ਅੰਮ੍ਰਿਤਸਰ, 2 ਮਾਰਚ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਲੋਂ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ
ਡਾ. ਗੋਪਾਲ ਸਿੰਘ ਪੁਰੀ ਯਾਦਗਾਰੀ ਭਾਸ਼ਣ ਵਾਈਸ ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਕਰਵਾਇਆ ਗਿਆ।
ਇਹ ਯਾਦਗਾਰੀ ਭਾਸ਼ਣ ਦਿੱਲੀ ਯੂਨੀਵਰਸਿਟੀ ਦਿੱਲੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਵੀ ਰਵਿੰਦਰ ਨੇ ‘‘ਪੰਜਾਬੀ ਸਭਿਆਚਾਰ : ਅਤੀਤ, ਸਮਕਾਲ ਅਤੇ ਭਵਿੱਖ’’ ਵਿਸ਼ੇ ’ਤੇ ਦਿੱਤਾ।ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋ. ਵਾਈਸ ਚਾਂਸਲਰ ਅਤੇ ਪੰਜਾਬੀ ਅਧਿਐਨ ਸਕੂਲ ਦੇ ਸਾਬਕਾ ਮੁਖੀ ਡਾ. ਸਤਿੰਦਰ ਸਿੰਘ ਨੇ ਕੀਤੀ।ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਰਮਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ।
ਭਾਸ਼ਣ ਦੇ ਸੰਚਾਲਕ ਡਾ. ਮੇਘਾ ਸਲਵਾਨ ਨੇ ਆਏ ਹੋਏ ਮਹਿਮਾਨਾਂ ਨਾਲ ਜਾਣ ਪਛਾਣ ਕਰਵਾਈ। ਉਨ੍ਹਾਂ ਆਖਿਆ ਕਿ ਸਭਿਆਚਾਰ ਸਦਕਾ ਹੀ ਇਕ ਮਨੁੱਖ ਦੂਸਰੇ ਨੂੰ ਬਿਹਤਰ ਢੰਗ ਨਾਲ ਸਮਝ ਸਕਦਾ ਹੈ। ਪੰਜਾਬੀ ਸਭਿਆਚਾਰ ਦੁਨੀਆਂ ਦੇ ਪ੍ਰਾਚੀਨਤਮ ਅਤੇ ਸਮ੍ਰਿਧ ਸਭਿਆਚਾਰਾਂ ਵਿਚੋਂ ਇਕ ਹੈ। ਇਸਦੀ ਸ਼ਕਤੀ ਇਸਦੀ ਵੰਨ-ਸੁਵੰਨਤਾ ਵਿਚ ਹੈ।
ਡਾ. ਰਵੀ ਰਵਿੰਦਰ ਸਭਿਆਚਾਰ ਨੂੰ ਪਰਿਭਾਸ਼ਤ ਕਰਦਿਆਂ ਮਨੁੱਖੀ ਸੰਘਰਸ਼, ਅਤੀਤ ਤੋਂ ਸਿੱਖਣ, ਪ੍ਰਯੋਗਸ਼ੀਲਤਾ, ਦ੍ਰਿਸ਼ਟੀਮੂਲਕ ਬਿਰਤੀ ਸਿਰਜਣਾਤਮਕਤਾ, ਸਹਿਯੋਗ, ਸੰਵਾਦ ਅਤੇ ਚੋਣ ਨੂੰ ਇਸ ਦੇ ਮਹੱਤਵਪੂਰਨ ਪੱਖ ਪ੍ਰਵਾਨਿਆ ਇਸ ਦੇ ਨਾਲ ਹੀ ਇਨ੍ਹਾਂ ਜ਼ਮੀਨ ਯੁੱਧ ਅਤੇ ਗੀਤ ਨੂੰ ਪੰਜਾਬੀ ਸਭਿਆਚਾਰ ਦੇ ਮੂਲ ਪ੍ਰੇਰਕ ਮੰਨਿਆ।ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬੀ ਸਭਿਆਚਾਰ ਦੇ ਮੂਲ ਪ੍ਰੇਰਕ ਇਸ ਦੇ ਲੱਛਣ, ਚੁਨੌਤੀਆਂ ਅਤੇ ਭਵਿੱਖਮੁਖੀ ਸੰਭਾਵਨਾਵਾਂ ਨੂੰ ਉਜਾਗਰ ਕੀਤਾ।ਉਨ੍ਹਾਂ ਨੇ ਅਨੁਵਾਦ ਨੂੰ ਗਿਆਨ ਪ੍ਰਾਪਤੀ ਅਤੇ ਗਿਆਨ ਪ੍ਰਸਾਰ ਦਾ ਜ਼ਰੂਰੀ ਅੰਗ ਮੰਨਿਆ।
ਡਾ. ਸਤਿੰਦਰ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਵਿਹਾਰਕਤਾ ਨੂੰ ਪੰਜਾਬੀ ਸਭਿਆਚਾਰ ਦੇ ਨਿਵੇਕਲੇ ਗੁਣ ਵਜੋਂ ਪੇਸ਼ ਕੀਤਾ।ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬੀ ਸਭਿਆਚਾਰ ਦੇ ਭਵਿੱਖਮੁਖੀ ਵਿਕਾਸ ਲਈ ਆਉਂਦੀਆਂ ਚੁਨੌਤੀਆਂ ’ਤੇ ਚਾਨਣਾ ਪਾਉਂਦਿਆਂ ਇਸ ਦੇ ਪਾਸਾਰ ਲਈ ਉਚਿੱਤ ਮੰਚ ਦੀ ਘਾਟ ਨੂੰ ਵੱਡਾ ਕਾਰਨ ਦੱਸਿਆ।ਅੰਤ ’ਤੇ ਡਾ. ਮਨਜਿੰਦਰ ਸਿੰਘ ਨੇ ਸਮਾਗਮ ਵਿੱਚ ਸ਼ਾਮਲ ਸਮੂਹ ਮਹਿਮਾਨਾਂ, ਅਧਿਆਪਕਾਂ ਤੇ ਖੋਜ ਵਿਦਿਆਰਾਥੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਵਿਭਾਗ ਦੇ ਅਧਿਆਪਕ ਡਾ. ਬਲਜੀਤ ਕੌਰ ਰਿਆੜ, ਡਾ. ਇੰਦਰਪ੍ਰੀਤ, ਡਾ. ਜਸਪਾਲ ਸਿੰਘ, ਡਾ. ਹਰਿੰਦਰ ਸਿੰਘ, ਡਾ. ਕੰਵਲਦੀਪ ਕੌਰ, ਖੋਜ ਵਿਦਿਆਰਥੀਆਂ ਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ‘ਚ ਸ਼ਿਰਕਤ ਕੀਤੀ।
Check Also
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ
ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …
Punjab Post Daily Online Newspaper & Print Media