ਸਰਕਾਰ ਈਸਾਈ ਭਾਈਚਾਰੇ ਦੇ ਵਿਕਾਸ ਲਈ ਵਚਨਬੱਧ- ਵਿਧਾਇਕ ਅਜਨਾਲਾ
ਅੰਮ੍ਰਿਤਸਰ, 25 ਦਸੰਬਰ (ਸੁਖਬੀਰ ਸਿੰਘ) – ਸੰਤ ਮਾਈਕਲ ਕੈਥੋਲਿਕ ਚਰਚ ਅਜਨਾਲਾ ਵਿਖੇ ਪ੍ਰਭੂ ਯਿਸ਼ੂ ਮਸੀਹ ਜੀ ਦੇ ਜਨਮ ਦਿਹਾੜੇ ਸਬੰਧੀ ਸਮਾਗਮ
ਕਰਵਾਇਆ ਗਿਆ।ਜਿਸ ਵਿੱਚ ਸੁਖਬਿੰਦਰ ਸਿੰਘ ਸਰਕਾਰੀਆ ਸ਼ਹਿਰੀ ਵਿਕਾਸ ਤੇ ਜਲ ਸਰੋਤ ਮੰਤਰੀ ਪੰਜਾਬ ਅਤੇ ਹਰਪ੍ਰਤਾਪ ਸਿੰਘ ਅਜਨਾਲਾ ਹਲਕਾ ਵਿਧਾਇਕ ਅਜਨਾਲਾ ਨੇ ਸ਼ਿਰਕਤ ਕਰਕੇ ਸਮੂਹ ਪੰਜਾਬੀਆਂ ਨੂੰ ਵੱਡੇ ਦਿਨ ਦੀ ਮੁਬਾਰਕਬਾਦ ਦਿੱਤੀ।
ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸਰਕਾਰੀਆ ਨੇ ਕਿਹਾ ਕਿ ਇਸ ਸਮਾਗਮ ਵਿੱਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ਿਰਕਤ ਕੀਤੀ ਜਾਣੀ ਸੀ, ਪ੍ਰੰਤੂ ਮੌਸਮ ਦੀ ਖਰਾਬੀ ਕਾਰਨ ਉਹ ਸਮਾਗਮ ਵਿੱਚ ਨਹੀਂ ਪਹੁੰਚ ਸਕੇ।ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵਲੋਂ ਉਨ੍ਹਾਂ ਦੀ ਡਿਊਟੀ ਇਸ ਸਮਾਗਮ ਵਿੱਚ ਪਹੁੰਚਣ ਲਈ ਲਗਾਈ ਗਈ ਸੀ।ਸਰਕਾਰੀਆ ਨੇ ਕਿਹਾ ਕਿ ਪ੍ਰਭੂ ਯਿਸ਼ੂ ਮਸੀਹ ਜੀ ਦਾ ਜਨਮ ਦਿਹਾੜਾ ਪੂਰੇ ਸੰਸਾਰ ‘ਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।ਉਹ ਪ੍ਰਭੂ ਯਿਸ਼ੂ ਮਸੀਹ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਨ ਕਿ ਪੂਰੀ ਦੁਨੀਆਂ ‘ਚ ਪਿਆਰ ਤੇ ਭਾਈਚਾਰਾ ਬਣਿਆ ਰਹੇ।
ਸਰਕਾਰੀਆ ਨੇ ਕਿਹਾ ਕਿ ਕਾਂਗਰਸ ਧਰਪ ਨਿਰਪੱਖ ਪਾਰਟੀ ਹੈ ਅਤੇ ਉਹ ਸਾਰੇ ਧਰਮਾਂ ਦਾ ਮਾਣ ਸਤਿਕਾਰ ਕਰਦੇ ਹਾਂ।ਪੰਜਾਬ ਸਰਕਾਰ ਵੱਲੋਂ ਸ਼ਗਨ ਸਕੀਮ ਵਿੱਚ ਈਸਾਈ ਭਾਈਚਾਰੇ ਦੀਆਂ ਲੜਕੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਅਤੇ ਪੋਸਟ ਮੈਟ੍ਰਿਕ ਵਜੀਫੇ ਵੀ ਦਿੱਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਇਸਾਈ ਭਾਈਚਾਰੇ ਦੀਆਂ ਜੋ ਵੀ ਮੰਗਾਂ ਹਨ, ਉਹ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿੱਚ ਲਿਆਉਣਗੇ ਅਤੇ ਉਨ੍ਹਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਦਿੱਲੀ ਦੀ ਸਰਹੱਦ ’ਤੇ ਜੋ ਅੰਨਦਾਤਾ ਸੰਘਰਸ਼ ਕਰ ਰਹੇ ਹਨ, ਪ੍ਰਭੂ ਉਨ੍ਹਾਂ ਦੇ ਸੰਘਰਸ਼ ਨੂੰ ਕਾਮਯਾਬੀ ਬਖਸ਼ਣ ਅਤੇ ਜਾਲਮ ਹਾਕਮ ਸਰਕਾਰ ਕਾਲੇ ਕਾਨੂੰਨ ਵਾਪਸ ਲਵੇ।ਸਰਕਾਰੀਆ ਨੇ ਚੌਗਾਵਾਂ ਤੋਂ ਅਜਨਾਲਾ ਜਾਣ ਵਾਲੀ ਸੜਕ ਦੇ ਨਿਰਮਾਣ ਦਾ ਐਲਾਨ ਵੀ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਹਲਕਾ ਅਜਨਾਲਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪ੍ਰਭੂ ਯਿਸ਼ੂ ਜੀ ਵੱਲੋਂ ਦਰਸਾਏ ਰਸਤੇ ‘ਤੇ ਚੱਲਣਾ ਚਾਹੀਦਾ ਹੈ।ਅਜਨਾਲਾ ਨੇ ਕਿਹਾ ਕਿ ਈਸਾਈ ਭਾਈਚਾਰੇ ਨੇ ਹਮੇਸ਼ਾਂ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕੀਤਾ ਹੈ ਅਤੇ ਸਾਡੀ ਸਰਕਾਰ ਇਸਾਈ ਭਾਈਚਾਰੇ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ।ਚਰਚ ਦੇ ਫਾਦਰ ਜੌਨ ਵਲੋਂ ਸਰਕਾਰੀਆ ਅਤੇ ਵਿਧਾਇਕ ਅਜਨਾਲਾ ਨੂੰ ਫੁੱਲ ਦੇ ਗੋਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਕੰਵਰ ਪ੍ਰਤਾਪ ਸਿੰਘ ਅਜਨਾਲਾ, ਐਡਵੋਕੇਟ ਬ੍ਰਿਜ ਮੋਹਨ, ਦਵਿੰਦਰ ਸਿੰਘ, ਵਿਜੈ ਤਰੇਹਨ, ਗੁਰਦੇਵ ਸਿੰਘ ਨਿੱਝਰ, ਪ੍ਰਵੀਨ, ਰੋਹਿਤ ਪੁਰੀ, ਪ੍ਰਧਾਨ ਬਿਕਰਮ ਮਸੀਹ, ਸੁਨੀਲ ਗਿੱਲ, ਲਖਬੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।
Punjab Post Daily Online Newspaper & Print Media