ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਨੂੰ ਉਜਾਗਰ ਕਰ ਗਿਆ ਕਾਲਜ ਦੇ ਥੀਏਟਰ ਵਿਭਾਗ ਵੱਲੋਂ ਪੇਸ਼ ਕੀਤਾ ਨਾਟਕ ‘ਵਿਸਮਾਦ’
ਅੰਮ੍ਰਿਤਸਰ, 3 ਮਾਰਚ (ਖੁਰਮਣੀਆਂ ) – ਖ਼ਾਲਸਾ ਕਾਲਜ ਵਿਖੇ ਚੱਲ ਰਹੇ 4 ਰੋਜ਼ਾ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ 2021 ਦਾ ਦੂਸਰਾ ਦਿਨ ਜਿੱਥੇ
ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਿਹਾ, ਉਥੇ ਕਾਲਜ ਦੇ ਥੀਏਟਰ ਵਿਭਾਗ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਜੀ ਦੇ ਜੀਵਨ ’ਤੇ ਅਨਮੋਲ ਪ੍ਰਵਚਨਾਂ ਨੂੰ ਉਜਾਗਰ ਕਰਦਾ ਨਾਟਕ ‘ਵਿਸਮਾਦ’ ਵਿਦਿਆਰਥੀਆਂ ਦੁਆਰਾ ਪੇਸ਼ ਕੀਤਾ ਗਿਆ।
ਅੱਜ ਦੂਜੇ ਦਿਨ ਗੁਰੂ ਸਾਹਿਬ ਦੀ ਬਾਣੀ ਤੇ ਸ਼ਹਾਦਤ ਦੇ ਗੌਰਵ ’ਤੇ ਗੰਭੀਰ ਚਿੰਤਨ ਕਰਨ ਲਈ ‘ਸ੍ਰੀ ਗੁਰੂ ਤੇਗ ਬਹਾਦਰ ਬਾਣੀ ਅਤੇ ਸ਼ਹਾਦਤ ਦਾ ਗੌਰਵ’ ਵਿਸ਼ੇ ’ਤੇ 2 ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਗਾਜ਼ ਕੀਤਾ ਗਿਆ। ਸੈਮੀਨਾਰ ਦਾ ਉਦਘਾਟਨੀ ਕੁੰਜ਼ੀਵਤ ਭਾਸ਼ਨ ਦਿੰਦਿਆਂ ਉਘੇ ਸਿੱਖ ਚਿੰਤਕ ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਵੱਖ-ਵੱਖ ਉਤਪਾਦਨ ਸਰੋਤ ਵਸਤਾਂ ਪੈਦਾ ਕਰਦੇ ਹਨ ਜਦ ਕਿ ਸਾਹਿਤ ਅਰਥਾਂ ਦਾ ਉਤਪਾਦਨ ਕਰਦਾ ਹੈ।ਉਨ੍ਹਾਂ ਕਿਹਾ ਕਿ ਅੱਜ ਪੂਰੇ ਸੰਸਾਰ ’ਚ ਇਕਰੂਪਤਾ ਲਿਆਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ ਜਦਕਿ ਜੀਵਨ ਬਹੁਰੂਪਤਾ ’ਚ ਪਿਆ ਹੈ ਤੇ ਸਾਡਾ ਸੰਘਰਸ਼ ਇਸੇ ਬਹੂਰੂਪਤਾ ਨੂੰ ਬਚਾਉਣ ’ਚ ਪਿਆ ਹੈ।ਗੁਰੂ ਤੇਗ ਬਹਾਦਰ ਜੀ ਦੀ ਬਾਣੀ ਤੇ ਸ਼ਹਾਦਤ ਦਾ ਗੌਰਵ ਸਾਨੂੰ ਇਹੀ ਪ੍ਰੇਰਨਾ ਦਿੰਦੇ ਹਨ।
ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਪਹੁੰਚੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਬ ਤਲਵਾਰ ਦੇ ਧਨੀ, ਪਰ ਕੋਮਲ ਹਿਰਦੇ ਵਾਲੇ ਸਨ।ਉਨ੍ਹਾਂ ਦੂਜਿਆਂ ਦੇ ਦੁੱਖ ਨਿਵਾਰਣ ਵਾਸਤੇ ਸ਼ਹਾਦਤ ਦਿੱਤੀ।ਕਾਲਜ ਉਨ੍ਹਾਂ ਦਾ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸਿੱਖਿਆਵਾਂ ਨਾਲ ਜੋੜ ਕੇ ਵਡਮੁੱਲੀ ਸੇਵਾ ਨਿਭਾਅ ਰਿਹਾ ਹੈ।
ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਪ੍ਰੋ. ਰਾਨਾ ਨਈਅਰ ਨੇ ਸੰਬੋਧਨ ਦੌਰਾਨ ਈਸਾਈ, ਯਹੂਦੀ ਅਤੇ ਇਸਲਾਮ ਧਰਮ ਦੇ ਹਵਾਲੇ ਨਾਲ ਸ਼ਹਾਦਤ ਨੂੰ ਪੁਨਰ-ਪ੍ਰਭਾਸ਼ਿਤ ਕਰਦਿਆਂ ਕਿਹਾ ਸਮਾਜ ਹਿੱਤ ਲਈ ਆਪਣੀ ਮਰਜ਼ੀ ਨਾਲ ਆਪਣੇ ਜੀਵਨ ਦਾ ਤਿਆਗ ਕਰਕੇ ਮੌਤ ਦੀ ਚੋਣ ਕਰਨਾ ਹੀ ਅਸਲੀ ਸ਼ਹਾਦਤ ਹੈ।ਇਹੀ ਸਾਨੂੰ ਗੁਰੂ ਤੇਗ ਬਹਾਦਰ ਨੇ ਆਪਣੀ ਮਿਸਾਲੀ ਸ਼ਹਾਦਰ ਦੇ ਜ਼ਰੀਏ ਪ੍ਰਗਟ ਕੀਤਾ।
ਉਦਘਾਟਨੀ ਸੈਸ਼ਨ ’ਚ ਧੰਨਵਾਦ ਕਰਦਿਆਂ ਕਾਲਜ ਦੇ ਪਿ੍ਰੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਕਾਲਜ ਆਪਣੀ ਧਾਰਮਿਕ ਰਵਾਇਤਾਂ ਨੂੰ ਕਾਇਮ ਰ ਖਦਿਆਂ ਸਾਰੇ ਗੁਰੂ ਸਹਿਬਾਨਾਂ ਦੇ ਗੁਰਪੁਰਬ ਤੇ ਪੰਥਕ ਦਿਹਾੜੇ ਆਪਣੀ ਸਥਾਪਨਾ ਦੇ ਸਮੇਂ ਤੋਂ ਹੀ ਕਾਲਜ ਦੇ ਗੁਰਦੁਆਰਾ ਸਾਹਿਬ ’ਚ ਸ਼ਰਧਾ-ਭਾਵਨਾ ਨਾਲ ਮਨਾਉਦਾ ਆ ਰਿਹਾ ਹੈ ਕਾਲਜ ਦੇ ਸੰਵਿਧਾਨ ’ਚ ਮੁ ਢਲੇ ਉਦੇਸ਼ਾਂ ਰੂਪ ’ਚ ਦਰਜ਼ ਕੀਤਾ ਗਿਆ ਹੈ ਕਿ ਸਿੱਖਿਆ ਦੇ ਨਾਲ-ਨਾਲ ਭਾਸ਼ਾ ਤੇ ਧਰਮ ਦੀ ਸਿੱਖਿਆ ਵੀ ਵਿਦਿਆਥੀਆਂ ਨੂੰ ਦੇਵੇਗਾ।
ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ 2 ਪੁਸਤਕਾਂ ‘ਸ੍ਰੀ ਗੁਰੂ ਤੇਗ ਬਹਾਦਰ ਬਾਣੀ ਤੇ ਸ਼ਹਾਦਤ ਦਾ ਗੌਰਵ’ ਅਤੇ ‘ਸ੍ਰੀ ਗੁਰੂ ਤੇਗ ਬਹਾਦਰ ਜੀਵਨ ਫ਼ਲਸਫ਼ਾ ਤੇ ਸ਼ਹਾਦਤ’ ਰਿਲੀਜ਼ ਕੀਤੀਆਂ ਗਈਆਂ, ਜਿਸ ’ਚ ਦੁਨੀਆਂ ਭਰ ਦੇ ਵਿਦਵਾਨਾਂ ਨੇ ਗੁਰੂ ਸਾਹਿਬ ਦੀ ਬਾਣੀ, ਸ਼ਹਾਦਤ ਤੇ ਸ਼ਖ਼ਸੀਅਤ ਦੇ ਵੱਖ-ਵੱਖ ਪਹਿਲੂਆਂ ਬਾਰੇ ਡੂੰਘੇ ਅਧਿਐਨ ’ਤੇ ਚਿੰਤਨ ਨਾਲ ਭਰਪੂਰ ਲੇਖ ਲਿਖੇ ਹਨ।
ਦੂਜੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਤੇ ਸ਼ਹਾਦਰ ਦੇ ਵੱਖ-ਵੱਖ ਪਹਿਲੂਆਂ ਨੂੰ ਇਤਿਹਾਸਕ ਹਵਾਲਿਆਂ ਦੇ ਨਾਲ ਭਾਵਪੂਰਤ ਅੰਦਾਜ਼ ’ਚ ਬਿਆਨ ਕੀਤਾ।ਸੈਮੀਨਾਰ ਦੌਰਾਨ ਗੁਰੂ ਤੇਗ ਬਹਾਦਰ ਕਾਲਜ, ਦਿੱਲੀ ਦੇ ਡਾ. ਅਮਨਪ੍ਰੀਤ ਸਿੰਘ, ਡਾ. ਪਰਮਜੀਤ ਸਿੰਘ ਢੀਂਗਰਾ ਤੇ ਡਾ. ਬਲਜੀਤ ਸਿੰਘ ਵਿਰਕ ਨੇ ਗਿਆਨ ਭਰਪੂਰ ਵਿਚਾਰ ਵਟਾਂਦਰਾ ਕੀਤਾ। ਇਸ ਤੋਂ ਇਲਾਵਾ ਪ੍ਰੋ. ਦਵਿੰਦਰ ਸਿੰਘ ਦੁਆਰਾ ਲਿਖਿਆ ਅਤੇ ਈਮੈਨੂਲ ਸਿੰਘ ਵੱਲੋਂ ਡਾਇਰੈਕਟ ਕੀਤਾ ਨਾਟਕ ‘ਵਿਸਮਾਦ’ ਕਾਲਜ ਵਿਦਿਆਰਥੀਆਂ ਦੀ ਟੀਮ ਦੁਆਰਾ ਪੇਸ਼ ਕੀਤਾ ਗਿਆ। ਇਹ ਨਾਟਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ’ਤੇ ਅਧਾਰਿਤ ਸੀ, ਜਿਸ ਨੇ ਹਾਜ਼ਰ ਦਰਸ਼ਕਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ।
ਸੈਮੀਨਾਰ ਤੋਂ ਬਾਅਦ ਹੋਏ ਕਵੀ ਦਰਬਾਰ ਵਿਚ ਮੁੱਖ ਮਹਿਮਾਨ ਵਜੋਂ ਉਘੇ ਸ਼ਾਇਰ ਗੁਰਤੇਜ ਕੋਹਾਰਵਾਲਾ ਪਹੁੰਚੇ ਜਦਕਿ ਪ੍ਰਧਾਨਗੀ ਅਜਾਇਬ ਹੁੰਦਲ ਨੇ ਕੀਤੀ।ਸ਼ਾਇਦ ਦੇਵ ਦਰਦ ਨੇ ਸੰਚਾਲਨ ਕਰਦਿਆਂ ਕਵੀਆਂ ਹਰਮੀਤ ਵਿਦਿਆਰਥੀ, ਵਿਸ਼ਾਲ, ਅਰਤਿੰਦਰ ਸੰਧੂ, ਮਲਵਿੰਦਰ, ਰੋਜ਼ੀ ਸਿੰਘ ਤੇ ਇੰਦਰੇਸ਼ਮੀਤ ਨੂੰ ਆਪਣੇ ਕਲਾਮ ਪੇਸ਼ ਕਰਨ ਲਈ ਮੰਚ ’ਤੇ ਸੱਦਾ ਦਿੱਤਾ।ਵੱਖ-ਵੱਖ ਵਿਸ਼ਿਆਂ ’ਤੇ ਦਿਲ ਨੂੰ ਛੋਹ ਲੈਣ ਵਾਲੀਆਂ ਰਚਨਾਵਾਂ ਪੇਸ਼ ਕਰਕੇ ਸ਼ਾਇਰਾਂ ਨੇ ਖ਼ੂਬ ਦਾਦ ਹਾਸਲ ਕੀਤੀ।ਕਦੀ ਦਰਬਾਰ ਦੌਰਾਨ ਕਹਾਣੀਕਾਰਾ ਸੋਮਾ ਸਬਲੋਕ ਦੇ ਕਥਾ ਸੰਸਾਰ ਬਾਰੇ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਡਾ. ਹੀਰਾ ਸਿੰਘ ਦੁਆਰਾ ਸੰਪਾਦਿਤ ਅਲੋਚਨਾ ਪੁਸਤਕ ‘ਸੋਮਾ ਸਬਲੋਕ ਦਾ ਕਥਾ ਸੰਸਾਰ ਇਕ ਅਧਿਐਨ’ ਅਤੇ ਸੁੱਚਾ ਸਿੰਘ ਰੰਧਾਵਾ ਦਾ ਨਾਵਲ ਚੌਰਾਸੀ ਦੇ ਆਰ-ਪਾਰ ਰਿਲੀਜ਼ ਕੀਤਾ ਗਿਆ।
ਪੰਜਾਬੀ ਅਧਿਐਨ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਤੋਂ ਮਿਲਦੀ ਸਿੱਖਿਆ ਨੂੰ ਅੱਜ ਆਤਮਸਾਤ ਕਰਨ ਦੀ ਲੋੜ ਹੈ।ਉਨ੍ਹਾਂ ਦੀ ਬਾਣੀ ਸੰਸਾਰ ਦੀ ਨਾਸ਼ਵਾਨਤਾ ਬਾਰੇ ਦੱਸਦਿਆਂ ਮਨੁੱਖ ਨੂੰ ਸਮੁੱਚੀ ਮਨੁੱਖਤਾ ਨੂੰ ਇਕ ਪਰਿਵਾਰ ਵਜੋਂ ਦੇਖਣ ਦੀ ਪ੍ਰੇਰਨਾ ਦਿੰਦੇ ਹਨ।
ਇਸ ਮੌਕੇ ਕਾਲਜ਼ ਦੇ ਡੀਨ ਅਕਾਦਮਿਕ ਮਾਮਲੇ ਮੈਡਮ ਸੁਖਮੀਨ ਬੇਦੀ, ਰਜਿਸਟਰਾਰ ਪ੍ਰੋ. ਦਵਿੰਦਰ ਸਿੰਘ, ਭੁਪਿੰਦਰ ਸਿੰਘ, ਪ੍ਰੋ ਹੀਰਾ ਸਿੰਘ, ਕੁਲਦੀਪ ਸਿੰਘ, ਸੁਖਦੇਵ ਸਿੰਘ ਤੋਂ ਇਲਾਵਾ ਹੋਰ ਸਖ਼ਸ਼ੀਅਤਾਂ ਵੀ ਹਾਜ਼ਰ ਸਨ।
Punjab Post Daily Online Newspaper & Print Media