸ਼ੇਸ਼ ਮੁਹਿੰਮ 17 ਦਸੰਬਰ ਤੋਂ 15 ਜਨਵਰੀ ਤੱਕ ਚੱਲੇਗੀ ਜਿਸ ਤਹਿਤ ਸਬ ਡਿਵੀਜ਼ਨ ਪੱਧਰ ‘ਤੇ ਹੋਰਨਾਂ ਸਰਕਾਰੀ ਹਸਪਤਾਲਾਂ ਅੰਦਰ ਕੈਂਪ ਲਗਾ ਕੇ ਯੂਨੀਕ ਕਾਰਡ ਬਣਾਏ ਜਾਣਗੇ।
                       17 ਦਸੰਬਰ ਨੂੰ ਕਮਿਊਨਿਟੀ ਸਿਹਤ ਕੇਂਦਰ ਟਿੱਬਾ, 18 ਦਸੰਬਰ ਨੂੰ ਪ੍ਰਾਇਮਰੀ ਸਿਹਤ ਕੇਂਦਰ ਢਿਲਵਾਂ, 21 ਨੂੰ ਸੀ.ਐਚ.ਸੀ ਫੱਤੂਢੀਂਗਾ, 22 ਨੂੰ ਸੀ.ਐਚ.ਸੀ ਬੇਗੋਵਾਲ, 28 ਨੂੰ ਸੀ.ਐਚ.ਸੀ ਕਾਲਾ ਸੰਘਿਆਂ, 29 ਨੂੰ ਸੀ.ਐਚ.ਸੀ ਪਾਂਸ਼ਟਾ, 7 ਜਨਵਰੀ ਨੂੰ ਸਰਕਾਰੀ ਹਸਪਤਾਲ ਸੁਲਤਾਨਪੁਰ ਲੋਧੀ, 8 ਜਨਵਰੀ ਨੂੰ ਸਰਕਾਰੀ ਹਸਪਤਾਲ ਫਗਵਾੜਾ, 14 ਜਨਵਰੀ ਨੂੰ ਸਰਕਾਰੀ ਹਸਪਤਾਲ ਭੁਲੱਥ ਤੇ 15 ਜਨਵਰੀ ਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਕੈਂਪ ਲੱਗੇਗਾ।
                       ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਸਰੀਰਕ ਤੌਰ `ਤੇ ਅਸਮਰੱਥ ਵਿਅਕਤੀਆਂ ਦੀ ਸਹੂਲਤ ਲਈ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਜੋ ਉਨਾਂ ਨੂੰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਲੋਂ ਭਲਾਈ ਯੋਜਨਾਵਾਂ ਤੇ ਹੋਰ ਲਾਭਾਂ ਨੂੰ ਲੈਣ ਵਿਚ ਕੋਈ ਦਿੱਕਤ ਪੇਸ਼ ਨਾ ਆਵੇ।ਇਸ ਤੋਂ ਇਲਾਵਾ ਜਿਲੇ ਅੰਦਰ ਪਹਿਲੀ ਤੋਂ 5ਵੀਂ ਕਲਾਸ ਦੇ 591 ਤੇ 6ਵੀਂ ਜਮਾਤ ਤੋਂ 12ਵੀਂ ਜਮਾਤ ਦੇ 1005 ਵਿਦਿਆਰਥੀ ਜੋ ਕਿ ਸਰੀਰਕ ਤੌਰ `ਤੇ ਅਸਮਰੱਥ ਹਨ, ਨੂੰ ਵੀ ਯੂਨੀਕ ਕਾਰਡ ਜਾਰੀ ਕੀਤੇ ਜਾਣਗੇ।ਇਸ ਸਬੰਧੀ ਸਿੱਖਿਆ ਵਿਭਾਗ ਤੇ ਸਿਹਤ ਵਿਭਾਗ ਨੂੰ ਬਿਹਤਰੀਨ ਤਾਲਮੇਲ ਲਈ ਟੀਮਾਂ ਬਣਾਉਣ ਦੇ ਹੁਕਮ ਦਿੱਤੇ ਗਏ ਹਨ।
                    ਇਨਾਂ ਕੈਂਪਾਂ ‘ਚ 21 ਤਰਾਂ ਦੇ ਦਿਵਿਯਾਂਗਜਨਾਂ ਨੂੰ ਯੂਨੀਕ ਕਾਰਡ ਜਾਰੀ ਹੋਣਗੇ।ਜਿਸ ਵਿਚ ਅੰਨਾਪਣ, ਕੁਸ਼ਟ ਰੋਗ, ਮਾਨਸਿਕ ਬਿਮਾਰੀ, ਬੋਧਿਕ ਅਪੰਗਤਾ, ਬੋਲਾਪਣ, ਗੂੰਗਾਪਣ, ਤੇਜਾਬੀ ਹਮਲੇ ਦੇ ਪੀੜ੍ਹਤ, ਹੀਮੋਫੀਲੀਆ, ਥੈਲੇਸੇਮੀਆ, ਗੰਭੀਰ ਦਿਮਾਗੀ ਪ੍ਰਸਥਿਤੀ, ਤੁਰਨ ਫਿਰਨ ਦੀ ਕਮਜ਼ੋਰੀ, ਮਾਸ਼ਪੇਸ਼ੀਆਂ ਦੀ ਕਮਜ਼ੋਰੀ, ਮਲਟੀਪਲ ਸਕਲੋਰੋਸਿਸ, ਬੌਣਾਪਨ, ਸਿਕਲ ਸੈਲ ਰੋਗ, ਪਾਰਕਿੰਸਨਸ ਰੋਗ, ਬੋਲਣ ਤੇ ਸਮਝਣ ਦੀ ਅਯੋਗਤਾ, ਖਾਸ ਸਿਖਲਾਈ ਦੀ ਅਯੋਗਤਾ, ਆਟਿਜ਼ਮ ਸਪੈਲਟ੍ਰਮ ਡਿਸਆਰਡਰ, ਬੋਲੇ ਅੰਨੇਪਣ ਸਮੇਤ ਅਯੋਗਤਾ ਤੇ ਘੱਟ ਨਜ਼ਰ ਸ਼ਾਮਿਲ ਹਨ।
                   ਯੂਨੀਕ ਕਾਰਡ ਪਹਿਲਾਂ ਜਾਰੀ ਕੀਤੇ ਜਾਂਦੇ ਮੈਨੂਅਲ ਸਰਟੀਫਿਕੇਟਾਂ ਦੀ ਥਾਂ ਲੈਣਗੇ।ਯੂਨੀਕ ਕਾਰਡ ਕਿਸੇ ਵੀ ਥਾਂ ਆਨਲਾਈਨ ਅਸੈਸ ਕੀਤਾ ਜਾ ਸਕੇਗਾ, ਜਿਸ ਨਾਲ ਨਾ ਸਿਰਫ ਪਾਰਦਰਸ਼ਤਾ ਵਧੇਗੀ ਸਗੋਂ ਅੰਗਹੀਣ ਵਿਅਕਤੀ ਨੂੰ ਵਾਰ-ਵਾਰ ਸਰਟੀਫਿਕੇਟ ਨਵਿਆਉਣ ਲਈ ਹਸਪਤਾਲ ਨਹੀਂ ਜਾਣਾ ਪਵੇਗਾ।

Check Also

ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …