ਮੁੱਖ ਮੰਤਰੀ 25 ਜਨਵਰੀ ਨੂੰ ਰੱਖਣਗੇ ਨੀਂਹ ਪੱਥਰ
ਅੰਮ੍ਰਿਤਸਰ, 21 ਜਨਵਰੀ (ਸੁਖਬੀਰ ਸਿੰਘ) – ਜਲਿਆਂ ਵਾਲਾ ਬਾਗ ਦੇ ਖੂਨੀ ਸਾਕੇ ਦੀ 100ਵਂੀਂ ਵਰੇਗੰਢ ਮੌਕੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ
ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲਏ ਗਏ ਫੈਸਲੇ ਅਨੁਸਾਰ ਬਣਾਈ ਜਾਣ ਵਾਲੀ ਯਾਦਗਾਰ ਦਾ ਨੀਂਹ ਪੱਥਰ 25 ਜਨਵਰੀ ਨੂੰ ਰੱਖਿਆ ਜਾਵੇਗਾ।
ਵਧੀਕ ਮੁੱਖ ਸਕੱਤਰ ਸੈਰ ਸਪਾਟਾ ਅਤੇ ਸਭਿਆਚਾਰ ਵਿਭਾਗ ਸੰਜੈ ਕੁਮਾਰ ਨੇ ਇਹ ਪ੍ਰਗਟਾਵਾ ਜਿਲ੍ਹਾ ਅਧਿਕਾਰੀਆਂ ਨਾਲ ਪੋਗਰਾਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਦੌਰਾਨ ਕੀਤਾ।ਵਿਭਾਗ ਦੇ ਸਲਾਹਕਾਰ ਸ਼ਿਵਦੁਲਾਰ ਸਿੰਘ ਢਿਲੋਂ, ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਚੇਅਰਮੈਨ ਇੰਪਰੂਵਮੈਂਟ ਟਰੱਸਟ ਦਿਨੇਸ਼ ਬੱਸੀ, ਕਮਿਸ਼ਨਰ ਨਿਗਮ ਸ੍ਰੀਮਤੀ ਕੋਮਲ ਮਿੱਤਲ ਵੀ ਉਨਾਂ ਨਾਲ ਸਨ।ਉਨਾਂ ਦੱਸਿਆ ਕਿ ਸਾਕੇ ਵਿਚ ਸ਼ਹੀਦ ਹੋਏ ਯੋਧਿਆਂ ਦੀ ਯਾਦ ਵਿਚ ਉਸਾਰੇ ਜਾਣ ਵਾਲੇ ਇਸ ਸਮਾਰਕ ਵਿਚ ਸ਼ਹੀਦਾਂ ਦੇ ਘਰਾਂ ਅਤੇ ਪਿੰਡਾਂ ਦੀ ਮਿੱਟੀ ਨੂੰ ਸ਼ਾਮਿਲ ਕੀਤਾ ਜਾਵੇਗਾ ਅਤੇ ਇਸ ਲਈ ਹਰੇਕ ਸ਼ਹੀਦ ਦੇ ਘਰ ਤੋਂ ਉਨਾਂ ਦੇ ਪਰਿਵਾਰਕ ਮੈਂਬਰਾਂ ਜਾਂ ਪੰਚਾਇਤਾਂ ਵੱਲੋਂ ਮਿੱਟੀ ਵਿਸ਼ੇਸ ਤੌਰ ਉਤੇ ਨਾਲ ਲਿਆਂਦੀ ਜਾਵੇਗੀ, ਜੋ ਕਿ ਇਸ ਸਮਾਰਕ ਦਾ ਹਿੱਸਾ ਬਣੇਗੀ।ਉਨਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਨੇ ਆਪਣੇ ਰਿਕਾਰਡ ਦੇ ਅਧਾਰ ਉਤੇ 492 ਸ਼ਹੀਦਾਂ ਦੀ ਸੂਚੀ ਜਾਰੀ ਕੀਤੀ ਹੈ ਪਰ ਜੇਕਰ ਕਿਸੇ ਹੋਰ ਵੀ ਪਰਿਵਾਰ ਦਾ ਦਾਅਵਾ ਹੋਵੇ ਤਾਂ ਉਹ ਕੱਲ੍ਹ ਤੱਕ ਸਬੂਤਾਂ ਸਮੇਤ ਡਿਪਟੀ ਕਮਿਸ਼ਨਰ ਦਫਤਰ ਪਹੁੰਚ ਕੇ ਦਰਜ ਕਰਵਾ ਸਕਦਾ ਹੈ।ਉਨਾਂ ਦੱਸਿਆ ਕਿ ਸਾਡੀ ਕੋਸ਼ਿਸ਼ ਹੈ ਕਿ ਹਰੇਕ ਸ਼ਹੀਦ ਦੇ ਪਰਿਵਾਰ, ਪਿੰਡ ਜਾਂ ਸ਼ਹਿਰ ਤੋਂ ਇਸ ਪ੍ਰੋਗਰਾਮ ਵਿਚ ਸ਼ਮੂਲੀਅਤ ਕੀਤੀ ਜਾਵੇ ਅਤੇ ਇਸ ਲਈ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ।
ਸੰਜੈ ਕੁਮਾਰ ਨੇ ਦੱਸਿਆ ਕਿ ਸਮਾਗਮ ਨੂੰ ਸਦੀਵੀਂ ਯਾਦਗਾਰ ਬਨਾਉਣ ਲਈ ਜਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਮਿਹਨਤ ਕਰ ਰਹੇ ਹਨ ਅਤੇ ਆਸ ਹੈ ਕਿ ਇਹ ਪ੍ਰੋਗਰਾਮ ਇਸ ਯਾਦਗਾਰ ਵਾਂਗ ਸਦਾ ਲਈ ਸਾਡੇ ਚੇਤਿਆਂ ਵਿਚ ਵੱਸਿਆ ਰਹੇਗਾ।ਉਨਾਂ ਦੱਸਿਆ ਕਿ ਸਮਾਗਮ ਦੀ ਪ੍ਰਧਾਨਗੀ ਸੈਰ ਸਪਾਟਾ ਅਤੇ ਸਭਿਆਚਾਰਕ ਵਿਭਾਗ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਕਰਨਗੇ।
ਡਿਪਟੀ ਕਮਿਸ਼ਨਰ ਖਹਿਰਾ ਨੇ ਪ੍ਰੋਗਰਾਮ ਦੀ ਤਿਆਰੀ ਬਾਰੇ ਰੂਪ ਕਿਹਾ ਕਿ ਸਾਰੇ ਕੰਮਾਂ ਲਈ ਵੱਖ-ਵੱਖ ਕਮੇਟੀਆਂ ਬਣਾ ਦਿੱਤੀਆਂ ਗਈਆਂ ਹਨ ਅਤੇ ਹਰੇਕ ਕੰਮ ਦੇ ਨੋਡਲ ਅਧਿਕਾਰੀ ਲਗਾਏ ਜਾ ਚੁੱਕੇ ਹਨ।ਸਮਾਗਮ ਰਣਜੀਤ ਐਵੀਨਿਊ ਵਿਖੇ ਅੰਮ੍ਰਿਤ ਆਨੰਦ ਪਾਰਕ ਵਿਖੇ ਹੀ ਕਰਵਾਇਆ ਜਾ ਰਿਹਾ ਹੈ, ਜਿਥੇ ਕਿ ਇਹ ਸਮਾਰਕ ਬਣਨੀ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਹਿਮਾਸ਼ੂੰ ਅਗਰਵਾਲ, ਸੀ.ਈ.ਓ ਪੁੱਡਾ ਸ੍ਰੀਮਤੀ ਪਲਵੀ ਚੌਧਰੀ, ਵਧੀਕ ਕਮਿਸ਼ਨਰ ਸੰਦੀਪ ਰਿਸ਼ੀ, ਐਸ.ਡੀ.ਐਮ ਵਿਕਾਸ ਹੀਰਾ, ਐਸ.ਡੀ.ਐਮ ਸ੍ਰੀਮਤੀ ਅਨਾਇਤ ਗੁਪਤਾ, ਐਸ.ਡੀ.ਐਮ ਦੀਪਕ ਭਾਟੀਆ, ਜੀ.ਏ ਸ੍ਰੀਮਤੀ ਅਨਮਜੋਤ ਕੌਰ, ਡਿਪਟੀ ਡਾਇਰੈਕਟਰ ਰਜ਼ਤ ਉਬਰਾਏ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
Punjab Post Daily Online Newspaper & Print Media