ਸ਼ਗਨ ਸਕੀਮ ਤੇ ਵਿਦਿਆਰਥੀਆਂ ਦੇ ਵਜੀਫੇ ਦੀ ਰਾਸ਼ੀ ਵਧਣ ‘ਤੇ ਉਸਾਰੀ ਕਿਰਤੀ ਬਾਗੋ-ਬਾਗ
ਧੂਰੀ, 27 ਜਨਵਰੀ (ਪ੍ਰਵੀਨ ਗਰਗ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਭਰ ਦੇ ਲੱਖਾਂ ਉਸਾਰੀ ਕਿਰਤੀਆਂ ਦੇ ਹੱਕ ਵਿੱਚ ਵੱਡਾ ਫੈਸਲਾ
ਲੈਂਦਿਆਂ ਜਿੱਥੇ ਲੇਬਰ ਕਾਰਡ ਬਣਵਾਉਣ ਲਈ ਜਨਮ ਸਬੂਤ ਅਤੇ ਸਕੂਲ ਸਰਟੀਫਿਕੇਟ ਦੀ ਸ਼ਰਤ ਖਤਮ ਕੀਤੀ ਹੈ।ਹੁਣ ਅਧਾਰ ਕਾਰਡ, ਪੈਨ ਕਾਰਡ, ਵੋਟਰ ਕਾਰਡ ਅਤੇ ਰਾਸ਼ਨ ਕਾਰਡ ਵਿੱਚੋਂ ਕੋਈ ਦੋ ਦਸਤਾਵੇਜਾਂ ਨਾਲ ਲੇਬਰ ਕਾਰਡ (ਲਾਲ ਕਾਪੀ) ਬਣਵਾ ਕੇ ਭਲਾਈ ਸਕੀਮਾਂ ਦਾ ਲਾਭ ਮਿਲ ਸਕੇਗਾ।ਉਸਾਰੀ ਕਿਰਤੀਆਂ ਦੀ ਭਲਾਈ ਲਈ ਡਿਗਰੀ ਕੋਰਸ ਕਰਨ ਵਾਲੇ ਕਿਰਤੀਆਂ ਦੇ ਬੱਚਿਆਂ ਲਈ ਵਜੀਫਾ 25 ਹਜ਼ਾਰ ਤੋਂ ਵਧਾ ਕੇ 35 ਹਜ਼ਾਰ ਕਰਨ ਅਤੇ ਲੜਕੀਆਂ ਲਈ ਵਜੀਫਾ 30 ਹਜ਼ਾਰ ਤੋਂ ਵਧਾ ਕੇ 40 ਹਜ਼ਾਰ ਅਤੇ ਪੋਸਟ ਗ੍ਰੈਜੂਏਟ ਡਿਗਰੀ ਕੋਰਸ ਕਰਨ ਵਾਲੇ ਲੜਕਿਆਂ ਦੇ ਹੋਸਟਲ ਦਾ ਵਜੀਫਾ 40 ਹਜ਼ਾਰ ਤੋਂ ਵਧਾ ਕੇ 50 ਹਜ਼ਾਰ ਅਤੇ ਲੜਕੀਆਂ ਦਾ ਵਜੀਫਾ 45 ਹਜ਼ਾਰ ਤੋਂ ਵਧਾ ਕੇ 55 ਹਜ਼ਾਰ ਕਰਨ ਅਤੇ ਕਿਰਤੀ ਕਾਮਿਆਂ ਦੀਆਂ ਧੀਆਂ ਦੇ ਵਿਆਹ ਮੌਕੇ ਦਿੱਤੀ ਜਾਣ ਵਾਲੀ ਸ਼ਗਨ ਸਕੀਮ 31 ਹਜ਼ਾਰ ਤੋਂ ਵਧਾ ਕੇ 51 ਹਜ਼ਾਰ ਕਰਨ ਨਾਲ ਸਰਕਾਰ ਨੇ ਲੱਖਾਂ ਉਸਾਰੀ ਕਿਰਤੀਆਂ ਨੂੰ ਵੱਡੀ ਰਾਹਤ ਦਿੱਤੀ ਹੈ।
ਇਹ ਜਾਣਕਾਰੀ ਦਿੰਦਿਆਂ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਪੰਜਾਬ ਦੇ ਮੈਂਬਰ ਅਤੇ ਕੰਸਟ੍ਰਕਸ਼ਨ ਵਰਕਰਜ਼ ਯੂਨੀਅਨ ਪੰਜਾਬ ਦੇ ਚੇਅਰਮੈਨ ਸੁਸ਼ੀਲ ਸ਼ਰਮਾ ਐਡਵੋਕੇਟ ਨੇ ਦੱਸਿਆ ਕਿ ਕੋਰੋਨਾ ਪੋਜੀਟਿਵ ਆਉਣ ਵਾਲੇ ਕਿਰਤੀਆਂ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ 1500 ਰੁਪਏ ਦੀ ਵਿੱਤੀ ਮਦਦ ਦੇਣ ਦੀ ਮਨਜ਼ੂਰੀ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਨੂੰ ਦੇ ਦਿੱਤੀ ਹੈ।ਇਸ ਦੇ ਨਾਲ ਹੀ ਵਿਆਹ-ਸ਼ਾਦੀ ਦੀ ਪ੍ਰਕਿਰਿਆ ਸੌਖੀ ਕਰਦਿਆਂ ਸਰਕਾਰ ਨੇ ਮੌਜੂਦਾ ਸ਼ਰਤਾਂ ਵਿੱਚ ਢਿੱਲ ਦਿੰਦਿਆਂ ਕਿਸੇ ਵੀ ਧਾਰਮਿਕ ਸੰਸਥਾ ਗੁਰੂਦੁਆਰਾ, ਮੰਦਰ ਜਾਂ ਚਰਚ ਵੱਲੋਂ ਜਾਰੀ ਕੀਤੇ ਵਿਆਹ ਸਬੰਧੀ ਸਰਟੀਫਿਕੇਟ ਨਾਲ ਹੀ ਸ਼ਗਨ ਸਕੀਮ ਲਈ ਅਪਲਾਈ ਕਰਨ ਦਾ ਹੱਕ ਦੇ ਕੇ ਉਸ ਮੌਕੇ 50 ਫੀਸਦੀ ਰਾਸ਼ੀ ਅਡਵਾਂਸ ਦੇਣ ਦਾ ਐਲ਼ਾਨ ਕਰਦਿਆਂ ਸੋਧੇ ਨਿਯਮਾਂ ਮੁਤਾਬਿਕ ਬਾਕੀ 50 ਫੀਸਦੀ ਰਾਸ਼ੀ ਸਬੰਧਤ ਅਥਾਰਟੀ ਵੱਲੋਂ ਵਿਆਹ ਸਰਟੀਫਿਕੇਟ ਜਾਰੀ ਕਰਨ ਤੋਂ ਬਾਅਦ ਦੇਣ ਦਾ ਐਲਾਨ ਕੀਤਾ ਹੈ।ਉਹਨਾਂ ਕਿਹਾ ਕਿ ਹਾਦਸੇ ਵਿੱਚ ਕਿਰਤੀ ਦੀ ਮੌਤ ਹੋ ਜਾਣ ‘ਤੇ ਬੋਰਡ ਪਾਸ ਰਜਿਸਟਰਡ ਅਤੇ ਅਣ-ਰਜਿਸਟਰਡ ਕਾਮਿਆਂ ਨੂੰ ਵੀ 2 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ, ਬਸ਼ਰਤੇ ਕਿ ਅਣ-ਰਜਿਸਟਰਡ ਕਿਰਤੀ ਬੋਰਡ ਪਾਸ ਰਜਿਸਟਰਡ ਹੋਣ ਦੇ ਯੋਗ ਹੋਵੇ।ਉਹਨਾਂ ਦੱਸਿਆ ਕਿ ਵੈਲਫੇਅਰ ਬੋਰਡ ਪਾਸੋਂ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਬਿਨੈ ਪੱਤਰ ਜਮਾਂ੍ਹ ਕਰਵਾਉਣ ਦੀ ਸਮਾਂ ਸੀਮਾ ਵੀ 6 ਮਹੀਨੇ ਤੋਂ ਵਧਾ ਕੇ ਇੱਕ ਸਾਲ ਕਰ ਦਿੱਤੀ ਗਈ ਹੈ।ਇਸ ਤੋਂ ਇਲਾਵਾ ਹੋਰ ਅਨੇਕਾਂ ਨਵੇਂ ਫੈਸਲੇ ਉਸਾਰੀ ਕਿਰਤੀਆਂ ਦੇ ਹੱਕ ਵਿੱਚ ਲੈ ਕੇ ਕੈਪਟਨ ਸਰਕਾਰ ਨੇ ਮਜ਼ਦੂਰ ਪੱਖੀ ਹੋਣ ਦਾ ਸਬੂਤ ਦਿੱਤਾ ਹੈ।ਉਹਨਾਂ ਕਿਹਾ ਕਿ ਉਹ ਜਲਦ ਹੀ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮਜਦੂਰ ਜਾਗਰੂਕਤਾ ਕੈਂਪ ਲਗਾ ਕੇ ਉਸਾਰੀ ਕਿਰਤੀਆਂ ਨੂੰ ਉਹਨਾਂ ਦੇ ਹੱਕਾਂ ਬਾਰੇ ਜਾਗਰੂਕ ਕਰਨਗੇ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media