Wednesday, February 25, 2026

ਮੰਚ ਦਾ ਵਫਦ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਡਾਇਰੈਕਟਰ ਨੂੰ ਮਿਲਿਆ

ਹਵਾਈ ਅੱਡੇ ਦੇ ਆਧੁਨਿਕੀਕਰਨ ਲਈ ਡਾਇਰੈਕਟਰ ਵੀ. ਕੇ.ਸੇਠ ਨੇ ਹਾਮੀ ਭਰੀ

ਅੰਮ੍ਰਿਤਸਰ, 5 ਜਨਵਰੀ (ਜਗਦੀਪ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਦਾ ਵਫਦ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਡਾਇਰੈਕਟਰ ਵੀ.ਕੇ ਸੇਠ ਨੂੰ ਮਿਲਿਆ।ਜਿਸ ਦੌਰਾਨ ਮੰਚ ਦੇ ਪ੍ਰਧਾਨ ਮਨਮੋਹਣ ਸਿੰਘ ਬਰਾੜ, ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਅਤੇ ਸਕੱਤਰ ਯੋਗੇਸ਼ ਕਾਮਰਾ ਨੇ ਡਾਇਰੈਕਟਰ ਵਲੋਂ 22 ਦਸੰਬਰ ਨੂੰ ਲੰਡਨ ਹੀਥਰੋ ਤੋਂ ਪਹੁੰਚੇ 250 ਹਵਾਈ ਯਾਤਰੀਆਂ ਨੂੰ ਪ੍ਰਦਾਨ ਕੀਤੀਆਂ ਗਈਆਂ ਸੁਚੱਜੀਆਂ ਸੇਵਾਵਾਂ ਲਈ ਉਨਾਂ ਦਾ ਧੰਨਵਾਦ ਕੀਤਾ ।
                    ਵਫਦ ਵਲੋਂ ਡਾਇਰੈਕਟਰ ਨੂੰ ਕਿਹਾ ਕਿ ਹਵਾਈ ਅੱਡੇ ਤੋਂ ਅੰਮ੍ਰਿਤਸਰ ਸ਼ਹਿਰ ਤੱਕ ਜਾਂਦੀ ਸੜਕ ‘ਤੇ ਹਵਾਈ ਯਾਤਰੀਆਂ ਅਤੇ ਉਨ੍ਹਾਂ ਦੇ ਕੀਮਤੀ ਸਮਾਨ ਦੀ ਸੁਰੱਖਿਆ ਲਈ ਲਾਈਟਾਂ ਅਤੇ ਰਾਤ ਦਿਨ ਲਗਾਤਾਰ ਪੁਲਿਸ ਪੈਟਰੋਲਿੰਗ ਸ਼ੁਰੂ ਕਰਾਉਣ ਦਾ ਪ੍ਰਬੰਧ ਕਰਨ।ਕਾਰ ਪਾਰਕਿੰਗ ਦੇ ਠੇਕੇਦਾਰ ਅਤੇ ਕਰਮਚਾਰੀਆਂ ਕਾਰਣ ਯਾਤਰੀਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਕਾਰ ਪਾਰਕਿੰਗ ਸਥਾਨ ‘ਤੇ ਹਵਾਈ ਅੱਡੇ ਦੇ ਜਿੰਮੇਵਾਰ ਅਧਿਕਾਰੀਆਂ ਦੇ ਫੋਨ ਨੰਬਰ ਲਿਖ ਕੇ ਲਾਏ ਜਾਣ।ਮੁੱਖ ਟਰਮੀਨਲ ਸਾਹਮਣੇ ਵਰਤੋਂ ‘ਚ ਨਾ ਲਿਆਂਦੀ ਜਾ ਰਹੀ ਪਾਰਕਿੰਗ ਦੀ ਥਾਂ ਯਾਤਰੂਆਂ ਦੀਆਂ ਕਾਰਾਂ ਦੇ ਆਉਣ-ਜਾਣ ਲਈ ਬਹੁ ਮਾਰਗੀ ਸੜਕ ਦੀ ਉਸਾਰੀ ਕੀਤੀ ਜਾਵੇ।ਫਲਾਈਟਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਹਵਾਈ ਜਹਾਜਾਂ ਦੀ ਪਾਰਕਿੰਗ ਲਈ ਵਰਤਮਾਨ ਐਪਰਨ ਦੀ ਗਿਣਤੀ 14 ਤੋਂ ਵਧਾ ਕੇ 24 ਕਰਨ ਕੀਤੀ ਜਾਵੇ।ਜਹਾਜਾਂ ਲਈ ਰਨਵੇ ਜਲਦੀ ਖਾਲੀ ਕਰਵਾਉਣ ਲਈ ਮੌਜ਼ੂਦਾ ਰਨਵੇ ਦੇ ਸਮਾਨੰਤਰ ਟੈਕਸੀ ਟਰੈਕ ਦੀ ਉਸਾਰੀ ਤੋਂ ਇਲਾਵਾ  ਉਡੀਕ ਸਮੇਂ ਖਾਣ-ਪੀਣ ਲਈ ਮਿਆਰੀ ਸਹੂਲਤਾਂ ਉਪਲੱਬਧ ਹੋਣ।ਟਰਮੀਨਲ ਇਮਾਰਤ ਦਾ ਪ੍ਰਸਤਾਵਿਤ ਵਾਧਾ ਵੀ ਯਾਤਰੂਆਂ ਦੀ ਵਧਦੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਹੋਵੇ।
ਇਸੇ ਦੌਰਾਨ ਡਾਇਰੈਕਟਰ ਵੀ.ਕੇ ਸੇਠ ਇਨ੍ਹਾਂ ਸਾਰੀਆਂ ਜਰੂਰਤਾਂ ਦੀ ਪੂਰਤੀ ਲਈ ਤੁਰੰਤ ਕਾਰਵਾਈ ਕਰਨ ਲਈ ਸਹਿਮਤੀ ਪ੍ਰਗਟਾਈ।ਉਨਾਂ ਦੱਸਿਆ ਕਿ ਮੁੱਖ ਸੜਕ ਤੋਂ ਹਵਾਈ ਅੱਡੇ ਤੱਕ ਸੜਕ ਦੇ ਸੁੰਦਰੀਕਰਨ ਲਈ ਕਾਰਪੋਰੇਸ਼ਨ ਹਸਪਤਾਲ ਨਾਲ ਸਮਝੌਤਾ ਕੀਤਾ ਗਿਆ ਹੈ ਅਤੇ ਸੜਕ ਦੇ ਸੁੰਦਰੀਕਰਨ ਦਾ ਕੰਮ ਸ਼ੁਰੂ ਵੀ ਹੋ ਗਿਆ ਹੈ।ਉਨਾਂ ਕਿਹਾ ਕਿ ਮੁੱਖ ਟਰਮੀਨਲ ਦੀ ਸਾਹਮਣੀ ਪਾਰਕਿੰਗ ਦੇ ਨਵੀਨੀਕਰਨ ਦੀ ਪ੍ਰਵਾਨਗੀ ਲਈ ਉਚ ਅਧਿਕਾਰੀਆਂ ਨੂੰ ਵੀ ਲਿਖਿਆ ਗਿਆ ਹੈ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …