Tuesday, March 24, 2026

ਮੰਦਰ ਦੇ ਚੁਬਾਰੇ ‘ਚ ਰੱਖੇ ਸਭਾ ਦੇ ਰਿਕਾਰਡ ਨੂੰ ਲੱਗੀ ਅੱਗ ਦੀ ਛਿੜੀ ਚਰਚਾ

ਪੁਲਿਸ ਪਾਸ 4 ਜਨਵਰੀ ਨੂੰ ਦਿੱਤੀ ਸੂਚਨਾ ਤੇ 17 ਜਨਵਰੀ ਨੂੰ ਰਿਕਾਰਡ ਫੂਕਣ ਦਾ ਕੀਤਾ ਡਰਾਮਾ – ਐਡਵੋਕੇਟ ਗਰਗ
ਧੂਰੀ, 21 ਜਨਵਰੀ (ਪ੍ਰਵੀਨ ਗਰਗ) – ਸਥਾਨਕ ਸ੍ਰੀ ਸਨਾਤਨ ਧਰਮ ਸਭਾ ਮੰਦਰ ਦੇ ਚੁਬਾਰੇ ਵਿੱਚ ਸਨਾਤਨ ਧਰਮ ਸਭਾ ਦੇ ਨਸ਼ਟ ਹੋਏ ਰਿਕਾਰਡ ਦਾ ਮਾਮਲਾ ਇੰਨੀ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪਿਛਲੇ ਕੁੱਝ ਮਹੀਨਿਆਂ ਤੋਂ ਸਨਾਤਨ ਧਰਮ ਸਭਾ ਦਾ ਹਿਸਾਬ ਕਿਤਾਬ ਮੰਗ ਰਹੇ ਸ਼ਹਿਰ ਦੇ ਕੁੱਝ ਮੋਹਤਬਰ ਵਿਅਕਤੀਆਂ ਵਿੱਚ ਸ਼ਾਮਿਲ ਐਡਵੋਕੇਟ ਰਾਜ ਕੁਮਾਰ ਸਿੰਗਲਾ, ਹੰਸ ਰਾਜ ਬਜਾਜ, ਸੁਰੇਸ਼ ਜਿੰਦਲ ਪ੍ਰਧਾਨ ਰਾਈਸ ਸ਼ੈਲਰ ਐਸੋਸੀਏਸ਼ਨ ਨੇ ਸਨਾਤਨ ਧਰਮ ਸਭਾ ਕਮੇਟੀ ਦੇ ਆਗੂਆਂ ਦਾ ਨਾਮ ਲਏ ਬਗੈਰ ਦੋਸ਼ ਲਾਉਂਦਿਆਂ ਕਿਹਾ ਕਿ ਸਨਾਤਨ ਧਰਮ ਸਭਾ ਦੇ ਹਿਸਾਬ ਕਿਤਾਬ ਦੇ ਰਿਕਾਰਡ ਵਿੱਚ ਕਰੋੜਾਂ ਦਾ ਘਪਲਾ ਹੋਣ ਅਤੇ ਲੋਕਾਂ ਵੱਲੋਂ ਹਿਸਾਬ ਮੰਗੇ ਜਾਣ ‘ਤੇ ਰਿਕਾਰਡ ਖੁਰਦ ਬੁਰਦ ਕਰਨ ਦੀ ਆੜ ਵਿੱਚ ਰਿਕਾਰਡ ਨੂੰ ਅੱਗ ਲਗਾਉਣ ਦਾ ਡਰਾਮਾ ਕੀਤਾ ਜਾ ਰਿਹਾ ਹੈ।ਜਿਸ ਦੇ ਚੱਲਦਿਆਂ ਸਨਾਤਨ ਧਰਮ ਸਭਾ ਦੇ ਪ੍ਰਬੰਧਕਾਂ ਦੇ ਖਿਲਾਫ ਧੋਖਾਧੜੀ ਦਾ ਮੁਕੱਦਮਾ ਦਰਜ਼ ਹੋਣਾ ਚਾਹੀਦਾ ਹੈ।
                   ਰਾਮ ਬਾਗ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਐਡਵੋਕੇਟ ਪਵਨ ਕੁਮਾਰ ਗਰਗ ਨੇ ਦੱਸਿਆ ਕਿ ਸਨਾਤਨ ਧਰਮ ਸਭਾ ਦੇ ਪ੍ਰਬੰਧਕਾਂ ਨੇ ਜਨਵਰੀ ਦੇ ਪਹਿਲੇ ਹਫਤੇ ਥਾਣਾ ਸਿਟੀ ਧੂਰੀ ਵਿਖੇ ਸਨਾਤਨ ਧਰਮ ਸਭਾ ਦਾ ਰਿਕਾਰਡ ਨਸ਼ਟ ਹੋਣ ਬਾਰੇ ਇੱਕ ਦਰਖਾਸਤ ਦਿੱਤੀ ਸੀ।ਜਿਸ ਦੀ ਬਿਨਾਂ ਕੋਈ ਜਾਂਚ-ਪੜਤਾਲ ਕੀਤਿਆਂ ਸਿਟੀ ਧੂਰੀ ਦੀ ਪੁਲਿਸ ਨੇ ਇਸ ਮਾਮਲੇ ਦੀ ਡੀ.ਡੀ.ਆਰ ਸਨਾਤਨ ਧਰਮ ਸਭਾ ਦੇ ਪ੍ਰਬੰਧਕਾਂ ਨੂੰ ਸੌਂਪ ਦਿੱਤੀ ਅਤੇ ਇਸ ਫਰਜ਼ੀ ਘਟਨਾਕ੍ਰਮ ਲਈ ਲੋੜੀਦੇ ਸਬੂਤ ਜੁਟਾਉਣ ਦੀ ਆੜ ਵਿੱਚ ਪ੍ਰਬੰਧਕਾਂ ਵੱਲੋਂ 17 ਜਨਵਰੀ ਨੂੰ ਫਿਰ ਰਿਕਾਰਡ ਨੂੰ ਅੱਗ ਲਗਾਉਣ ਦਾ ਡਰਾਮਾ ਰਚਿਆ ਗਿਆ।ਜਿਸ ਦਾ ਪੱਤਾ ਲੱਗਣ ‘ਤੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਅੱਗ ਬੁਝਾਈ।ਪੁਲਿਸ ਵੱਲੋਂ ਕਬਜ਼ੇ ਵਿੱਚ ਲਏ ਗਏ ਰਿਕਾਰਡ ਨੂੰ ਦੇਖਣ ‘ਤੇ ਪਤਾ ਲੱਗਾ ਕਿ ਇਹ ਰਿਕਾਰਡ ਹਿਸਾਬ-ਕਿਤਾਬ ਨਾਲ ਸਬੰਧਤ ਨਹੀਂ ਸੀ, ਬਲਕਿ ਚੈਰੀਟੇਬਲ ਹਸਪਤਾਲ ਦੀਆਂ ਰਿਪੋਰਟਾਂ ਆਦਿ ਦਾ ਰਿਕਾਰਡ ਸੀ, ਜਿਸ ਤੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਅਸਲ ਰਿਕਾਰਡ ਨੂੰ ਖੁਰਦ-ਬੁਰਦ ਨਸ਼ਟ ਕੀਤੇ ਜਾਣ ਦੇ ਨਾਂ ‘ਤੇ ਪ੍ਰਬੰਧਕ ਜਨਤਾ ਨੂੰ ਲੱਖਾਂ-ਕਰੋੜਾਂ ਦਾ ਹਿਸਾਬ-ਕਿਤਾਬ ਦੇਣ ਦੀ ਬਜਾਏ ਇਸ ਗੱਲ ‘ਤੇ ਮਿੱਟੀ ਪਾਉਣਾ ਚਾਹੁੰਦੇ ਹਨ।
              ਇਸ ਸਬੰਧੀ ਜਦੋਂ ਸਨਾਤਨ ਧਰਮ ਸਭਾ ਦੇ ਜਨਰਲ ਸਕੱਤਰ ਗਿਆਨ ਚੰਦ ਅਤੇ ਕੈਸ਼ੀਅਰ ਵੇਦ ਪ੍ਰਕਾਸ਼ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਬਾਰੇ ਉਨਾ ਨੂੰ ਕੁੱਝ ਵੀ ਪਤਾ ਨਹੀਂ ਹੈ।ਸਭਾ ਦੇ ਪ੍ਰਧਾਨ ਦਵਿੰਦਰ ਕੁਮਾਰ ਬਿੰਦਾ ਨਾਲ ਗੱਲ ਕਰਨ ਲਈ ਜਦੋਂ ਉਹਨਾਂ ਦੇ ਫੋਨ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ।
                   ਦੂਜੇ ਪਾਸੇ ਅੱਜ ਪੱਤਰਕਾਰਾਂ ਨੇ ਜਦੋਂ ਇਸ ਮਾਮਲੇ ਦੀ ਜਾਣਕਾਰੀ ਸਬੰਧੀ ਧੂਰੀ ਦੇ ਡੀ.ਐਸ.ਪੀ ਪਰਮਜੀਤ ਸਿੰਘ ਅਤੇ ਐਸ.ਐਚ.ਓ ਸਿਟੀ ਧੂਰੀ ਦਰਸ਼ਨ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਪਾਸ ਸਨਾਤਨ ਧਰਮ ਸਭਾ ਦੇ ਪ੍ਰਬੰਧਕਾਂ ਦੇ ਖਿਲਾਫ ਦਰਖਾਸਤ ਦੀ ਕਾਪੀ ਪਹੁੰਚ ਗਈ ਹੈ ਅਤੇ ਉਹ ਇਸ ਮਾਮਲੇ ਦੀ ਪੜਤਾਲ ਕਰ ਰਹੇ ਹਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …