Sunday, February 1, 2026

ਭਾਈਚਾਰਕ ਸਾਂਝ ਦਾ ਤਿਓਹਾਰ ਲੋਹੜੀ

            ਇਹ ਤਿਓਹਾਰ ਪੋਹ ਦੇ ਅਖੀਰਲੇ ਦਿਨ 13 ਜਨਵਰੀ ਨੂੰ ਮਨਾਇਆ ਜਾਂਦਾ ਹੈ।ਵੇਸੇ ਤਾਂ ਇਹ ਤਿਓਹਾਰ ਵੱਖ-ਵੱਖ ਨਾਵਾਂ ਨਾਲ ਸਾਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ।ਪੰਜਾਬ ਹਰਿਆਣਾ, ਦਿੱਲੀ ਤੇ ਇਸ ਦੇ ਗਵਾਂਡੀ ਰਾਜਾਂ ਵਿੱਚ, ਸਾਰੀ ਦੁਨੀਆਂ ਵਿੱਚ ਜਿੱਥੇ-ਜਿੱਥੇ ਵੀ ਪੰਜਾਬੀ ਵੱਸਦੇ ਹਨ ਧੂੰਮ-ਧਾਮ ਨਾਲ ਮਨਾਇਆ ਜਾਂਦਾ ਹੈ।ਇਸ ਨੂੰ ਲੋਹ ਨਾਲ ਵੀ ਜੋੜਿਆ ਜਾਂਦਾ ਹੈ।ਇਹ ਅਗਨੀ ਤੇ ਚਾਨਣ ਦੀ ਪਰਤੀਕ ਹੈ ਅਤੇ ਠੰਡ ਨੂੰ ਭਜਾਉਣ ਦੀ ਕੋਸ਼ਿਸ਼ ਵੀ ਹੈ।ਇਸ ਨੂੰ ਭਗਤ ਕਬੀਰ ਜੀ ਦੀ ਲੋਈ ਨਾਲ ਵੀ ਜੋੜਿਆ ਜਾਂਦਾ ਹੈ।ਇਸ ਨੂੰ ਦੁੱਲੇ-ਭੱਟੀ ਨਾਲ ਤਾਂ ਜ਼ਿਆਦਾ ਹੀ ਜੋੜਿਆ ਜਾਂਦਾ ਹੈ।ਮੁੱਕਦੀ ਗੱਲ ਕਿ ਕਿਸੇ ਨਾ ਕਿਸੇ ਬਹਾਨੇ ਇਹ ਦਿਨ ਮਨਾਇਆ ਜਾਂਦਾ ਹੈ ਤੇ ਠੰਡ ਤੋਂ ਨਿੱਘ ਵੱਲ ਪੁਲਾਂਘ ਪੁੱਟਣ ਦਾ ਤਿਉਹਾਰ ਹੈ।ਨਵੀਂਆਂ ਫਸਲਾਂ ਨੂੰ ਖੁਸ਼-ਆਮਦੀਦ ਦਾ ਤਿਓਹਾਰ, ਨਵ-ਵਿਆਹਿਆਂ, ਨਵ-ਜੰਮਿਆਂ ਨੂੰ ਜੀ ਆਇਆਂ ਕਹਿਣ ਦਾ ਤਿਓਹਾਰ ਹੈ।ਲੋਹੜੀ ਸ਼ਬਦ ਸ਼ਾਇਦ ਤਿਲ ਤੇ ਰੋੜੀ ਦਾ ਇੱਕਠੇ ਸ਼ਬਦ ਤਿਲੋਹੜੀ ਤੋਂ ਬਣਿਆ ਹੋਵੇ।
            ਲੋਹੜੀ ਤੋਂ ਕੁਝ ਦਿਨ ਪਹਿਲਾਂ ਹਰ ਘਰ ਤੋਂ ਪਾਥੀਆਂ, ਸੁੱਕਾ ਬਾਲਣ ਬੱਚੇ ਮੰਗ ਕੇ ਇੱਕਠਾ ਕਰਕੇ ਅੱਗ ਬਾਲ ਸੇਕਦੇ ਹਨ।ਜੋ ਵੀ ਗੁੜ, ਤਿਲ ਫੁੱਲ ਮਿਲੇ ਖਾ ਪੀ ਲੈਂਦੇ ਹਨ।ਪਹਿਲਾਂ ਹੀ ਨਵੇਂ ਵਿਆਹੇ ਜੋੜਿਆਂ ਤੇ ਨਵੇ ਜੰਮੇ ਬੱਚਿਆਂ ਦਾ ਪਤਾ ਲਾ ਲੈਂਦੇ ਹਨ ਕਿ ਕਿਸ-ਕਿਸ ਘਰ ਲੋਹੜੀ ਬਣੀ ਹੈ। ਆਪਣੇ ਹਾਣੀਆਂ ਨਾਲ ਟੋਲੇ ਬਣਾ ਲੈਂਦੇ ਹਨ।ਲੋਹੜੀ ਦੇ ਗੀਤ ਯਾਦ ਕਰ ਲੈਂਦੇ ਹਨ, ਕੁੱਝ ਨਵੇਂ-ਨਵੇਂ ਜੋੜ ਲੈਂਦੇ ਹਨ।
            ਲੋਹੜੀ ਵਾਲੇ ਘਰਾਂ ਵਾਲੇ ਵੀ ਆਪਣੇ ਨਿਕਦਿਆਂ, ਰਿਸ਼ਤੇਦਾਰਾਂ ਨੂੰ ਸੱਦ ਲੈਂਦੇ ਹਨ ਤੇ ਜਸ਼ਨ ਮਨਾਉਣ ਦਾ ਪ੍ਰਬੰਧ ਕਰਦੇ ਹਨ।ਤਿਲ ਰਿਓੜੀਆਂ, ਗੁੜ, ਫੁੱਲੇ, ਚਿੜਵੜੇ, ਪਤਾਸੇ, ਮੁੱਠ ਲੱਡੂ, ਲੱਡੂ, ਹਲਵਾਈ ਦੀਆਂ ਬਣੀਆਂ ਖਜੂਰਾਂ ਆਦਿ, ਵਿਆਹੀਆਂ ਧੀਆਂ ਨੂੰ ਸਹੁਰੇ ਘਰ ਇੱਕ ਦੋ ਦਿਨ ਪਹਿਲਾਂ ਹੀ ਵੀਰ ਦੇ ਆਉਂਦੇ ਹਨ।ਲੋਹੜੀ ਵੰਡਣ ਲਈ ਵੀ ਸਮਾਨ ਇੱਕਠਾ ਕਰਦੇ ਹਨ।
                   ਦੁਪਹਿਰ ਢਲੀ ਲੋਹੜੀ ਮੰਗਣ ਵਾਲੀਆਂ ਟੋਲੀਆਂ ਸੋਹਣੇ ਸੋਹਣੇ ਕੱਪੜੇ ਪਾ ਕੇ ਘਰਾਂ ਵਿੱਚ ਆਉਣ ਲੱਗ ਪੈਂਦੀਆਂ ਹਨ ਤੇ ਗੀਤ ਸੁਣਾੳੇਂਦੀਆਂ ਹਨ।
ਮਿੱਥ ਹੈ ਕਿ ਸੁੰਦਰ ਮੁੰਦਰੀ ਦੋ ਭੈਣਾਂ ਸਨ।ਉਹਨਾਂ ‘ਤੇ ਲੋਹੜੇ ਦਾ ਰੂਪ ਚੜ੍ਹ ਆਇਆ ਸੀ। ਉਨ੍ਹਾਂ ਦੇ ਸੁਹਪਣ ਦੀ ਭਿਣਕ ਹਾਕਮ ਤੱਕ ਪੈ ਗਈ।ਉਸ ਨੇ ਹੁਕਮ ਚਾੜ੍ਹ ਦਿੱਤਾ ਕਿ ਕੁੜੀਆਂ ਪੇਸ਼ ਕੀਤੀਆਂ ਜਾਣ, ਜੇ ਪੇਸ਼ ਨਹੀ ਕਰਦਾ ਤਾਂ ਚੁੱਕ ਲਿਆਂਦੀਆਂ ਜਾਣ।ਇਸ ਦੀ ਖਬਰ ਦੁੱਲੇ-ਭੱਟੀ ਤੱਕ ਪਹੁੰਚ ਗਈ।ਉਸ ਨੇ ਕੁੜੀ ਦੇ ਘਰਦਿਆਂ ਨੁੰ ਸੁਨੇਹਾ ਘੱਲ ਦਿੱਤਾ ਕਿ ਫਟਾ-ਫਟ ਮੁੰਡੇ ਦੇਖ ਕੇ ਜੰਗਲ ਵਿੱਚ ਮੇਰੇ ਟਿਕਾਣੇ ਤੇ ਮੁੰਡੇ ਕੁੜੀਆਂ ਲਿਆਂਦੇ ਜਾਣ ਤੇ ਇਹਨਾਂ ਦੀ ਸ਼ਾਦੀ ਮੈਂ ਕਰਾਵਾਂਗਾ।ਇਸ ਤਰ੍ਹਾਂ ਹੀ ਹੋਇਆ ਤੇ ਉਸ ਨੇ ਵਿਆਹ ਕਰਵਾਏ ਤੇ ਇਹਨਾਂ ਦੀ ਝੋਲੀ ਸੇਰ-ਸੇਰ ਸ਼ੱਕਰ ਪਾਈ।ਲੋਹੜੀ ‘ਤੇ ਮੁੱਖ ਗੀਤ ਵੀ ਇਹ ਹੀ ਗਾਇਆ ਜਾਂਦਾ ਹੈ:-

ਸੁੰਦਰ ਮੁੰਦਰੀਏ ਹੋ,
ਤੇਰਾ ਕੌਣ ਵਿਚਾਰਾ ਹੋ,
ਦੁੱਲ੍ਹਾ ਭੱਟੀ ਵਾਲਾ ਹੋ,
ਦੁੱਲ੍ਹੇ ਧੀ ਵਿਆਹੀ ਹੋ,
ਸੇਰ ਸ਼ੱਕਰ ਪਾਈ ਹੋ,
ਕੁੜੀ ਦਾ ਲਾਲ ਪਟਾਕਾ ਹੋ,
ਕੁੜੀ ਦਾ ਸਾਲੂ ਪਾਟਾ ਹੋ,
ਸਾਲੂ ਕੋਣ ਸਮੇਟੇ ਹੋ,
ਚਾਚਾ ਗਾਲੀ ਦੇਸੇ ਹੋ,
ਚਾਚੇ ਚੂਰੀ ਕੁੱਟੀ ਹੋ,
ਜਿੰਮੀਦਾਰਾਂ ਲੁੱਟੀ ਹੋ,
ਜਿੰਮੀਂਦਾਰ ਬੁਲਾਓ ਹੋ,
ਸੌ ਸੌ ਪੌਲੇ ਲਾਓ ਹੋ,
ਇੱਕ ਪੌਲਾ ਰਹਿ ਗਿਆ ਹੋ,
ਸਪਾਹੀ ਫੜ੍ਹ ਕੇ ਲੈ ਗਿਆ ਹੋ।

ਲੋਹੜੀ ਦਾ ਇੱਕ ਹੋਰ ਗੀਤ :

ਹੁੱਲੇ ਨੀ ਮਾਏਂ ਹੁੱਲੇ,
ਦੋ ਬੇਰੀਆਂ ਦੇ ਪੱਤੇ ਝੁੱਲੇ,
ਦੋ ਹੁੱਲ ਪਈਆਂ ਖਜੂਰੀਆਂ,
ਖਜੂਰੀਆਂ ਸੁੱਟੇ ਮੇਵੇ,
ਇਸ ਮੁੰਡੇ ਦੇ ਘਰ ਮੰਗੇਣਾ,
ਇਸ ਮੁੰਡੇ ਦੀ ਵਹੁੱਟੀ ਨਿੱਕੜੀ,
ਉਹ ਰਹਿੰਦੀ ਚੂਰੀ ਕੁੱਟੜੀ,
ਉਸ ਕੁੱਟ ਕੁੱਟ ਭਰਿਆ ਥਾਲ,
ਵਹੁਟੀ ਬਹਿ ਨਨਾਣਾਂ ਨਾਲ,
ਨਨਾਣਾਂ ਤੇ ਭਰਜਾਈ,
ਸੋ ਕੁੜਮਾਂ ਦੇ ਘਰ ਆਈ,
ਮੈ ਲੋਹੜੀ ਲੈਣ ਆਈ,
ਦਿਓ ਬੀਬੀ ਲੋਹੜੀ,
ਜੀਵੇ ਨਹੁੰ ਪੁੱਤ ਦੀ ਜੋੜੀ ।

ਇੱਕ ਹੋਰ ਗੀਤ:

ਗੀਗਾ ਨੀ ਭੈਣੋ ਗੀਗਾ,
ਗੀਗੇ ਦੇ ਮੂੰਹ ਵਿੱਚ ਘਿਓ,
ਜੀਵੇ ਗੀਗੇ ਦਾ ਪਿਓ,
ਗੀਗਾ ਤਾਂ ਕਰ ਦਾ ਊਂ ਆਂ
ਜੀਵੇ ਗੀਗੇ ਦੀ ਮਾਂ,
ਗੀਗੇ ਦੇ ਤੇੜ ਤੜਾਗੀ,
ਜੀਵੇ ਗੀਗੇ ਦੀ ਦਾਦੀ,
ਗੀਗਾ ਜੰਮਿਆਂ ਸੀ ਰਾਤ,
ਗੁੜ ਵੰਡਿਆ ਪਰਾਤ,
ਦਿਓ ਸਾਨੂੰ ਲੋਹੜੀ ਲੋਹੜੀ।

ਜੇ ਚਿਰ ਲੱਗ ਜਾਵੇ ਤਾਂ ਕੁੜੀਆਂ ਕਹਿੰਦੀਆਂ ਹਨ:

ਸਾਡੇ ਪੈਰਾਂ ਹੇਠ ਸਲਾਈਆਂ,
ਅਸੀਂ ਕੌਣ ਵੇਲੇ ਦੀਆਂ ਆਈਆਂ ।
ਸਾਡੇ ਪੈਰਾਂ ਹੇਠਾਂ ਰੋੜ ਸਾਨੂੰ ਜਲਦੀ ਜਲਦੀ ਤੋਰ।
ਦੇਹ ਮਾਈ ਲੋਹੜੀ, ਤੇਰੀ ਜੀਵੇ ਜੋੜੀ

ਜਿਹੜਾ ਘਰ ਜਾਣ ਬੁਝ ਕੇ ਲੋਹੜੀ ਨਾ ਦੇਵੇ ਤਾਂ ਕੁੜੀਆਂ ਕਹਿ ਦੇਂਦੀਆਂ ਹਨ:-

ਹੁੱਕਾ ਨੀ ਭੈਣੋ ਹੁੱਕਾ, ਇਹ ਘਰ ਭੁੱਖਾ ਨੀ ਭੈਣੋਂ ਭੁੱਖਾ।

               ਲੋਹੜੀ ਵੰਡਣ ਤੋਂ ਬਾਅਦ ਭੁੱਗਾ ਬਾਲਿਆ ਜਾਂਦਾ ਹੈ।ਵਿਹੜੇ ਵਿੱਚ ਲੱਕੜਾਂ ਇੱਕਠੀਆਂ ਕਰਕੇ ਉਸ ਉਪਰ ਥੋੜ੍ਹਾ ਜਿਹਾ ਦੇਸੀ ਘਿਓ ਪਾ ਕੇ ਬਾਲਿਆ ਜਾਂਦਾ ਹੈ।ਚਾਰ ਚੁਫੇਰੇ ਘਰ ਦੇ ਤੇ ਹੋਰ ਸਕੇ-ਸੋਤਰੇ ਰਿਸ਼ਤੇਦਾਰ ਖਲੋ ਜਾਂ ਬੈਠ ਜਾਂਦੇ ਹਨ।ਘਰ ਦੀ ਮੁੱਖੀ ਔਰਤ ਥਾਲੀ ਵਿੱਚ ਤਿੱਲ, ਚਿੜਵੜੇ, ਮੂੰਗਫਲੀ, ਰਿਓੜੀਆਂ, ਮੱਕੀ ਦੇ ਫੁੱਲੇ ਆਦਿ ਲੈ ਕੇ ਆਉਂਦੀ ਹੈ ਤੇ ਸਾਰੇ ਜਾਣੇ ਹੀ ਥੋੜ੍ਹੇ ਥੋੜ੍ਹੇ ਜਲ ਰਹੀ ਅਗਨੀ ਵਿੱਚ ਪਾਉਂਦੇ ਹਨ ਤੇ ਕਹਿੰਦੇ ਹਨ ਭਰੀ ਆਈਂ ਤੇ ਸੱਖਣੀ ਜਾਈਂ।
ਮਿੱਥ ਹੈ ਕਿ ਜਠਾਨੀ ਨਵੀਂ ਆਈ ਦਰਾਣੀ ਉੱਤੋਂ ਵਾਰ ਕੇ ਤਿਲ ਭੁੱਗੇ ਵਿੱਚ ਪਾਉਂਦੀ ਹੈ ਤੇ ਦਰਾਣੀ ਬਹੁਤੇ ਮੁੰਡੇ ਜੰਮਦੀ ਹੈ।ਸਾਰੇ ਖੁਸ਼ੀ ਦੇ ਗੀਤ ਗਾਉਂਦੇ ਹਨ।ਸਾਰੇ ਹੀ ਰਿਉੜੀਆਂ, ਮੂੰਗਫਲੀ, ਫੁੱਲੇ, ਗਚਕ ਤਿਲਹੜੀ ਪੱਟੀ ਖਾਂਦੇ ਹਨ।
                ਸਾਗ ਮੱਕੀ ਦੀ ਰੋਟੀ ਬਣਦੀ ਹੈ।ਚਾਅ ਨਾਲ ਖਾਧੀ ਜਾਂਦੀ ਹੈ।ਰਉ ਦੀ ਖੀਰ, ਖਿੱਚੜੀ ਬਣਾਈ ਜਾਂਦੀ ਹੈ ਤੇ ਸਵੇਰੇ ਉਠ ਕੇ ਦਹੀਂ ਨਾਲ ਖਾਧੀ ਜਾਂਦੀ ਹੈ।ਇਸ ਨੂੰ ਪੋਹ ਰਿੱਧੀ ਮਾਘ ਖਾਧੀ ਕਹਿੰਦੇ ਹਨ।
                 ਪਰ ਅੱਜ ਕੱਲ ਲੋਹੜੀ ਵਾਲੇ ਦਿਨ ਲਾਲ ਪਰੀ ਤੇ ਮੀਟ ਮੱਛੀ ਖੂਬ ਚੱਲਦੀ ਹੈ।ਕੋਈ ਕੋਈ ਘਰ ਹੀ ਇਸ ਤੋਂ ਬਚਿਆ ਹੈ।ਸ਼ਾਲਾ ਸਭ ਦੇ ਘਰ ਖੁਸ਼ੀਆਂ ਨਾਲ ਭਰੇ ਰਹਿਣ ਤੇ ਬੱਚੇ ਬੱਚੀਆਂ ਦੀਆਂ ਲੋਹੜੀਆਂ ਮਨਾਈਆਂ ਜਾਂਦੀਆਂ ਰਹਿਣ।ਧੀਆਂ ਦੇ ਚਾਅ ਮਲ੍ਹਾਰ ਵੀ ਨਾਲ ਹੀ ਹੁੰਦੇ ਰਹਿਣ।1201202101

ਮਨਜੀਤ ਸਿੰਘ ਸੌਂਦ
ਟਾਂਗਰਾ।
ਮੋ – 9803761451

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …