Sunday, March 22, 2026

ਸਿੰਗਲਾ ਨੇ 13 ਕਰੋੜ ਦੀ ਲਾਗਤ ਵਾਲੇ ਅਲਟਰਾ ਮਾਡਰਨ ਸਬ ਡਵੀਜ਼ਨਲ ਕੰਪਲੈਕਸ ਦਾ ਰੱਖਿਆ ਨੀਂਹ ਪੱਥਰ

ਭਵਾਨੀਗੜ੍ਹ ਦੇ 65 ਪਿੰਡਾਂ ਦੇ ਵਸਨੀਕਾਂ ਨੂੰ ਇੱਕ ਛੱਤ ਹੇਠ ਮਿਲਣਗੀਆਂ ਪ੍ਰਸ਼ਾਸਕੀ ਸੇਵਾਵਾਂ

ਸੰਗਰੂਰ, 29 ਮਾਰਚ (ਜਗਸੀਰ ਲੌਂਗੋਵਾਲ) – ਪੰਜਾਬ ਦੇ ਲੋਕ ਨਿਰਮਾਣ ਅਤੇ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਦਰਪੇਸ਼ ਕੋਵਿਡ ਮਹਾਂਮਾਰੀ ਦੀ ਚੁਣੌਤੀ ਦੀ ਬਾਵਜ਼ੂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਅਗਵਾਈ ਹੇਠ ਰਾਜ ਦਾ ਬੁਨਿਆਦੀ ਢਾਂਚਾ ਮਜ਼ਬੂਤ ਕੀਤਾ ਹੈ।ਸਿੰਗਲਾ ਅੱਜ ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਵੱਖ-ਵੱਖ ਵਿਕਾਸ ਪ੍ਰਾਜੈਕਟ ਲੋਕਾਂ ਨੂੰ ਡਿਜ਼ੀਟਲੀ ਸਮਰਪਿਤ ਕਰਨ ਅਤੇ ਨੀਂਹ ਪੱਥਰ ਰੱਖੇ ਜਾਣ ਦੀ ਲੜੀ ਹੇਠ ਕਰਵਾਏ ਸਮਾਗਮ ਦੌਰਾਨ ਭਵਾਨੀਗੜ੍ਹ ਵਿਖੇ ਕਰੀਬ 13 ਕਰੋੜ ਰੁਪਏ ਦੀ ਲਾਗਤ ਨਾਲ 5 ਏਕੜ ਜਗ੍ਹਾ ਵਿਖੇ ਨਵੇਂ ਉਸਾਰੇ ਜਾਣ ਵਾਲੇ ਸਬ ਡਵੀਜਨ ਕੰਪਲੈਕਸ ਦਾ ਨੀਂਹ ਪੱਥਰ ਰੱਖਣ ਪੁੱਜੇ ਹੋਏ ਸਨ।
                       ਇਸ ਉਪਰੰਤ ਇਲਾਕੇ ਦੇ ਵਸਨੀਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 2017 `ਚ ਸੱਤਾ ਸੰਭਾਲਣ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਨੇ ਰਾਜ ਨੂੰ ਤਰੱਕੀ ਦੀਆਂ ਲੀਹਾਂ `ਤੇ ਪਾਉਣ ਦਾ ਟੀਚਾ ਮਿਥਿਆ ਸੀ, ਜਿਸ ਨੂੰ ਪੂਰਾ ਕੀਤਾ ਜਾ ਰਿਹਾ ਹੈ।
                     ਸਿੰਗਲਾ ਨੇ ਦੱਸਿਆ ਕਿ ਅੱਜ ਰਾਜ ਭਰ `ਚ 4 ਤਹਿਸੀਲ ਕੰਪਲੈਕਸਾਂ ਦੇ ਨੀਂਹ ਪੱਥਰ ਰੱਖੇ ਗਏ ਹਨ, ਜਿਨ੍ਹਾਂ `ਚੋਂ ਭਵਾਨੀਗੜ੍ਹ ਇੱਕ ਹੈ।ਇਥੇ ਭਵਾਨੀਗੜ੍ਹ ਦੇ 65 ਪਿੰਡਾਂ ਦੇ ਲੋਕਾਂ ਨੂੰ ਇੱਕੋ ਛੱਤ ਹੇਠਾਂ ਬਿਹਤਰ ਪ੍ਰਸ਼ਾਸਕੀ ਸੇਵਾਵਾਂ ਉਪਲਬੱਧ ਹੋਣਗੀਆਂ।
                  ਸਿੰਗਲਾ ਨੇ ਆਪਣੇ ਵਿਭਾਗਾਂ ਦੀ ਕਾਰਗੁਜ਼ਾਰੀ ਦੱਸਦਿਆ ਕਿਹਾ ਕਿ ਰਾਜ `ਚ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਗਈ ਹੈ।ਉਨ੍ਹਾਂ ਨੇ ਇਲਾਕੇ ਦੇ ਪੰਚਾਂ ਤੇ ਸਰਪੰਚਾਂ ਨੂੰ ਸੱਦਾ ਦਿੱਤਾ ਕਿ ਉਹ ਵਿਕਾਸ ਕੰਮਾਂ ਦੀ ਖ਼ੁਦ ਨਿਗਰਾਨੀ ਤੇ ਸੰਭਾਲ ਕਰਨ।
                  ਗ਼ੈਰ ਰਸਮੀ ਗੱਲਬਾਤ ਕਰਦਿਆਂ ਸਿੰਗਲਾ ਨੇ ਸਕੂਲ ਬੰਦ ਕਰਨ ਬਾਰੇ ਕਿਹਾ ਕਿ ਸਰਕਾਰ ਲਈ ਬੱਚਿਆਂ ਦੀ ਸਿਹਤ ਸਭ ਤੋਂ ਲਾਜ਼ਮੀ ਹੋਣ ਕਰਕੇ ਵਿਦਿਆਰਥੀਆਂ ਨੂੰ ਇਮਤਿਹਾਨਾਂ ਦੀ ਤਿਆਰੀ ਲਈ ਛੁੱਟੀਆਂ ਕੀਤੀਆਂ ਗਈਆਂ ਹਨ ਅਤੇ 31 ਮਾਰਚ ਤੋਂ ਬਾਅਦ ਕੋਵਿਡ ਦੀ ਸਥਿਤੀ `ਤੇ ਮੁੜ ਗੌਰ ਕਰਕੇ ਅਗਲਾ ਫੈਸਲਾ ਲਿਆ ਜਾਵੇਗਾ।
                  ਇਸ ਤੋਂ ਪਹਿਲਾਂ ਭਵਾਨੀਗੜ੍ਹ ਦੇ ਐਸ.ਡੀ.ਐਮ ਡਾ. ਕਰਮਜੀਤ ਸਿੰਘ ਨੇ ਸਿੰਗਲਾ ਦਾ ਸਵਾਗਤ ਕੀਤਾ।ਇਸ ਮੌਕੇ ਐਸ.ਐਸ.ਪੀ ਸੰਗਰੂਰ ਵਿਕਾਸ ਸ਼ੀਲ ਸੋਨੀ, ਏ.ਡੀ.ਸੀ ਵਿਕਾਸ ਰਾਜਿੰਦਰ ਬਤਰਾ, ਚੇਅਰਮੈਨ ਬਲਾਕ ਸੰਮਤੀ ਵਰਿੰਦਰ ਸਿੰਘ ਪੰਨਵਾਂ, ਚੇਅਰਮੈਨ ਮਾਰਕੀਟ ਕਮੇਟੀ ਪਰਦੀਪ ਕੁਮਾਰ ਕੱਦ, ਹਰੀ ਸਿੰਘ ਫੱਗੂਵਾਲਾ, ਰਣਜੀਤ ਸਿੰਘ ਤੂਰ, ਸਿਵਲ ਸਰਜਨ ਡਾ. ਅੰਜਨਾ ਗੁਪਤਾ, ਡੀ.ਐਸ.ਪੀ ਸੁਖਰਾਜ ਸਿੰਘ, ਐਸ.ਸੀ. ਵਿਪੁਨ ਗਰਗ, ਬੀ.ਡੀ.ਪੀ.ਓ. ਬਲਜੀਤ ਸਿੰਘ ਸੋਹੀ, ਨਾਇਬ ਤਹਿਸੀਲਦਾਰ ਰਜੇਸ਼ ਅਹੂਜਾ, ਸਰਪੰਚ ਜਗਤਾਰ ਸਿੰਘ ਮਟਰਾਂ, ਭਗਵੰਤ ਸਿੰਘ ਥੱਮਣ ਸਿੰਘ ਵਾਲਾ, ਗੁਰਪ੍ਰੀਤ ਸਿੰਘ ਕੰਧੋਲਾ, ਨਾਨਕ ਚੰਦ ਨਾਇਕ, ਰਾਇ ਸਿੰਘ ਬਖਤੜੀ ਆਦਿ ਸਮੇਤ ਇਲਾਕੇ ਦੇ ਪੰਚ-ਸਰਪੰਚ, ਬਲਾਕ ਸੰਮਤੀ ਮੈਂਬਰ ਤੇ ਹੋਰ ਪਤਵੰਤੇ ਮੌਜ਼ੂਦ ਸਨ।ਪਟਵਾਰ ਯੁਨੀਅਨ ਵਲੋਂ ਵਿਜੈ ਇੰਦਰ ਸਿੰਗਲਾ ਦਾ ਸਨਮਾਨ ਕੀਤਾ ਗਿਆ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …