ਤਖ਼ਤ ਸ੍ਰੀ ਹਰਿਮੰਦਰ ਜੀ ਸ੍ਰੀ ਪਟਨਾ ਸਾਹਿਬ ਵਿਖੇ ਸੰਗਤਾਂ ਨੂੰ ਸਰਵਣ ਕਰਵਾਈ ਕਥਾ
ਪਟਨਾ ਸਾਹਿਬ (ਬਿਹਾਰ), 21 ਜਨਵਰੀ (ਪੰਜਾਬ ਪੋਸਟ ਬਿਊਰੋ) – ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬਿਹਾਰ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 354ਵੇਂ ਪ੍ਰਕਾਸ਼ ਗੁਰਪੁਰਬ ਮੌਕੇ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਦਸਮੇਸ਼ ਪਿਤਾ ਦੇ ਅਵਤਾਰ ਸੰਬੰਧੀ ਕਥਾ ਸਰਵਣ ਕਰਾਉਂਦਿਆਂ ਸੰਗਤਾਂ ਨੂੰ ਨਿਹਾਲ ਕਰਦਿਆਂ ਗੁਰੂਘਰ ਨਾਲ ਜੋੜਿਆ।
ਉਨ੍ਹਾਂ ਸੰਗਤ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਦੀ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਸਰਬੰਸਦਾਨੀ, ਸਾਹਿਬ ਏ ਕਮਾਲ, ਬਾਦਸ਼ਾਹ ਦਰਵੇਸ਼ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦੁੱਤੀ, ਨੂਰਾਨੀ ਤੇ ਇਨਕਲਾਬੀ ਸ਼ਖ਼ਸੀਅਤ ਦਾ ਦੁਨੀਆਂ `ਚ ਕੋਈ ਸਾਨੀ ਨਹੀਂ।ਜਿਨ੍ਹਾਂ ਦਾ ਸਾਰਾ ਜੀਵਨ ਸਬਰ, ਸਿਦਕ, ਸਹਿਜ਼, ਦ੍ਰਿੜ੍ਹਤਾ, ਕੁਰਬਾਨੀ ਅਤੇ ਸਾਹਸ ਨਾਲ ਭਰਪੂਰ ਅਚੰਭਿਤ ਕਰ ਦੇਣ ਵਾਲਾ ਹੈ।ਉਨ੍ਹਾਂ ਹਿੰਦ ਨੂੰ ਨੀਂਦ ਤੋਂ ਜਗਾਇਆ।ਉਨ੍ਹਾਂ ਪਰਉਪਕਾਰ, ਮਾਨਵੀ ਕਦਰਾਂ ਕੀਮਤਾਂ, ਬਰਾਬਰੀ, ਸਵੈਮਾਣ ਅਤੇ ਅਜ਼ਾਦੀ ਵਰਗੇ ਸਰੋਕਾਰਾਂ ਲਈ ਜੀਵਨ ਸਮਰਪਿਤ ਕੀਤਾ।ਸਭ ਲੜਾਈਆਂ ਜਿੱਤੀਆਂ ਪਰ ਕਿਸੇ ਵੀ ਜ਼ਮੀਨ `ਤੇ ਕੋਈ ਕਬਜ਼ਾ ਨਹੀਂ ਕੀਤਾ।ਜਿਸ ਦੇ ਇਕ ਇਸ਼ਾਰੇ `ਤੇ ਉਦਮੀ ਜਾਂਬਾਜ਼ ਆਪਾ ਵਾਰਨ ਲਈ ਤਿਆਰ ਭਰ ਤਿਆਰ ਰਹਿੰਦੇ ਸਨ।ਅਧਿਆਤਮਕ ਵਿਚਾਰਧਾਰਾ ਦੇ ਧਾਰਨੀ, ਉੱਚ ਕੋਟੀ ਦੇ ਕਾਵਿ ਰਚੇਤਾ ਬਾਣੀਕਾਰ, ਨੀਤੀ ਅਤੇ ਰਣਨੀਤੀਵਾਨ ਗੁਰੂ ਸਾਹਿਬ ਵੱਲੋਂ ਲਿਖੇ ਗਏ ਜ਼ਫ਼ਰਨਾਮੇ ਨੇ ਬਾਦਸ਼ਾਹ ਔਰੰਗਜ਼ੇਬ ਦੀ ਆਤਮਾ ਨੂੰ ਝੰਜੋੜਿਆ ਤੇ ਪਾਪ ਦਾ ਅਹਿਸਾਸ ਕਰਾਇਆ।
ਟਕਸਾਲ ਮੁਖੀ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਸਿੱਖ ਪੰਥ ਵਿਚ ਕਿੰਨੇ ਹੀ ਦੇਹਧਾਰੀ ਪਖੰਡੀ ਸੰਗਤ ਨੂੰ ਜੋੜਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਿੱਖੀ ਨਾਲ ਸੀ।ਆਪੋ ਆਪਣੇ ਪੰਥ ਬਣਾ ਕੇ ਸੰਗਤ ਨੂੰ ਆਪਣੇ ਨਾਲ ਜੋੜ ਕੇ ਬਹਿ ਗਏ ਹਨ। ਉਨ੍ਹਾਂ ਪੰਥ ਦੀ ਚੜ੍ਹਦੀਕਲਾ ਅਤੇ ਪ੍ਰਕਾਸ਼ ਗੁਰਪੁਰਬ ਪ੍ਰਤੀ ਯੋਗਦਾਨ ਤੇ ਅਗਵਾਈ ਲਈ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੋਰ ਏ ਮਸਕੀਨ, ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿਤ, ਸੰਤ ਬਾਬਾ ਪ੍ਰਦੀਪ ਸਿੰਘ ਬੋਰੇ ਵਾਲ ਸਮੇਤ ਸੰਤਾਂ ਮਹਾਂਪੁਰਸ਼ਾਂ ਅਤੇ ਬਿਹਾਰ ਸਰਕਾਰ ਦਾ ਧੰਨਵਾਦ ਕੀਤਾ।