Monday, March 9, 2026

ਖਾਲਸਾ ਕਾਲਜ ਪਬਲਿਕ ਸਕੂਲ ’ਚ ਕਰਵਾਇਆ ਗਿਆ ਅਰਦਾਸ ਦਿਵਸ

ਅੰਮ੍ਰਿਤਸਰ, 23 ਫ਼ਰਵਰੀ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਅੱਜ ਸਾਲਾਨਾ ‘ਅਰਦਾਸ ਦਿਵਸ’ ਧਾਰਮਿਕ ਸ਼ਰਧਾ ਸਹਿਤ ਮਨਾਇਆ ਗਿਆ।ਕੌਂਸਲ ਦੇ ਮੀਤ ਪ੍ਰਧਾਨ ਸਵਿੰਦਰ ਸਿੰਘ ਕੱਥੂਨੰਗਲ ਨੇ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਆ ਰਹੇ ਸਾਲਾਨਾ ਇਮਤਿਹਾਨਾਂ ’ਚ ਨਕਲ ਦਾ ਸਹਾਰਾ ਨਾ ਲੈ ਕੇ ਸ਼ਾਨਦਾਰ ਕਾਬਲੀਅਤ ਦਾ ਪ੍ਰਦਰਸ਼ਨ ਲਈ ਉਤਸ਼ਾਹਿਤ ਕੀਤਾ।
                   ਸਕੂਲ ’ਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਉਚੇਚੇ ਤੌਰ ’ਤੇ ਪੁੱਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਨੇ ਅਰਦਾਸ ਦੀ ਮਹੱਤਤਾ ’ਤੇ ਭਰਪੂਰ ਚਾਨਣਾ ਪਾਉਂਦਿਆਂ ਵਿਦਿਆਰਥੀਆਂ ਨੂੰ ਕਿਹਾ ਕਿ ਦੁਨਿਆਵੀ ਸਿੱਖਿਆ ਤੋਂ ਇਲਾਵਾ ਇਸ ਤਰਾਂ ਦੇ ਪ੍ਰੋਗਰਾਮ ਸਕੂਲਾਂ ’ਚ ਬੱਚਿਆਂ ਨੂੰ ਆਪਣੇ ਧਾਰਮਿਕ ਵਿਰਸੇ ਪ੍ਰਤੀ ਸੁਚੇਤ ਬਣਾਉਦੇ ਹਨ।ਸਮਾਗਮ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ਬਦ ਕੀਰਤਨ ਗਾਇਨ ਕੀਤਾ।
                ਕੱਥੂਨੰਗਲ ਨੇ ਦੱਸਿਆ ਕਿ ਖ਼ਾਲਸਾ ਮੈਨੇਜ਼ਮੈਂਟ ਦੀ ਇਹ ਪ੍ਰੰਪਰਾ ਹੈ ਕਿ ਸਾਲਾਨਾ ਇਮਤਿਹਾਨਾਂ ਤੋਂ ਪਹਿਲਾਂ ਵਿਦਿਆਰਥੀਆਂ ਦੇ ਸਫ਼ਲਤਾਪੂਰਵਕ ਪ੍ਰ੍ਰਖਿਆਵਾਂ ਸਬੰਧੀ ਗੁਰੂ ਮਹਾਰਾਜ ਦਾ ਓਟ ਆਸਰਾ ਲੈਂਦਿਆਂ ਉਨ੍ਹਾਂ ਦੀ ਹਜ਼ੂਰੀ ’ਚ ਅਰਦਾਸ ਕੀਤੀ ਜਾਂਦੀ ਹੈ।ਕੌਂਸਲ ਦੇ ਜੁਆਇੰਟ ਸਕੱਤਰ ਹਰਮਿੰਦਰ ਸਿੰਘ ਫ਼ਰੀਡਮ ਨੇ ਵਿਦਿਆਰਥੀਆਂ ਨੂੰ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਪ੍ਰੀਖਿਆ ’ਚ ਸ਼ਾਨਦਾਰ ਨੰਬਰ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ।
               ਸਕੂਲ ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪੁਰਾਤਨ ਰਵਾਇਤ ਮੁਤਾਬਿਕ ਗਵਰਨਿੰਗ ਕੌਂਸਲ ਅਧੀਨ ਚਲ ਰਹੇ ਸਮੂਹ ਵਿਦਿਅਕ ਅਦਾਰਿਆਂ ’ਚ ਅਰਦਾਸ ਦਿਵਸ ਮਨਾਇਆ ਜਾਂਦਾ ਹੈ।ਸਵਿੰਦਰ ਸਿੰਘ ਕੱਥੂਨੱਗਲ, ਹਰਮਿੰਦਰ ਸਿੰਘ ਫ਼ਰੀਡਮ ਨੇ ਧਾਰਮਿਕ ਪ੍ਰੀਖਿਆਵਾਂ ’ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ।
             ਸਿੱਖ ਇਤਿਹਾਸ ਖੋਜ ਕੇਂਦਰ ਦੇ ਸਾਬਕਾ ਮੁੱਖੀ ਤੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਵਿੱਦਿਆ ਸਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ।
               ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਸਰਦੂਲ ਸਿੰਘ ਮੰਨਨ, ਅਜ਼ਮੇਰ ਸਿੰਘ ਹੇਰ, ਮੈਂਬਰ ਸੁਖਦੇਵ ਸਿੰਘ ਅਦਬਾਲ, ਗੁਰਮਹਿੰਦਰ ਸਿੰਘ, ਖ਼ਾਲਸਾ ਕਾਲਜ ਆਫ਼ ਨਰਸਿੰਗ ਪ੍ਰਿੰਸੀਪਲ ਡਾ. ਕਮਲਜੀਤ ਕੌਰ, ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਪ੍ਰਿੰਸੀਪਲ ਨਿਰਮਲਜੀਤ ਕੌਰ, ਖ਼ਾਲਸਾ ਕਾਲਜ ਪਬਲਿਕ ਸਕੂਲ, ਹੇਰ ਪ੍ਰਿੰਸੀਪਲ ਗੁਰਵਿੰਦਰ ਕੌਰ ਤੋਂ ਇਲਾਵਾ ਸਮੂਹ ਸਟਾਫ਼ ਤੇ ਵੱਡੀ ਗਿਣਤੀ ’ਚ ਵਿਦਿਆਰਥੀ ਮੌਜ਼ੂਦ ਸਨ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …