Wednesday, March 18, 2026

ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੀ ਸ਼ਹਾਦਤ ਹਮੇਸ਼ਾ ਪ੍ਰੇਰਨਾ ਸਰੋਤ ਰਹੇਗੀ-ਤਰਸੇਮ ਸਿੰਘ ਡੀ.ਸੀ

175ਵੇਂ ਸ਼ਹੀਦੀ ਦਿਵਸ ਮੌਕੇ ਹੋਇਆ ਅਟਾਰੀ ‘ਚ ਹੋਇਆ ਸਮਾਗਮ

ਅੰਮ੍ਰਿਤਸਰ, 10 ਫਰਵਰੀ (ਸੁਖਬੀਰ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਸ਼ਾਮ ਸਿੰਘ ਅਟਾਰੀ ਵਾਲਾ ਦਾ 175ਵਾਂ ਸ਼ਹੀਦੀ ਦਿਹਾੜਾ ਉਨਾਂ ਦੇ ਜ਼ੱਦੀ ਪਿੰਡ ਅਟਾਰੀ ਵਿਖੇ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ।ਸਮਾਗਮ ਮੌਕੇ ਤਰਸੇਮ ਸਿੰਘ ਡੀਸੀ ਹਲਕਾ ਵਿਧਾਇਕ ਅਟਾਰੀ, ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਕਰਨਲ ਹਰਿੰਦਰ ਸਿੰਘ ਅਟਾਰੀ ਅਤੇ ਹੋਰ ਸਖਸ਼ੀਅਤਾਂ ਨੇ ਸ਼ਹੀਦ ਸ਼ਾਮ ਸਿੰਘ ਅਟਾਰੀਵਾਲਾ ਦੀ ਤਸਵੀਰ ’ਤੇ ਫੁੱਲ ਮਲਾਵਾਂ ਚੜਾ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ।ਜਵਾਨਾਂ ਵਲੋਂ ਹਥਿਆਰ ਉਲਟੇ ਕਰਕੇ ਜਰਨਲ ਅਟਾਰੀਵਾਲਾ ਨੂੰ ਸਲਾਮੀ ਦਿੱਤੀ ਗਈ।ਭਾਰਤੀ ਫੌਜ ਵੱਲੋਂ 15 ਇਨਫੈਂਟਰੀ ਡਵੀਜ਼ਨ ਅਤੇ 9 ਪੰਜਾਬ ਦੇ ਅਧਿਕਾਰੀਆਂ ਵੱਲੋਂ ਵੀ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਨੂੰ ਫੁੱਲ ਮਲਾਵਾਂ ਭੇਟ ਕਰਕੇ ਯਾਦ ਕੀਤਾ ਗਿਆ।
                  ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਤਰਸੇਮ ਸਿੰਘ ਡੀ.ਸੀ ਨੇ ਕਿਹਾ ਕਿ ਸ. ਸ਼ਾਮ ਸਿੰਘ ਅਟਾਰੀਵਾਲਾ ਸਿੱਖ ਕੌਮ ਦੇ ਮਹਾਨ ਜਰਨੈਲ ਹਨ ਅਤੇ ਇੰਨਾਂ ਦੀ ਸ਼ਹਾਦਤ ਸਾਡੇ ਲਈ ਸਦਾ ਚਾਨਣ ਮੁਨਾਰਾ ਰਹੇਗੀ।ਉਨ੍ਹਾਂ ਕਿਹਾ ਕਿ ਸ਼ਹੀਦ ਇਕ ਪਰਿਵਾਰ ਨਾਲ ਸਬੰਧਤ ਨਹੀਂ ਹੁੰਦੇ ਉਹ ਕੌਮ ਦਾ ਸਰਮਾਇਆ ਹੁੁੰਦੇ ਹਨ।ਉਨਾਂ ਕਿਹਾ ਕਿ ਪੰਜਾਬ ਸਰਕਾਰ ਇਸ ਮਹਾਨ ਸ਼ਹੀਦ ਦੀ ਸ਼ਹਾਦਤ ਨੂੰ ਸਿਜਦਾ ਕਰਦੀ ਹੈ, ਜਿਨ੍ਹਾਂ ਨੇ ਆਪਣੀ ਜਾਨ ਨੂੰ ਦੇਸ਼- ਕੌਮ ਲਈ ਕੁਰਬਾਨ ਕਰ ਦਿੱਤਾ।ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦੇ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਅਤੇ ਆਪਣੇ ਬੱਚਿਆਂ ਨੂੰ ਵੀ ਇਤਿਹਾਸ ਤੋਂ ਜਾਣੂੰ ਕਰਾਉਣ।
                    ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਸਾਨੂੰ ਸਭ ਨੂੰ ਮਹਾਨ ਜਰਨੈਲ ਸ਼ਾਮ ਸਿੰਘ ਅਟਾਰੀ ਵਾਲਾ ਦੇ ਜੀਵਨ ਤੋਂ ਸੇਧ ਲੈਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਮਹਾਨ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਨੇ 18 ਸਾਲ ਦੀ ਉਮਰ ਵਿੱਚ ਯੁੱਧਾਂ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਸੀ ਅਤੇ ਆਪਣੀ ਉਮਰ ਦੇ ਆਖਰੀ ਪੜਾਅ ਵਿੱਚ ਵੀ ਸਿੱਟਿਆਂ ਦੇ ਅੰਜਾਮ ਦੀ ਪਰਵਾਹ ਕੀਤੇ ਬਿਨਾਂ ਖੁਦ ਆਖਰੀ ਹਮਲੇ ਦੀ ਅਗਵਾਈ ਕੀਤੀ ਅਤੇ ਆਖਰੀ ਸਾਹ ਤੱਕ ਲੜਦੇ ਰਹੇ। ਇਸ ਮੌਕੇ ਟਰੱਸਟ ਦੇ ਸਕੱਤਰ ਹਰਪ੍ਰੀਤ ਸਿੰਘ, ਜਸਵੰਤ ਸਿੰਘ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …