Saturday, July 25, 2026

ਮੁਕਾਬਲਿਆਂ ਦੀਆਂ ਪ੍ਰੀਖਿਆਂ ’ਚ ਮਾਂ-ਬੋਲੀ ਦਿਵਾਉਦੀ ਹੈ ਰੁਤਬੇ – ਜਸਪਾਲ ਸਿੰਘ

ਪੰਜਾਬੀ ਮਾਧਿਅਮ ’ਚ ਸਿਵਲ ਸੇਵਾਵਾਂ ਦੀ ਪ੍ਰੀਖਿਆ ਪਾਸ ਕਰਨ ਵਾਲੇ ਅਫ਼ਸਰਾਂ ਨੇ ਦੱਸੇ ਸਫ਼ਲਤਾ ਦੇ ਗੁਰ

ਅੰਮ੍ਰਿਤਸਰ, 5 ਮਾਰਚ (ਖੁਰਮਣੀਆਂ) – ਇਨਸਾਨ ਆਪਣੇ ਦਿਲ ਦੇ ਵਲਵਲੇ, ਗੁੱਸਾ ਤੇ ਪਿਆਰ ਹਮੇਸ਼ਾ ਆਪ-ਮੁਹਾਰੇ ਆਪਣੀ ਮਾਂ-ਬੋਲੀ ’ਚ ਹੀ ਪ੍ਰਗਟਾਉਂਦਾ ਹੈ।ਫਿਰ ਉਚੇ ਰੁਤਬੇ ਤੇ ਸਫ਼ਲਤਾ ਹਾਸਲ ਕਰਨ ’ਚ ਮਾਂ-ਬੋਲੀ ਰੁਕਾਵਟ ਕਿਵੇਂ ਬਣ ਸਕਦੀ ਹੈ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੈਂਬਰ ਪੰਜਾਬ ਸਿੱਖਿਆ ਟ੍ਰਿਬਿਊਨਲ ਅਤੇ ਸਾਬਕਾ ਪ੍ਰਮੁੱਖ ਸਕੱਤਰ ਪੰਜਾਬ ਜਸਪਾਲ ਸਿੰਘ ਨੇ ਖ਼ਾਲਸਾ ਕਾਲਜ ’ਚ ਚੱਲ ਰਹੇ 4 ਰੋਜ਼ਾ ਅੰਮ੍ਰਿਤਸਰ ਸਾਹਿਤ ਉਤਸਵ ਤੇ ਪੁਸਤਕ ਮੇਲਾ 2021 ਦੌਰਾਨ ਕੀਤਾ।ਉਨਾ ਕਿਹਾ ਕਿ ਇਹ ਸਾਡਾ ਭਰਮ ਹੈ ਕਿ ਆਈ.ਏ.ਐਸ ਜਾਂ ਪੀ.ਸੀ.ਐਸ ਵਰਗੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਸਿਰਫ਼ ਅੰਗਰੇਜ਼ੀ ਬੋਲੀ ਨਾਲ ਹੀ ਪਾਸ ਕੀਤੀਆਂ ਜਾ ਸਕਦੀਆਂ ਹਨ।ਉਨਾ ਪੰਜਾਬੀ ਮਾਧਿਅਮ ਰਾਹੀਂ ਮੁਕਾਬਲੇ ਦੀ ਪ੍ਰੀਖਿਆ ’ਚ ਸਫ਼ਲਤਾ ਹਾਸਲ ਕੀਤੀ।ਉਤਸਵ ਦੇ ਤੀਸਰੇ ਦਿਨ ਪ੍ਰਧਾਨਗੀ ਭਾਸ਼ਣ ’ਚ ‘ਪੰਜਾਬੀ ਭਾਸ਼ਾ ਦਾ ਗੌਰਵ’ ਸਿਰਲੇਖ ਵਾਲੇ ਸੈਸ਼ਨ ਦੌਰਾਨ ਉਨਾ ਕਿਹਾ ਕਿ ‘ਪੰਜਾਬੀ ਭਾਸ਼ਾ ਦਾ ਗੌਰਵ’ ਪ੍ਰੋਗਰਾਮ ਤਹਿਤ ਸਿਵਲ ਸੇਵਾਵਾਂ ਨਾਲ ਸੰਬੰਧਤ ਉਨ੍ਹਾਂ ਅਫਸਰਾਂ ਨੂੰ ਸੱਦਾ ਦਿੱਤਾ ਗਿਆ ਸੀ।ਜਿਨ੍ਹਾਂ ਨੇ ਆਈ.ਏ.ਐਸ ਅਤੇ ਪੀ.ਸੀ.ਐਸ ਵਰਗੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਪੰਜਾਬੀ ਮਾਧਿਅਮ ਰਾਹੀਂ ਜਾਂ ਪੰਜਾਬੀ ਚੋਣਵੇਂ ਵਿਸ਼ੇ ਵਜੋਂ ਲੈ ਕੇ ਪਾਸ ਕੀਤੀਆਂ।
                  ਇਸ ਸਮਾਗਮ ’ਚ ਕੁਲਵੰਤ ਸਿੰਘ ਆਈ.ਏ.ਐਸ ਡਿਪਟੀ ਕਮਿਸ਼ਨਰ ਤਰਨ ਤਾਰਨ, ਬਲਵਿੰਦਰ ਸਿੰਘ ਧਾਲੀਵਾਲ ਆਈ.ਆਰ.ਐਸ ਜਾਇੰਟ ਡਾਇਰੈਕਟਰ ਜੀ.ਐਸ.ਟੀ ਅਤੇ ਗੁਰਜੀਤ ਸਿੰਘ ਪੀ.ਸੀ.ਐਸ ਡਿਪਟੀ ਕਮਿਸ਼ਰਨ ਫ਼ਰੀਦਕੋਟ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਮਹਿਮਾਨਾਂ ਦਾ ਸਵਾਗਤ ਕਰਦਿਆਂ ਪ੍ਰਿੰਸੀਪਲ ਸਾਹਿਬ ਡਾ. ਮਹਿਲ ਸਿੰਘ ਨੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅੱਜ ਉਹ ਸਖ਼ਸ਼ੀਅਤਾਂ ਕਾਲਜ ਦੇ ਵਿਹੜੇ ’ਚ ਪਹੁੰਚੀਆਂ ਹਨ।ਜਿਨ੍ਹਾਂ ਨੇ ਸਭ ਤੋਂ ਚੁਣੌਤੀ ਪੂਰਨ ਪ੍ਰੀਖਿਆਵਾਂ ’ਚ ਆਪਣੀ ਮਾਂ ਬੋਲੀ ਨੂੰ ਤਰਜ਼ੀਹ ਦਿੱਤੀ।ਇਸ ਨਾਲ ਸਾਬਤ ਹੁੰਦਾ ਹੈ ਕਿ ਮਾਂ-ਬੋਲੀ ਨੂੰ ਪਿਆਰ ਕਰਦਿਆਂ ਵੀ ਵੱਡੇ ਮੁਕਾਮ ਹਾਸਲ ਕੀਤੇ ਜਾ ਸਕਦੇ ਹਨ।ਉਨ੍ਹਾਂ ਆਪਣਾ ਨਿੱਜੀ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਜਦੋਂ ਭਾਸ਼ਾ ਜਾਂ ਸਮਾਜਿਕ-ਵਿਗਿਆਨ ਦੇ ਅਨੁਸ਼ਾਸਨ ਦਾ ਕੋਈ ਵਿਦਵਾਨ ਕਿਸੇ ਵੱਡੇ ਵਿਦਿਅਕ ਅਦਾਰੇ ਦਾ ਮੁਖੀ ਬਣਦਾ ਹੈ ਤਾਂ ਉਹ ਵਿੱਦਿਅਕ ਅਦਾਰੇ ਵਧੇਰੇ ਤਰੱਕੀ ਕਰਦੇ ਹਨ।
                ਸੈਸ਼ਨ ਦਾ ਸੰਚਾਲਨ ਸਿੱਖ ਇਤਿਹਾਸ ਖੋਜ਼ ਕੇਂਦਰ ਦੇ ਮੁਖੀ ਅਤੇ ਪੰਜਾਬੀ ਵਿਭਾਗ ਦੇ ਅਧਿਆਪਕ ਡਾ. ਕੁਲਦੀਪ ਸਿੰਘ ਢਿੱਲੋਂ ਨੇ ਕੀਤਾ।ਇਸ ਤੋਂ ਪਹਿਲਾਂ ਉਤਸਵ ਦੀ ਸ਼ੁਰੂਆਤ ‘ਸ੍ਰੀ ਗੁਰੂ ਤੇਗ ਬਹਾਦਰ : ਬਾਣੀ ਅਤੇ ਸ਼ਹਾਦਤ ਦਾ ਗੌਰਵ’ ਸੈਮੀਨਾਰ ਦੇ ਤੀਸਰੇ ਅਕਾਦਮਿਕ ਸੈਸ਼ਨ ਨਾਲ ਹੋਈ।ਇਸ ਦੀ ਪ੍ਰਧਾਨਗੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਾ. ਜਸਪਾਲ ਕੌਰ ਕਾਂਗ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਡਾ. ਅਮਰਜੀਤ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸ਼ਿਰਕਤ ਕੀਤੀ ਇਸ ਸੈਸ਼ਨ ’ਚ ਡਾ. ਜਗਜੀਵਨ ਸਿੰਘ, ਡਾ. ਸਰਬਜੀਤ ਸਿੰਘ ਅਤੇ ਡਾ. ਰਮਨਦੀਪ ਕੌਰ ਨੇ ਆਪਣੇ ਪੇਪਰ ਪੇਸ਼ ਕੀਤੇ।
                  ਡਾ. ਸਰਬਜੀਤ ਸਿੰਘ ਨੇ ਆਪਣਾ ਖੋਜ਼ ਪੱਤਰ ਪੇਸ਼ ਕਰਦਿਆਂ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਇਤਿਹਾਸਕ ਤੱਥਾਂ ਦੇ ਨਾਲ-ਨਾਲ ਹੋਰ ਸਾਹਿਤਕ ਸਰੋਤਾਂ ਤੋਂ ਮਿਲਦੀ ਜਾਣਕਾਰੀ ਬਾਰੇ ਖੋਜ-ਭਰਪੂਰ ਜਾਣਕਾਰੀ ਸਾਂਝੀ ਕੀਤੀ।ਡਾ. ਜਸਪਾਲ ਕੌਰ ਕਾਂਗ ਨੇ ਪ੍ਰਧਾਨਗੀ ਭਾਸ਼ਨ ਦਿੰਦਿਆਂ ਕਿਹਾ ਕਿ ਅਸੀਂ ਬਹੁਤ ਵਡਭਾਗੇ ਹਾਂ ਕਿ ਸਾਨੂੰ ਗੁਰੂ ਸਾਹਿਬ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ।ਸੈਮੀਨਾਰ ਦੇ ਇਸ ਸੈਸ਼ਨ ਦਾ ਸੰਚਾਲਨ ਪੰਜਾਬੀ ਵਿਭਾਗ ਦੇ ਸੀਨੀਅਰ ਪ੍ਰੋਫ਼ੈਸਰ ਡਾ. ਭੁਪਿੰਦਰ ਸਿੰਘ ਨੇ ਕੀਤਾ।
                  ਅੰਬਰਸਰੀ ਸੱਥ ’ਚ ਪੰਜਾਬੀ ਸਾਹਿਤ, ਸਭਿਆਚਾਰ, ਸੰਗੀਤ ਅਤੇ ਕਲਾ ਦੇ ਵੱਖ-ਵੱਖ ਰੰਗ ਦੇਖਣ ਨੂੰ ਮਿਲੇ। ਆਪਣੇ ਜਾਣੇ-ਪਛਾਣੇ ਅੰਦਾਜ਼ ’ਚ ਸੱਥ ਦੀਆਂ ਪਤਵੰਤੀਆਂ ਸਖ਼ਸੀਅਤਾਂ ਦੀ ਜਾਣ ਪਛਾਣ ਕਰਵਾਉਦਿਆਂ ਉਘੇ ਨਾਟਕਕਾਰ ਕੇਵਲ ਧਾਲੀਵਾਲ ਨੇ ਖ਼ੂਬ ਰੰਗ ਬੰਨ੍ਹਿਆ।
                       ਸੱਥ ’ਚ ਪੰਜਾਬ ਦੀ ਲੋਕ-ਗਾਇਕਾ ਗੁਰਮੀਤ ਬਾਵਾ, ਪ੍ਰਸਿੱਧ ਅਦਾਕਾਰਾ ਜਤਿੰਦਰ ਕੌਰ, ਪੱਤਰਕਾਰ ਮਨਮੋਹਨ ਢਿੱਲੋਂ, ਕਾਮੇਡੀਅਨ ਰਾਜਬੀਰ ਕੌਰ, ਗਾਇਕ ਹਰਿੰਦਰ ਸੋਹਲ, ਕਹਾਣੀਕਾਰ ਦੀਪ ਦਵਿੰਦਰ, ਕਲਾ ਸੰਗ੍ਰਹਿ ਕਰਤਾ ਤੇ ਫੋਟੋਕਾਰ ਸੰਦੀਪ ਸਿੰਘ ਅਤੇ ਸਾਹਿਤਕਾਰ ਭੁਪਿੰਦਰ ਸੰਧੂ ਨੇ ਆਪਣੀ-ਆਪਣੀ ਸਿਰਜਣਾਤਮਕਤਾ ਦੇ ਰੰਗ ਦਿਖਾੳਂੁਦਿਆਂ ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …