ਧੂਰੀ, 16 ਜਨਵਰੀ (ਪ੍ਰਵੀਨ ਗਰਗ) – ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲ ਦੀਆਂ ਚੋਣਾਂ ਫਰਵਰੀ ਮਹੀਨੇ ‘ਚ ਕਰਵਾਏ ਜਾਣ ਦਾ ਸੰਕੇਤ ਦਿੱਤੇ ਜਾਣ ਤੋਂ ਬਾਅਦ
ਸੰਭਾਵੀ ਉਮੀਦਵਾਰਾਂ ਵੱਲੋਂ ਵੋਟਰਾਂ ਨਾਲ ਰਾਬਤਾ ਕਾਇਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ।ਸੰਭਾਵੀ ਉਮੀਦਵਾਰ ਚੋਣ ਜਿੱਤਣ ਲਈ ਵੋਟਰਾਂ ਨੂੰ ਬੇਬੇ-ਬਾਪੂ, ਪ੍ਰਧਾਨ ਜੀ ਆਦਿ ਕਹਿ ਕੇ ਬੇਨਤੀਆਂ ਕਰਨ ਲੱਗੇ ਹੋਏ ਹਨ।ਕਰੀਬ 42 ਹਜ਼ਾਰ ਸ਼ਹਿਰੀ ਵੋਟਰਾਂ ਵਾਲੇ 21 ਵਾਰਡਾਂ ਵਿੱਚ ਵੰਡੀ ਹੋਈ ਨਗਰ ਕੌਂਸਲ ਧੂਰੀ ਦੇ 1 ਤੇ 7 ਨੰਬਰ ਵਾਰਡ ਐਸ.ਸੀ ਲੇਡੀਜ਼, ਵਾਰਡ ਨੰ. 8,17,20 ਐਸ.ਸੀ, ਵਾਰਡ ਨੰ. 21 ਪੱਛੜੀ ਸ਼੍ਰੇਣੀ, ਵਾਰਡ ਨੰ. 3,5,9,11,13,15,18,19 ਔਰਤਾਂ ਲਈ ਰਿਜ਼ਰਵ ਤੇ 2,4,6,10,12,14,19 ਸਾਰੇ ਵਾਰਡ ਜਨਰਲ ਹਨ, ਜਿਥੇ ਮਰਦ ਤੇ ਔਰਤ ਕੋਈ ਵੀ ਚੋਣ ਲੜ ਸਕਦਾ ਹੈ।ਕੌਂਸਲ ਚੋਣਾਂ ਸਬੰਧੀ ਕੀਤੇ ਇੱਕ ਸਰਵੇ ਦੌਰਾਨ ਇਸ ਵਾਰ ਦਿਲਚਸਪ ਗੱਲ ਇਹ ਦੇਖਣ ਨੂੰ ਮਿਲ ਰਹੀ ਹੈ ਕਿ ਪਿਛਲੇ ਸਮੇਂ ਦੌਰਾਨ ਸਿਆਸੀ ਪਾਰਟੀਆਂ ਦੀਆਂ ਟਿਕਟਾਂ ‘ਤੇ ਚੋਣ ਜਿੱਤ ਕੇ ਕੌਂਸਲਰ ਬਣੇ ਕੌਂਸਲ ਪ੍ਰਧਾਨਗੀ ਜਾਂ ਵਾਈਸ ਪ੍ਰਧਾਨਗੀ ਦੇ ਅਹੁਦਿਆਂ ਦਾ ਆਨੰਦ ਲੈ ਚੁੱਕੇ ਹਨ।ਕੁੱਝ ਨੇਤਾਵਾਂ ਨੇ ਇਸ ਵਾਰ ਕੌਂਸਲਰ ਦੀ ਚੋਣ ਜਿੱਤਣ ਤੋਂ ਪਹਿਲਾਂ ਹੀ ਪ੍ਰਧਾਨ ਬਣਨ ‘ਦੇ ਸੁਪਨਿਆਂ ਦੀ ਵੀ ਵਿਊਂਤਬੰਦੀ ਸ਼ੁਰੂ ਕਰ ਦਿੱਤੀ ਹੈ।ਪਤਾ ਲੱਗਾ ਹੈ ਕਿ ਅਜਿਹੇ ਸੁਪਨੇ ਦੇਖਣ ਵਾਲੇ ਕੁੱਝ ਨੇਤਾਵਾਂ ਨੇ ਇਸ ਵਾਰ ਖੁਦ ਚੋਣ ਲੜਣ ਦੇ ਨਾਲ-ਨਾਲ ਆਪਣੇ ਗੁਆਂਢੀ ਵਾਰਡਾਂ ‘ਚੋਂ ਆਪਣੀਆਂ ਪਤਨੀਆਂ ਨੂੰ ਚੋਣ ਲੜਾਉਣ ਦਾ ਫੈਸਲਾ ਕਰਕੇ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਕੌਂਸਲ ਚੋਣ ਜਿੱਤਣ ਉਪਰੰਤ ਆਪਣੀਆਂ ਦੋ ਵੋਟਾਂ ਹੋਣ ਦਾ ਦਬਾਅ ਬਣਾ ਕੇ ਪ੍ਰਧਾਨਗੀ ਦੀ ਕੁਰਸੀ ‘ਤੇ ਆਸਾਨੀ ਨਾਲ ਕਾਬਜ਼ ਹੋਇਆ ਜਾ ਸਕੇ।
ਵੱਖ-ਵੱਖ ਸਿਆਸੀ ਪਾਰਟੀਆਂ ਕੌਂਸਲ ਚੋਣਾਂ ਨੂੰ ਲੈ ਕੇ ਪੂਰੀ ਤਰਾਂ ਸਰਗਰਮ ਹੋ ਚੁੱਕੀਆਂ ਹਨ ਅਤੇ ਜਿੱਤ ਦੀ ਸੰਭਾਵਨਾ ਵਾਲੇ ਉਮੀਦਵਾਰਾਂ ਦੀ ਭਾਲ ‘ਚ ਜੁੱਟੀਆਂ ਹੋਈਆਂ ਹਨ, ਕਿਉਂਕਿ ਇਹ ਕੌਂਸਲ ਚੋਣਾਂ ਹੀ ਅਗਲੇ ਸਾਲ ਹੋਣ ਵਾਲੀ ਵਿਧਾਨ ਸਭਾ ਚੋਣ ਦਾ ਮੁੱਢ ਬੰਨ੍ਹਣਗੀਆਂ। ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ ਇਨਾਂ੍ਹ ਚੋਣਾਂ ਨੂੰ ਲੈ ਕੇ ਇਸ ਵਾਰ ਕੁਝ ਜ਼ਿਆਦਾ ਹੀ ਉਤਸ਼ਾਹਿਤ ਦਿਖ ਰਹੀ ਹੈ।ਹਲਕਾ ਇੰਚਾਰਜ਼ ਹਰੀ ਸਿੰਘ ਪ੍ਰੀਤ ਨੇ ਸਮੁੱਚੇ ਪਾਰਟੀ ਆਗੂਆਂ ਅਤੇ ਉਮੀਦਵਾਰਾਂ ਨੂੰ ਹਦਾਇਤ ਕੀਤੀ ਹੈ ਕਿ ਸਾਰੇ ਪਾਰਟੀ ਆਗੂ ਤੇ ਵਰਕਰ ਆਪਣੇ ਨਿੱਜੀ ਗਿਲ਼ੇ-ਸ਼ਿਕਵਿਆਂ ਨੂੰ ਭੁਲਾਉਂਦੇ ਹੋਏ ਨਗਰ ਕੌਂਸਲ ਚੋਣਾਂ ‘ਚ ਪਾਰਟੀ ਉਮੀਦਵਾਰਾਂ ਨੂੰ ਜੇਤੂ ਬਣਾਉਣ ਤਾਂ ਜੋ ਅਗਲੇ ਸਾਲ ਹੋਣ ਵਾਲੀ ਵਿਧਾਨ ਸਭਾ ਚੋਣ ‘ਚ ਵੀ ਧੂਰੀ ਦੀ ਇਹ ਸੀਟ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਝੋਲੀ ਪਾਈ ਜਾ ਸਕੇ।
ਕਾਂਗਰਸ ਪਾਰਟੀ ਵੱਲੋਂ ਹਲਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਨੇ ਕਿਹਾ ਕਿ ਸ਼ਹਿਰ ਦੇ 21 ਵਾਰਡਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਚੋਣ ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਉਨਾਂ੍ਹ ਨੇ ਪਿਛਲੀ ਦਿਨੀਂ ਸ਼ਹਿਰ ਦੇ ਲੋਕਾਂ ਤੋਂ ਇਲਾਵਾ ਕਾਂਗਰਸ ਵੱਲੋਂ ਚੋਣ ਲੜਣ ਦੇ ਇੱਛੁਕ ਵਿਅਕਤੀਆਂ ਨਾਲ ਮੀਟਿੰਗ ਕੀਤੀ।ਉਨਾਂ੍ਹ ਕਿਹਾ ਕਿ ਕਾਂਗਰਸ ਪਾਰਟੀ ਹਰ ਵਾਰਡ ਵਿੱਚ ਚੋਣ ਲੜੇਗੀ ਅਤੇ ਜਿੱਤ ਪ੍ਰਾਪਤ ਕਰੇਗੀ।
Check Also
ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ
ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …
Punjab Post Daily Online Newspaper & Print Media