ਅੰਮ੍ਰਿਤਸਰ, 5 ਜਨਵਰੀ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਜ਼ਿਲ੍ਹਾ ਵਾਸੀਆਂ ਨੂੰ ਸਰਦ ਰੁੱਤ ਦੌਰਾਨ ਪੈਣ ਵਾਲੀ ਕੜਾਕੇ ਦੀ ਠੰਢ
ਅਤੇ ਧੁੰਦ ਵਿਚ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਕਿ ਸ਼ੀਤ ਲਹਿਰ ਕਾਰਨ ਬਚਾਅ ਲਈ ਸਾਵਧਾਨੀਆਂ ਦੀ ਲਾਜ਼ਮੀ ਤੌਰ ’ਤੇ ਵਰਤੋਂ ਕਰਨੀ ਚਾਹੀਦੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਕਾਰਨ ਇਨ੍ਹਾਂ ਸਾਵਧਾਨੀਆਂ ਦੀ ਪਾਲਣਾ ਹੋਰ ਵੀ ਜ਼ਰੂਰੀ ਹੈ, ਕਿਉਂਕਿ ਕੋਰੋਨਾ ਵਾਇਰਸ ਸਾਹ ਪ੍ਰਣਾਲੀ ’ਤੇ ਸਿੱਧਾ ਹਮਲਾ ਕਰਦਾ ਹੈ ਅਤੇ ਸ਼ੀਤ ਲਹਿਰ ਦੌਰਾਨ ਫਲੂ, ਨੱਕ ਦਾ ਵਗਣਾ ਜਾਂ ਗਲਾ ਖ਼ਰਾਬ ਹੋਣਾ ਆਮ ਅਲਾਮਤਾਂ ਹਨ।ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਸਰਦ ਰੁੱਤ ਦੌਰਾਨ ਗਰਮ ਕੱਪੜਿਆਂ, ਦਸਤਾਨਿਆਂ ਅਤੇ ਮਫਲਰ ਆਦਿ ਦੀ ਵਰਤੋਂ ਕੀਤੀ ਜਾਵੇ ਅਤੇ ਨੱਕ, ਮੂੰਹ ਅਤੇ ਸਿਰ ਢੱਕ ਕੇ ਰੱਖਿਆ ਜਾਵੇ।ਇਸੇ ਤਰ੍ਹਾਂ ਪੈਰਾਂ ਨੂੰ ਠੰਢ ਤੋਂ ਬਚਾਉਣ ਲਈ ਬੰਦ ਜੁੱਤੀਆਂ ਦਾ ਇਸਤੇਮਾਲ ਕੀਤਾ ਅਤੇ ਭਿੱਜ ਜਾਣ ’ਤੇ ਗਿੱਲੇ ਕੱਪੜੇ ਤੁਰੰਤ ਬਦਲ ਲਏ ਜਾਣ।
ਉਨਾਂ ਕਿਹਾ ਕਿ ਸਰੀਰ ਦੀ ਰੋਗਾਂ ਨਾਲ ਲੜਨ ਵਾਲੀ ਸ਼ਕਤੀ ਵਧਾਉਣ ਲਈ ਸਰੀਰ ਨੂੰ ਗਰਮ ਰੱਖਣਾ ਬੇਹੱਦ ਜ਼ਰੂਰੀ ਹੈ, ਇਸ ਲਈ ਵਿਟਾਮਿਨ-ਸੀ ਨਾਲ ਭਰਪੂਰ ਸੰਤੁਲਿਤ ਭੋਜਨ ਦੇ ਨਾਲ-ਨਾਲ ਥੋੜ੍ਹੇ-ਥੋੜ੍ਹੇ ਵਕਫੇ ’ਤੇ ਗਰਮ ਤਰਲ ਪਦਾਰਥ ਵੀ ਲੈਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਮੌਸਮ ਵਿਚ ਬਜ਼ੁਰਗਾਂ ਅਤੇ ਬੱਚਿਆਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਤੇ ਘਰਾਂ ਅੰਦਰ ਗਰਮਾਇਸ਼ ਰੱਖਣ ਲਈ ਕੋਲੇ ਵਾਲੀ ਅੰਗੀਠੀ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ।ਰਾਹਗੀਰਾਂ ਨੂੰ ਚਾਹੀਦਾ ਹੈ ਕਿ ਉਹ ਧੁੰਦ ਦੌਰਾਨ ਵਾਹਨ ਹੌਲੀ ਚਲਾਉਣ, ਆਪਣੇ ਵਾਹਨਾਂ ਦੀਆਂ ਲਾਈਟਾਂ ਠੀਕ ਕਰਵਾ ਕੇ ਰੱਖਣ ਅਤੇ ਵਾਹਨ ਚਲਾਉਣ ਵੇਲੇ ਸੰਗੀਤ ਦੀ ਆਵਾਜ਼ ਮੱਧਮ ਰੱਖਣ।ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਰਦ ਰੁੱਤ ਦੌਰਾਨ ਫ਼ਸਲਾਂ ਦੇ ਸਹੀ ਵਿਕਾਸ ਲਈ ਖ਼ੁਰਾਕੀ ਤੱਤਾਂ ਦਾ ਖਾਸ ਖਿਆਲ ਰੱਖਣ।ਸਰਦ ਰੁੱਤ ਦੌਰਾਨ ਫੁਹਾਰਾ ਸਿੰਚਾਈ ਫ਼ਸਲਾਂ ਲਈ ਕਾਫੀ ਹੱਦ ਤੱਕ ਲਾਹੇਵੰਦ ਸਾਬਿਤ ਹੁੰਦੀ ਹੈ।ਪਾਲਤੁ ਪਸ਼ੂਆਂ ਨੂੰ ਵੀ ਠੰਢ ਕੇ ਪ੍ਰਕੋਪ ਤੋਂ ਬਚਾਉਣ ਲਈ ਲੋੜੀਂਦੇ ਉਪਰਾਲੇ ਕਰਨੇ ਚਾਹੀਦੇ ਹਨ।
Check Also
ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ
ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …
Punjab Post Daily Online Newspaper & Print Media