ਪੁਲਿਸ ਵਲੋਂ ਘਟਨਾ ਦੀ ਪੁਸ਼ਟੀ, ਪਤੀ ਦੇ ਖਿਲਾਫ ਮੁਕੱਦਮਾ ਦਰਜ਼
ਧੂਰੀ, 16 ਮਾਰਚ (ਪ੍ਰਵੀਨ ਗਰਗ) – ਪਿੰਡ ਕਾਂਝਲੀ ਵਿਖੇ ਦਲਿਤ ਪਰਿਵਾਰ ਦੀ ਸ਼ਾਦੀਸ਼ੁਦਾ 32-33 ਸਾਲਾ ਔਰਤ ਦੀ ਭੇਦ ਭਰੇ ਹਾਲਾਤਾਂ, ਚ ਮੌਤ ਹੋ ਜਾਣ ਦੀ
ਖਬਰ ਹੈ।ਸਥਾਨਕ ਸਿਵਲ ਹਸਪਤਾਲ ਵਿਖੇ ਪਿੰਡ ਜਨਾਲ (ਦਿੜ੍ਹਬਾ) ਨਿਵਾਸੀ ਸੰਨੀ ਸਿੰਘ ਨੇ ਦੱਸਿਆ ਕਿ ਕਰੀਬ 12/13 ਸਾਲ ਪਹਿਲਾਂ ਉਸ ਦੀ ਭੈਣ ਸਰਬਜੀਤ ਕੌਰ ਦਾ ਵਿਆਹ ਪਿੰਡ ਕਾਂਝਲੀ ਵਿਖੇ ਸਿਮਰਜੀਤ ਸਿੰਘ ਨਾਲ ਹੋਇਆ ਸੀ।ਉਸ ਦਾ ਸਹੁਰਾ ਪਰਿਵਾਰ ਉਸ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕਰਦਾ ਆ ਰਿਹਾ ਸੀ।ਲੰਘੀ ਰਾਤ ਸਰਬਜੀਤ ਕੌਰ ਨੇ ਫੋਨ ‘ਤੇ ਤੰਗ ਕਰਨ ਦੀ ਗੱਲ ਦੱਸੀ।ਪਰ ਅੱਜ ਸਵੇਰੇ ਉਸ ਦੇ ਸਹੁਰਿਆਂ ਦਾ ਫੋਨ ਆਇਆ ਕਿ ਸਰਬਜੀਤ ਕੌਰ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ।ਸੰਨੀ ਸਿੰਘ ਨੇ ਉਸ ਦੀ ਭੈਣ ਨੂੰ ਕਥਿਤ ਤੌਰ ‘ਤੇ ਫਾਹਾ ਦੇ ਕੇ ਮਾਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਜਦੋਂ ਅਸੀਂ ਆ ਕੇ ਦੇਖਿਆ ਤਾਂ ਉਸ ਦੀ ਭੈਣ ਦੇ ਗਲ ਦੇ ਦੁਆਲੇ ਨਿਸ਼ਾਨ ਸਨ।ਮ੍ਰਿਤਕ ਆਪਣੇ ਪਿੱਛੇ ਤਿੰਨ ਬੱਚੇ ਇੱਕ ਲੜਕੀ ਅਤੇ ਦੋ ਲੜਕੇ ਛੱਡ ਗਈ ਹੈ।
ਥਾਣਾ ਸਦਰ ਧੂਰੀ ਦੇ ਥਾਣੇਦਾਰ ਮਨਜੋਤ ਸਿੰਘ ਗਿੱਲ ਨੇ ਸੰਪਰਕ ਕਰਨ ‘ਤੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲਿਸ ਵੱਲੋਂ ਮ੍ਰਿਤਕ ਦੇ ਭਰਾ ਸੰਨੀ ਸਿੰਘ ਦੇ ਬਿਆਨ ਦੇ ਆਧਾਰ ‘ਤੇ ਉਸ ਦੇ ਪਤੀ ਦੇ ਖਿਲਾਫ਼ ਆਤਮਹੱਤਿਆ ਕਰਨ ਲਈ ਮਜ਼ਬੂਰ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ਼ ਕਰਕੇ ਪੜਤਾਲ ਆਰੰਭ ਦਿੱਤੀ ਹੈ।
Punjab Post Daily Online Newspaper & Print Media