ਸਮਰਾਲਾ, 15 ਦਸੰਬਰ (ਇੰਦਰਜੀਤ ਸਿੰਘ ਕੰਗ) – ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਚੱਲ ਰਹੇ ਕਿਸਾਨੀ ਅੰਦੋਲਨ ਵਿੱਚ ਨਵੀਂ ਰੂਹ ਫੂਕਣ ਲਈ ਦਿਨ ਪ੍ਰਤੀ ਦਿਨ
ਪੰਜਾਬ ਤੋਂ ਵੱਖ-ਵੱਖ ਤਰ੍ਹਾਂ ਦੇ ਸਲੋਗਨ ਲੈ ਕੇ ਜੂਝਾਰੂ ਸੋਚ ਰੱਖਣ ਵਾਲੇ ਲੋਕ ਪਹੁੰਚ ਰਹੇ ਹਨ।ਇਸੇ ਤਰ੍ਹਾਂ ਦਾ ਜੋਸ਼ ਭਰਨ ਲਈ ਸਮਰਾਲਾ ਤੋਂ ਅਕਸ ਰੰਗਮੰਚ ਦੀ ਟੀਮ ਅਤੇ ਸਮਾਜਸੇਵੀ ਸੰਸਥਾ ਸਮਰਾਲਾ ਸੋਸ਼ਲ ਵੇਲਫੇਅਰ ਸੁਸਾਇਟੀ ਤਿੰਨ ਵਾਰ ਕੁੰਡਲੀ ਬਾਰਡਰ ਦਾ ਦੌਰਾ ਕਰ ਚੁੱਕੀ ਹੈ ਅਤੇ ਅਕਸ ਰੰਗਮੰਚ ਦੀ ਟੀਮ ਦੋ ਵਾਰ ਉਥੋਂ ਦੀ ਮੁੱਖ ਸਟੇਜ ਤੋਂ ਕੋਰਿਓਗ੍ਰਾਫੀ ‘ਅੰਨ ਦਾਤਾ’ ਨਾਲ ਉਥੇ ਸੰਘਰਸ਼ ਕਰ ਰਹੇ ਕਿਸਾਨਾਂ ਵਿੱਚ ਇੱਕ ਨਵੀਂ ਤਰ੍ਹਾਂ ਦੀ ਰੂਹ ਫੂਕਣ ਵਿੱਚ ਕਾਮਯਾਬ ਹੋ ਚੁੱਕੀ ਹੈ।ਬੀਤੇ ਦਿਨੀਂ ਇਹ ਟੀਮ ਤੀਜੀ ਵਾਰ ਫਿਰ ਕੁੰੁਡਲੀ ਬਾਰਡਰ ਤੇ ਪੁੱਜੀ।
ਰਾਜਵਿੰਦਰ ਸਮਰਾਲਾ ਅਤੇ ਕਮਲਜੀਤ ਕੌਰ ਦਿਆਲਪੁਰਾ ਦੀ ਅਗਵਾਈ ਹੇਠ ਪੰਜ ਕਿਲੋਮੀਟਰ ਦੇ ਕਰੀਬ ਤੁਰ ਕੇ ਆਪਣੀ ਝਾਕੀ ਦੀ ਸ਼ੁਰੂਆਤ ਨਾਲ ਕੀਤੀ, ਜਿਸ ਵਿੱਚ ਕਿਸਾਨ ਨੂੰ ਦੇਸ਼ ਦੇ ਸਿਆਸੀ ਅਤੇ ਕਾਰਪੋਰੇਟ ਘਰਾਣਿਆਂ ਦੁਆਰਾ ਸੰਗਲਾਂ ਨਾਲ ਜਕੜਿਆ ਦਿਖਾਇਆ ਗਿਆ।ਕਿਸ ਤਰ੍ਹਾਂ ਦੇਸ਼ ਦੇ ਸਿਆਸੀ ਨੇਤਾ ਸਫੈਦਪੋਸ਼ ਬਣ ਕੇ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਬਣ ਕੇ ਆਪਣੇ ਦੇਸ਼ ਦੇ ਅੰਨਦਾਤੇ ਨੂੰ ਲਿਤਾੜ ਰਹੇ ਹਨ।ਇਹ ਝਾਕੀ ਲੋਕਾਂ ਅਤੇ ਟੈਲੀ ਮੀਡੀਆ ਦੀ ਖਿੱਚ ਦਾ ਕੇਂਦਰ ਬਣੀ ਰਹੀ।ਸ਼ਾਮ ਨੂੰ ਕਿਸਾਨੀ ਘੋਲ ਦੀ ਮੁੱਖ ਸਟੇਜ਼ ਤੋਂ ਦੂਜੀ ਵਾਰ ‘ਅੰਨਦਾਤਾ’ ਕੋਰਿਓਗ੍ਰਾਫੀ ਕਰਨ ਦਾ ਸੱਦਾ ਮਿਲਿਆ।ਹਜਾਰਾਂ ਲੋਕਾਂ ਦੇ ਇਕੱਠ ਨੇ ਇਸ 20 ਮਿੰਟ ਦੀ ਕੋਰਿਓਗ੍ਰਾਫੀ ਨੂੰ ਸਾਹ ਰੋਕ ਕੇ ਦੇਖਿਆ।ਕਿਸ ਤਰ੍ਹਾਂ ਦੇਸ਼ ਦੀ ਮਾੜੀ ਸਿਆਸਤ ਅਤੇ ਕਾਰਪੋਰੇਟ ਲੋਕਾਂ ਦੀ ਮਿਲੀਭੁਗਤ ਕਿਸਾਨ ਦੀ ਦੁਰਦਸ਼ਾ ਕਰਨ ਲਈ ਹੱਥਕੰਡੇ ਅਪਣਾ ਰਹੀ ਹੈ ਅਤੇ ਕਿਸਾਨੀ ਦੇ ਹੱਕਾਂ ਨੂੰ ਮਾਰ ਰਹੀ ਹੈ।ਇਸ ਕੋਰਿਓਗ੍ਰਾਫੀ ਦੇ ਅੰਤ ਵਿੱਚ ਕਲਾਕਾਰਾਂ ਵਲੋਂ ਦਿੱਤੇ ਨਾਅਰੇ ‘ਜੰਗ ਮੁੱਕੀ ਨਹੀਂ ਅਜੇ ਸ਼ੁਰੂ ਹੋਈ ਐ’ ਨਾਲ ਹਜਾਰਾਂ ਲੋਕਾਂ ਨੇ ਅਕਾਸ਼ ਗੂੰਜਣ ਲਾ ਦਿੱਤਾ ਅਤੇ ਲੋਕਾਂ ਅੰਦਰ ਕੜਕਦੀ ਠੰਡ ਵਿੱਚ ਵੀ ਨਵਾਂ ਜੋਸ਼ ਭਰ ਦਿੱਤਾ।ਕੋਰਿਓਗ੍ਰਾਫੀ ਵਿੱਚ ਸਾਥ ਦੇਣ ਵਾਲੇ ਕਲਾਕਾਰ ਸਾਥੀ ਗਗਨਦੀਪ ਸ਼ਰਮਾ, ਤਰਨਬੀਰ ਸਿੰਘ, ਵਿਸ਼ਾਲ ਸਿੰਘ, ਊਦੇ ਵੀਰ ਸਿੰਘ, ਰਵੀ ਹੰਸ, ਅਜੈ ਕੁਮਾਰ, ਅਭੈਜੀਤ ਸਿੰਘ, ਪੁਨੀਤ ਸਿਹਾਲਾ, ਪ੍ਰਭਸਿਮਰਨ ਸਿੰਘ, ਹਰਪ੍ਰੀਤ ਸਿੰਘ, ਬੁਨੀਤ ਅਤਰੀ, ਦੀਪਕ ਕੁਮਾਰ ਨਵਾਂ ਸ਼ਹਿਰ, ਜਤਿੰਦਰ ਵਿਰਦੀ ਨਵਾਂ ਸ਼ਹਿਰ, ਲਾਡੀ ਧਾਲੀਵਾਲ ਤੋਂ ਇਲਾਵਾ ਸਮਾਜਸੇਵੀ ਸੰਸਥਾ ਸਮਰਾਲਾ ਸੋਸ਼ਲ ਵੇਲਫੇਅਰ ਸੁਸਾਇਟੀ ਵਲੋਂ ਇੰਦਰਜੀਤ ਸਿੰਘ ਕੰਗ, ਐਡਵੋਕੇਟ ਵਿਨੈ ਕਸ਼ਅਪ, ਸੁਖਵੀਰ ਸਿੰਘ ਕੰਗ, ਅਮਨਦੀਪ ਕੌਂਸਲ, ਨੀਰਜ ਸਿਹਾਲਾ ਅਤੇ ਅਜੈ ਸ਼ਰਮਾ ਸ਼ਾਮਲ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media