Saturday, April 11, 2026

ਮੁੱਖ ਮੰਤਰੀ ਪੰਜਾਬ ਵਲੋਂ ‘ਹਰ ਘਰ ਪਾਣੀ-ਹਰ ਘਰ ਸਫਾਈ’ ਮਿਸ਼ਨ ਦੀ ਸ਼ੁਰੂਆਤ

ਸਾਫ ਪਾਣੀ ਦੇ ਨਾਲ-ਨਾਲ ਧਰਤੀ ਹੇਠਲਾ ਪਾਣੀ ਵੀ ਬਚੇਗਾ-ਸੋਨੀ

ਅੰਮ੍ਰਿਤਸਰ, 1 ਫਰਵਰੀ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਰਾਜ ਦੇ ਹਰੇਕ ਘਰ ਨੂੰ ਸਾਫ-ਸੁਥਰਾ ਪਾਣੀ ਤੇ ਜਨਤਕ ਥਾਵਾਂ ਦੀ ਸਫਾਈ ਦੇ ਇਰਾਦੇ ਨਾਲ ਸੂਬੇ ਵਿਚ ‘ਹਰ ਘਰ ਪਾਣੀ ਹਰ ਘਰ ਸਫਾਈ’ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ।ਜਿਸ ਤਹਿਤ ਅੰਮ੍ਰਿਤਸਰ ਜਿਲ੍ਹੇ ਦੇ ਕਈ ਪਿੰਡਾਂ ਨੂੰ ਨਹਿਰੀ ਜਲ ਸਕੀਮਾਂ ਨਾਲ ਜੋੜਿਆ ਜਾਵੇਗਾ।
                   ਇਸ ਮਿਸ਼ਨ ਦੀ ਜਿਲ੍ਹੇ ਵਿੱਚ ਸ਼ੁਰੂਆਤ ਕਰਦੇ ਹੋਏ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ.ਪੀ ਸੋਨੀ ਨੇ ਕਿਹਾ ਪੰਜਾਬ ਨੂੰ ਇਸ ਦੀ ਵੱਡੀ ਲੋੜ ਸੀ ਕਿਉਂਕਿ ਇਕ ਤਾਂ ਸਾਡਾ ਪਾਣੀ ਲਗਾਤਾਰ ਹੇਠਾਂ ਜਾ ਰਿਹਾ ਸੀ, ਦੂਸਰਾ ਪਾਣੀ ਦੂਸ਼ਿਤ ਹੋ ਰਿਹਾ ਸੀ। ਉਨਾਂ ਕਿਹਾ ਕਿ ਹੁਣ ਨਹਿਰਾਂ ਦਾ ਜੋ ਪਾਣੀ ਸਾਫ ਕਰਕੇ ਪੀਣ ਲਈ ਦਿੱਤਾ ਜਾਣਾ ਹੈ, ਉਸ ਨਾਲ ਇਕ ਤਾਂ ਸਾਫ-ਸੁਥਰਾ ਪਾਣੀ ਮਿਲੇਗਾ, ਦੂਸਰਾ ਧਰਤੀ ਹੇਠਲਾ ਪਾਣੀ ਬਚੇਗਾ।
ਉਨਾਂ ਕਿ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਸਮਝਦਾ ਹਾਂ ਕਿ ਮੈਨੂੰ ਇਸ ਸੁਭਾਗੇ ਮੌਕੇ ਦੀ ਸ਼ੁਰੂਆਤ ਦਾ ਮੌਕਾ ਮਿਲਿਆ ਹੈ।ਉਨਾਂ ਦੱਸਿਆ ਕਿ ਜਿਵੇਂ ਕਿ ਅੰਮਿ੍ਰਤਸਰ ਸ਼ਹਿਰ ਨੂੰ ਰਾਵੀ ਦਰਿਆ ਤੋਂ ਪੀਣ ਵਾਲਾ ਸਾਫ ਪਾਣੀ ਦੇਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਸੇ ਤਰਾਂ ਕਈ ਪਿੰਡਾਂ ਨੂੰ ਨਹਿਰੀ ਜਲ ਸਪਲਾਈ ਸਕੀਮਾਂ ਨਾਲ ਜੋੜਿਆ ਜਾ ਰਿਹਾ ਹੈ, ਜਿਸ ਨਾਲ ਸਾਫ-ਸੁਥਰਾ ਪਾਣੀ ਮਿਲੇਗਾ।ਉਨਾਂ ਦੱਸਿਆ ਕਿ ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ, ਪਟਿਆਲਾ ਤੇ ਫਤਿਹਗੜ੍ਹ ਸਾਹਿਬ ਜਿਲਿਆਂ ਵਿੱਚ 728 ਕਰੋੜ ਰੁਪਏ ਦੀ ਲਾਗਤ ਨਾਲ 705 ਪਿੰਡਾਂ ਲਈ ਅੱਜ 8 ਮੈਗਾ ਨਹਿਰੀ ਜਲ ਯੋਜਨਾਵਾਂ ਦਾ ਨੀਂਹ ਪੱਥਰ ਮੁੱਖ ਮੰਤਰੀ ਵੱਲੋਂ ਰੱਖਿਆ ਗਿਆ ਹੈ। ਇਸੇ ਤਰਾਂ 92 ਪਿੰਡਾਂ ਲਈ ਕਰੀਬ 40 ਕਰੋੜ ਰੁਪਏ ਦੀ ਲਾਗਤ ਨਾਲ ਜਲ ਸਪਲਾਈ ਸਕੀਮਾਂ, 81 ਪਿੰਡਾਂ ਲਈ ਆਰਸੈਨਿਕ ਕਮ ਆਇਰਨ ਰਿਮੂਵਲ ਪਲਾਂਟ ਅਤੇ 106 ਪਿਡਾਂ ਲਈ ਕਮਿੳੂਨਟੀ ਆਰ.ਓ ਪਲਾਂਟ ਦੇ ਨੀਂਹ ਪੱਥਰ ਵੀ ਅੱਜ ਰੱਖੇ ਗਏ ਹਨ ਜਿੰਨਾ ਵਿਚੋਂ 66 ਪਿੰਡ ਅੰਮ੍ਰਿਤਸਰ ਜਿਲ੍ਹੇ ਦੇ ਹਨ।ਉਨਾਂ ਕਿਹਾ ਕਿ ਇਕੱਲੇ ਅੰਮ੍ਰਿਤਸਰ ਜਿਲ੍ਹੇ ਵਿਚ 378 ਕਰੋੜ ਰੁਪਏ ਦੀ ਲਾਗਤ ਨਾਲ 369 ਪਿੰਡਾਂ ਨੂੰ ਨਹਿਰੀ ਪਾਣੀ ਪੀਣ ਲਈ ਦਿੱਤਾ ਜਾਣਾ ਹੈ, ਜਿਸ ਦਾ ਨੀਂਹ ਪੱਥਰ ਅੱਜ ਰੱਖ ਦਿੱਤਾ ਗਿਆ ਹੈ।
                   ਉਨਾਂ ਦੱਸਿਆ ਕਿ ਅੰਮ੍ਰਿਤਸਰ ਵਿਚ ਜੌੜਾ ਫਾਟਕ ਨੇੜੇ ਹਾਈਟੈਕ ਲੈਬਾਰਟਰੀ ਸ਼ੁਰੂ ਕੀਤੀ ਗਈ ਹੈ, ਜਿਥੇ ਪੀਣ ਵਾਲੇ ਪਾਣੀ ਦੀ ਜਾਂਚ ਕੀਤੀ ਜਾਂਦੀ ਹੈ।ਸੋਨੀ ਨੇ ਅੱਜ ਜਿਲ੍ਹੇ ਵਿਚ 5 ਕਰੋੜ ਦੀ ਲਾਗਤ ਨਾਲ ਬਣੀਆਂ 15 ਜਲ ਸਪਲਾਈ ਸਕੀਮਾਂ ਦਾ ਉਦਘਾਟਨ ਅਤੇ 20 ਜਲ ਸਪਲਾਈ ਸਕੀਮਾਂ ਦਾ ਨੀਂਹ ਪੱਥਰ ਰੱਖਿਆ।ਉਨਾਂ ਦੱਸਿਆ ਕਿ ਜਿਲ੍ਹੇ ਦੇ ਪਿੰਡ ਬੁੱਢਾ ਥੇਹ ਵਿਖੇ 5 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਟਰੀਟਮੈਂਟ ਪਲਾਂਟ ਦਾ ਵੀ ਅੱਜ ਨੀਂਹ ਪੱਥਰ ਰੱਖਿਆ ਗਿਆ ਹੈ।ਬੀਤੀ 16 ਜਨਵਰੀ ਨੂੰ ਜਿਲ੍ਹਾ ਪ੍ਰਸ਼ਾਸਨ ਨੂੰ ਪਾਣੀ ਦੀ ਸ਼ੁਧਤਾ ਲਈ ਕੀਤੇ ਜਾ ਰਹੇ ਉਪਰਾਲਿਆਂ ਲਈ ਸਕਾਚ ਐਵਾਰਡ ਨਾਲ ਸਨਮਾਨਿਤ ਕੀਤਾ ਹੈ, ਜੋ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ।
                    ਸਫਾਈ ਮੁਹਿੰਮ ਦੀ ਗੱਲ ਕਰਦੇ ਸੋਨੀ ਨੇ ਕਿਹਾ ਕਿ ਜਿਲ੍ਹੇ ਵਿਚ 30970 ਟਾਇਲਟ ਬਣਾਏ ਜਾ ਚੁੱਕੇ ਹਨ ਅਤੇ 32 ਪਿੰਡਾਂ ਵਿਚ ਕਮਿੳੂਨਟੀ ਸੈਨੀਟੇਸ਼ਨ ਕੰਪਲੈਕਸ ਬਣਾਏ ਜਾ ਰਹੇ ਹਨ, ਜਿੱਥੇ ਕਰੀਬ 96 ਲੱਖ ਰੁਪਏ ਦਾ ਖਰਚ ਆਵੇਗਾ।
                  ਇਸ ਮੌਕੇ ਵਿਧਾਇਕ ਸੁਨੀਲ ਦੱਤੀ, ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਚੇਅਰਮੈਨ ਜਿਲ੍ਹਾ ਪ੍ਰੀਸ਼ਦ ਦਿਲਰਾਜ ਸਿੰਘ ਸਰਕਾਰੀਆ, ਜਿਲ੍ਹਾ ਪੁਲਿਸ ਮੁਖੀ ਧੁਰਵ ਦਾਹੀਆ, ਵਧੀਕ ਡਿਪਟੀ ਕਮਿਸ਼ਨਰ ਰਣਬੀਰ ਸਿੰਘ ਮੂਧਲ, ਐਸ.ਈ ਜਸਵਿੰਦਰ ਸਿੰਘ ਚਾਹਲ, ਐਕਸੀਅਨ ਪੁਨੀਤ ਭਸੀਨ ਤੇ ਚਰਨਦੀਪ ਸਿੰਘ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …