Wednesday, February 25, 2026

ਕਿਸਾਨੀ ਸੰਘਰਸ਼ ਦਾ ਸ਼ਹੀਦ ਗੱਜਣ ਸਿੰਘ ਖੱਟਰਾਂ

                ਗੱਜਣ ਸਿੰਘ ਦਾ ਜਨਮ 22 ਮਈ 1964 ਨੂੰ ਪਿੰਡ ਖੱਟਰਾਂ, ਤਹਿਸੀਲ ਸਮਰਾਲਾ (ਲੁਧਿਆਣਾ) ਵਿਖੇ ਪਾਲ ਸਿੰਘ ਦੇ ਗ੍ਰਹਿ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਹੋਇਆ।ਆਪਣੇ ਦੋ ਭਰਾਵਾਂ ਸੱਜਣ ਸਿੰਘ, ਨਿਰਮਲ ਸਿੰਘ ਅਤੇ ਭੈਣ ਸੁਰਿੰਦਰ ਕੌਰ ਤੋਂ ਛੋਟਾ ਸੀ।ਉਹ ਸ਼ੁਰੂ ਤੋਂ ਧਾਰਮਿਕ ਬਿਰਤੀ ਅਤੇ ਮਿਹਨਤ ਕਰਨ ਵਿੱਚ ਵਿਸ਼ਵਾਸ਼ ਰੱਖਣ ਵਾਲਾ ਸੀ।ਦਸਵੀਂ ਕਰਨ ਉਪਰੰਤ ਅਮ੍ਰਿਤਪਾਨ ਕਰਕੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਗੁਰਦੁਆਰਿਆਂ ਵਿੱਚ ਪਾਠ ਕਰਨ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ।ਇਕੱਲੇ ਗੁਰਦੁਆਰਾ ਸ੍ਰੀ ਆਲਮਗੀਰ ਸਾਹਿਬ ਵਿਖੇ ਤਕਰੀਬਨ 10 ਸਾਲ ਅਤੇ ਤਕਰੀਬਨ ਪੰਦਰਾਂ-ਵੀਹ ਸਾਲ ਵੱਖ-ਵੱਖ ਗੁਰਦੁਆਰਿਆਂ ਵਿੱਚ ਪਾਠ ਕਰਨ ਦੀ ਸੇਵਾ ਕੀਤੀ।
              ਜ਼ਮੀਨ ਜਾਇਦਾਦ ਥੋੜੀ ਹੋਣ ਕਾਰਨ ਵੱਡੇ ਭਰਾ ਨਿਰਮਲ ਸਿੰਘ ਦੀ ਹੀ ਸ਼ਾਦੀ ਹੋ ਸਕੀ।ਗੱਜਣ ਸਿੰਘ ਆਪਣੇ ਭਤੀਜੇ ਰਣਜੀਤ ਸਿੰਘ ਅਤੇ ਹਰਦੀਪ ਸਿੰਘ ਨਾਲ ਰਹਿ ਕੇ ਖੇਤੀਬਾੜੀ ਦਾ ਕੰਮਕਾਰ ਕਰਦਾ ਸੀ।ਗੱਜਣ ਸਿੰਘ ਜਿਥੇ ਇੱਕ ਧਾਰਮਿਕ ਬਿਰਤੀ ਵਾਲੇ ਇਨਸਾਨ ਸਨ, ਉਥੇ ਉਹ ਇੱਕ ਤਰਕਸ਼ੀਲ ਵਿਅਕਤੀ ਵੀ ਸਨ।ਗੱਜਣ ਸਿੰਘ ਨੂੰ ਜੜ੍ਹੀਆਂ ਬੂਟੀਆਂ ਅਤੇ ਦੇਸੀ ਦਵਾਈਆਂ ਬਾਰੇ ਕਾਫੀ ਗਿਆਨ ਸੀ ਅਤੇ ਪੌਦਿਆਂ ਬਾਰੇ ਜਾਣਕਾਰੀ ਇਕੱਤਰ ਕਰਨਾ ਵੀ ਉਸ ਦਾ ਸ਼ੌਕ ਸੀ।
ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਸਬੰਧੀ ਜੋ ਕਾਲੇ ਕਾਨੂੰਨ ਪਾਸ ਕੀਤੇ ਗਏ ਹਨ, ਉਨ੍ਹਾਂ ਕਾਲੇ ਕਾਨੂੰਨਾ ਖਿਲਾਫ 6 ਅਕਤੂਬਰ ਤੋਂ ਘੁਲਾਲ ਟੋਲ ਪਲਾਜਾ ‘ਤੇ ਲੱਗੇ ਰੋਸ ਧਰਨੇ ਵਿੱਚ 23 ਨਵੰਬਰ ਤੱਕ ਗੱਜਣ ਸਿੰਘ ਦੀ ਇੱਕ ਵੀ ਗੈਰਹਾਜ਼ਰੀ ਨਹੀਂ ਸੀ।ਉਹ ਹਰ ਰੋਜ਼ ਧਰਨੇ ਵਿੱਚ ਆਪਣੀ ਪੂਰੀ ਹਾਜ਼ਰੀ ਦੇ ਕੇ ਕਿਸਾਨਾਂ ਦਾ ਸਾਥ ਦਿੰਦਾ ਰਿਹਾ।ਕਿਸਾਨ ਯੂਨੀਅਨਾਂ ਦੇ ਸੱਦੇ ‘ਤੇ ਗੱਜਣ ਸਿੰਘ ਦਿੱਲੀ ਦਾ ਘਿਰਾਓ ਕਰਨ ਲਈ 24 ਨਵੰਬਰ ਨੂੰ ਘੁਲਾਲ ਟੋਲ ਪਲਾਜੇ ਤੋਂ ਆਪਣੇ ਸਾਥੀਆਂ ਨਾਲ ਟਰੈਕਟਰ-ਟਰਾਲੀਆਂ ਵਿੱਚ ਸਵਾਰ ਹੋ ਕੇ ਦਿੱਲੀ ਲਈ ਰਵਾਨਾ ਹੋਇਆ।ਇਨ੍ਹਾਂ ਦਾ ਜਥਾ ਹਰਿਆਣਾ ਸਰਕਾਰ ਵਲੋਂ ਲਗਾਈਆਂ ਰੋਕਾਂ ਨੂੰ ਸਰ ਕਰਦਾ ਹੋਇਆ 27 ਨਵੰਬਰ ਨੂੰ ਦਿੱਲੀ ਪਹੁੰਚ ਗਿਆ।ਜਿਥੇ ਉਹ ਪੂਰੀ ਚੜਦੀ ਕਲਾ ਵਿੱਚ ਰਿਹਾ ਅਤੇ ਕਿਸਾਨੀ ਸੰਘਰਸ਼ ਵਿੱਚ ਮੌਢੇ ਨਾਲ ਮੋਢਾ ਜੋੜ ਕੇ ਸਾਥ ਦਿੰਦਾ ਰਿਹਾ।
29 ਨਵੰਬਰ ਦੀ ਸ਼ਾਮ ਗੱਜਣ ਸਿੰਘ ਦੀ ਤਬੀਅਤ ਕੁੱਝ ਢਿੱਲੀ ਹੋ ਗਈ, ਜਿਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਪ੍ਰੰਤੂ ਕੁੱਝ ਪਲਾਂ ‘ਚ ਹੀ ਕਿਸਾਨੀ ਸੰਘਰਸ਼ ਦਾ ਯੋਧਾ ਸੰਸਾਰ ਨੂੰ ਅਲਵਿਦਾ ਆਖ ਸਵਰਗੀ ਗੱਜਣ ਸਿੰਘ ਬਣ ਗਿਆ।
                  ਗੱਜਣ ਸਿੰਘ ਦੀ ਅੰਤਿਮ ਅਰਦਾਸ ਅੱਜ ਮਿਤੀ 16 ਦਸੰਬਰ ਨੂੰ ਪਿੰਡ ਖੱਟਰਾਂ (ਨੇੜੇ ਸਮਰਾਲਾ) ਦੇ ਗੁਰਦੁਆਰਾ ਸਿੰਘ ਸਭਾ ਵਿਖੇ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਹੋਵੇਗੀ।ਜਿਥੇ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ, ਕਲੱਬਾਂ, ਗਰਾਮ ਪੰਚਾਇਤਾਂ ਦੇ ਨੁਮਇੰਦੇ ਅਤੇ ਇਲਾਕੇ ਦੇ ਲੋਕ ਕਿਸਾਨੀ ਸੰਘਰਸ਼ ਦੇ ਸ਼ਹੀਦ ਗੱਜਣ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ।

ਇੰਦਰਜੀਤ ਸਿੰਘ ਕੰਗ
ਸਮਰਾਲਾ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …