ਖੰਨਾ ਪੇਪਰ ਮਿਲ ਦੇ ਸਹਿਯੋਗ ਨਾਲ ਬਲਾਕ ਹਰਸ਼ਾ ਛੀਨਾ ਨੂੰ 4000 ਡਸਟਬਿਨ, 20 ਰੇਹੜੀਆਂ ਤੇ 5000 ਪੌਦੇ ਭੇਟ
ਅੰਮ੍ਰਿਤਸਰ, 6 ਫਰਵਰੀ (ਸੁਖਬੀਰ ਸਿੰਘ) – ਪਿੰਡ ਜਗਦੇਵ ਕਲਾਂ ਅਤੇ ਮੱਲੂਨੰਗਲ ਵਿਖੇ ਸਰਕਾਰ ਵੱਲੋਂ ਸਾਲਿਡ ਵੇਸਟ ਮੈਨੈਜਮੈਂਟ ਪ੍ਰਾਜੈਕਟ ਸਥਾਪਤ ਕੀਤਾ ਜਾ
ਰਿਹਾ ਹੈ ਜਿਸ ਨਾਲ ਪਿੰਡਾਂ ਵਿੱਚ ਲੱਗੀਆਂ ਰੂੜੀਆਂ ਨੂੰ ਖਤਮ ਕੀਤਾ ਜਾਵੇਗਾ ਅਤੇ ਘਰ ਘਰ ਤੋਂ ਕੂੜਾ ਕਰਕਟ ਇਕੱਠਾ ਕਰਕੇ ਸਾਲਿਡ ਵੇਸਟ ਮੈਨੈਜਮੈਂਟ ਪ੍ਰਾਜੈਕਟ ਤਹਿਤ ਹਰ ਪਿੰਡ ਨੂੰ ਸਾਫ ਸੁਥਰਾ ਬਣਾਇਆ ਜਾਵੇਗਾ।
ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਦਿਲਰਾਜ ਸਿੰਘ ਸਰਕਾਰੀਆ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਨੇ ਖੰਨਾ ਪੇਪਰ ਮਿਲ ਦੇ ਸਹਿਯੋਗ ਨਾਲ ਬਲਾਕ ਹਰਸ਼ਾ ਛੀਨਾ ਨੂੰ ਪਿੰਡ ਦੀ ਸਾਫ ਸਫਾਈ ਅਤੇ ਹਰਿਆ ਭਰਿਆ ਬਣਾਉਣ ਲਈ 4000 ਡਸਟਬਿਨ, 20 ਰੇਹੜੀਆਂ ਸੁੱਕਾ ਤੇ ਗਿੱਲਾ ਕੂੜਾ ਇਕੱਠਾ ਕਰਨ ਲਈ ਅਤੇ 5000 ਪੌਦੇ ਭੇਂਟ ਕਰਨ ਸਮੇਂ ਕੀਤਾ।ਸਰਕਾਰੀਆ ਨੇ ਕਿਹਾ ਕਿ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਦੀ ਰਹਿਨੁਮਾਈ ਹੇਠ ਪੰਜਾਬ ਸਰਕਾਰ ਵੱਲੋਂ ਹਰ ਘਰ ਪਾਣੀ ਅਤੇ ਹਰ ਘਰ ਸਫਾਈ ਮੁਹਿੰਮ ਤਹਿਤ ਪਿੰਡਾਂ ਨੂੰ ਪੀਣ ਲਈ ਸਾਫ ਤੇ ਸਵੱਛ ਪਾਣੀ ਮੁਹੱਈਆ ਕਰਵਾਇਆ ਜਾਵੇਗਾ।ਸਰਕਾਰੀਆ ਨੇ ਖੰਨਾ ਪੇਪਰ ਮਿਲ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪੇਂਡੂ ਖੇਤਰਾਂ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਨੂੰ ਹਰਿਆ ਭਰਿਆ ਬਣਾਉਣ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਕਿ ਬਹੁਤ ਵਧੀਆ ਉਪਰਾਲਾ ਹੈ।ਉਨ੍ਹਾਂ ਕਿਹਾ ਕਿ ਗੁਰੂ ਦੀ ਨਗਰੀ ਦੀ ਸਾਫ ਸਫਾਈ ਹੋਰ ਕਾਰਪੋਰੇਟ ਘਰਾਣਿਆਂਨੂੰ ਵੀ ਅੱਗੇ ਆਉਣਾ ਚਾਹੀਦਾ ਹੈ।
ਸਰਕਾਰੀਆ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਇਕ ਫਰਵਰੀ ਤੋਂ ਸ਼ੁਰੂ ਕੀਤੀ ਗਈ ਮੁਹਿੰਮ ਹਰ ਘਰ ਪਾਣੀ ਤੇ ਹਰ ਘਰ ਸਫਾਈ ਨੂੰ ਪਿੰਡ ਪਿੰਡ ਤੱਕ ਪਹੁੰਚਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਖੰਨਾ ਪੇਪਰ ਮਿਲ ਵੱਲੋਂ ਪਿੰਡਾਂ ਵਿੱਚ ਘਰੋਂ ਘਰੀ ਗਿੱਲਾ ਤੇ ਸੁੱਕਾ ਕੂੜਾ ਇਕੱਠਾ ਕਰਨ ਲਈ ਜੋ ਰੇਹੜੀਆਂ ਦਿੱਤੀਆਂ ਗਈਆਂ ਹਨ, ਉਸ ਨਾਲ ਕਾਫੀ ਹੱਦ ਤੱਕ ਪਿੰਡਾਂ ਦੀ ਸਫਾਈ ਹੋ ਸਕੇਗੀ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਣਬੀਰ ਮੁੱਧਲ ਨੇ ਕਿਹਾ ਕਿ ਸਵੱਛ ਭਾਰਤ ਮਿਸ਼ਨ ਤਹਿਤ ਪਿੰਡਾਂ ਨੂੰ ਸਾਫ ਸੁਥਰਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਹਰ ਘਰ ਪਾਣੀ ਦਾ ਮੁੱਖ ਮੰਤਵ ਲੋਕਾਂ ਨੂੰ ਸਾਫ ਪਾਣੀ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਦੀ ਬੱਚਤ ਵੀ ਕਰਨ ਇਹ ਕੁਦਰਤ ਦਾ ਅਨਮੋਲ ਸੋਮਾ ਹੈ।
ਖੰਨਾ ਪੇਪਰ ਮਿਲ ਦੇ ਮੈਨੇਜਿੰਗ ਟਰੱਸਟੀ ਸੁਨੀਤ ਕੋਛੜ ਨੇ ਇਸ ਮੌਕੇ ਕਿਹਾ ਕਿ ਖੰਨਾ ਪੇਪਰ ਮਿਲ ਵੱਲੋਂ ਮਡਾਡ ਚੈਰੀਟੇਬਲ ਫਾਉਂਡੇਸ਼ਨ ਦਾ 2011 ਵਿੱਚ ਗਠਨ ਕੀਤਾ ਗਿਆ ਸੀ।ਉਨ੍ਹਾਂ ਦੱਸਿਆ ਕਿ ਇਸ ਫਾਉਂਡੇਸ਼ਨ ਵੱਲੋਂ ਸਮੇ ਸਮੇਂ ਸਿਰ ਭਲਾਈ ਦੇ ਕੰਮ ਵੀ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਮਡਾਡ ਫਾਉਂਡੇਸਨ ਵੱਲੋਂ ਜੰਮੂ ਕਸ਼ਮੀਰ ਰਲੀਫ ਫੰਡ, ਜੌੜਾ ਫਾਟਕ ਦੁਰਘਟਨਾ ਸਮੇਂ ਅਤੇ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਡਸਟਬਿਨਾਂ ਦੀ ਵੰਡ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕੋਵਿਡ -19 ਮਹਾਂਮਾਰੀ ਦੌਰਾਨ ਮਡਾਡ ਫਾਉਂਡੇਸ਼ਨ ਵੱਲੋਂ ਲੋਕਾਂ ਨੂੰ ਵਿੱਤੀ ਸਹਾਇਤਾ ਦੇ ਨਾਲ ਨਾਲ ਨਿਸ਼ਕਾਮ ਸੇਵਾ ਸਕੂਲ ਦੇ ਬੱਚਿਆਂ ਦੀ ਮਦਦ ਵੀ ਕੀਤੀ ਹੈ।
Punjab Post Daily Online Newspaper & Print Media