ਕੋਵਿਡ-19 ਦੌਰਾਨ ਕਣਕ ਦੀ ਕਟਾਈ ਸਮੇਂ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ
ਪਠਾਨਕੋਟ, 4 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕਣਕ ਹਾੜੀ ਦੀ ਮੁੱਖ ਫਸਲ ਹੈ, ਜੋ ਸਾਲ 2019-20 ਦੌਰਾਨ ਤਕਰੀਬਨ 35.20 ਲੱਖ ਹੈਕਟੇਅਰ ਰਕਬੇ ਵਿੱਚ
ਬੀਜ਼ੀ ਗਈ ਸੀ ਅਤੇ ਕੁੱਲ 182 ਲੱਖ ਮੀਟਰਿਕ ਟਨ ਪੈਦਾਵਾਰ ਹੋਈ।ਚਾਲੂ ਹਾੜ੍ਹੀ ਦੌਰਾਨ ਮੰਡੀਆਂ ਵਿੱਚ ਕਣਕ ਦੀ ਰਿਕਾਰਡ ਤੋੜ ਆਮਦ ਹੋਣ ਦੀ ਸੰਭਾਵਨਾ ਹੈ।ਪਰ ਵਿਸ਼ਵ ਪੱਧਰ ‘ਤੇ ਕਰੋਨਾ ਵਾਇਰਸ ਦੀ ਦੂਜੀ ਲਹਿਰ ਮਾਹਮਾਰੀ ਕਾਰਨ ਕਣਕ ਦੀ ਕਟਾਈ ਅਤੇ ਮੰਡੀਕਰਨ ਦਾ ਸੀਜ਼ਨ ਪਿਛਲੇ ਸਾਲ ਵਾਂਗ ਹੀ ਰਹਿਣ ਦੀ ਸੰਭਾਵਨਾ ਹੈ।ਇਸ ਲਈ ਸਮੂਹ ਕਿਸਾਨ ਭਰਾਵਾਂ ਨੂੰ ਕਣਕ ਦੀ ਕਟਾਈ ਅਤੇ ਮੰਡੀਕਰਨ ਲਈ ਵਿਸ਼ੇਸ਼ ਪ੍ਰਬੰਧ ਕਰਨ ਦੀ ਜ਼ਰੂਰਤ ਪੈ ਸਕਦੀ ਹੈ। ਕਿਸਾਨਾਂ ਨੂੰ ਪੰਜਾਬ ਅਤੇ ਸਿਹਤ ਵਿਭਾਗ ਵਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਨਾਉਣਾ ਪੈਣਾ ਹੈ।ਕਣਕ ਦੀ ਕਟਾਈ ਅਤੇ ਮੰਡੀਕਰਨ ਦੇ ਕੰਮ ਵਿੱਚ ਜ਼ਿਆਦਾ ਮਜ਼ਦੂਰਾਂ ਦੀ ਜ਼ਰੂਰਤ ਹੋਣ ਕਾਰਨ ਉਨਾਂ ਵਿੱਚ ਸਮਾਜਿਕ ਦੂਰੀ, ਸਾਫ ਸਫਾਈ ਦਾ ਧਿਆਨ ਵੀ ਰੱਖਣਾ ਪੈਣਾ ਹੈ।
ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਪਠਾਨਕੋਟ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਦੇਖਿਆ ਗਿਆ ਹੈ ਕਿ ਕਣਕ ਦੀ ਕਟਾਈ ਸਮੇਂ ਬਿਜਲੀ ਦੀਆ ਤਾਰਾਂ ਢਿੱਲੀਆਂ ਹੋਣ, ਬਿਜਲੀ ਦੇ ਟਰਾਂਸਫਰ ਤੋਂ ਨਿਕਲੇ ਚੰਗਿਆੜਿਆ ਕਾਰਨ ਮਜ਼ਦੂਰ ਵਲੋਂ ਸੁੱਟੀ ਸੁਲਗਦੀ ਬੀੜੀ ਸਿਗਰਟ ਕਾਰਨ ਜਾਂ ਕਿਸੇ ਹੋਰ ਅਣਗਹਿਲੀ ਕਾਰਨ ਕਣਕ ਦੀ ਫਸਲ ਜਾਂ ਕਣਕ ਦੇ ਨਾੜ ਨੂੰ ਅੱਗ ਲੱਗ ਜਾਂਦੀ ਹੈ, ਜਿਸ ਨਾਲ ਫਸਲ ਦੇ ਨੁਕਸਾਨ ਹੋਣ ਦੇ ਨਾਲ ਨਾਲ ਖੇਤੀ ਮਸ਼ੀਨਰੀ, ਪਸ਼ੂਆਂ ਅਤੇ ਮਨੁੱਖਾਂ ਦਾ ਬਹੁਤ ਨੁਕਸਾਨ ਹੋ ਜਾਂਦਾ ਹੈ।ਇਸ ਲਈ ਖੇਤਾਂ ਵਿੱਚ ਬਿਜਲੀ ਦੀਆਂ ਤਾਰਾਂ ਦੀ ਉਚਾਈ ਇੰਨੀ ਹੋਣੀ ਚਾਹੀਦੀ ਹੈ ਕਿ ਕਣਕ ਦੀ ਕਟਾਈ ਸਮੇਂ ਕੰਬਾਈਨ ਹਾਰਵੈਸਟਰ ਛੱਤਰੀ ਸਮੇਤ ਆਸਾਨੀ ਨਾਲ ਨਿਕਲ ਸਕੇ। ਕੰਬਾਈਨ ਹਾਰਵੈਸਟਰ ਨੂੰ ਚਲਾਉਣ ਤੋਂ ਪਹਿਲਾਂ ਚੰਗੀ ਤਰਾਂ ਮਿਸਤਰੀ ਤੋਂ ਚੈਕ ਕਰਵਾ ਲਈ ਜਾਵੇ।ਬਿਜਲੀ ਦੀਆਂ ਢਿੱਲੀਆਂ ਤਾਰਾਂ, ਟਰਾਂਸਫਰ / ਜੀਓ ਸਵਿੱਚ ਸਪਾਰਕਿੰਗ ਜਾਂ ਬਿਜਲੀ ਦੀ ਸਪਾਰਕਿੰਗ ਦੀ ਸੂਚਨਾ ਦੇਣ ਲਈ ਕੰਟਰੋਲ ਰੂਮ ਦੇ ਦੋ ਵਟਸਐਪ ਨੰ. 9646106835 / 9646106836 ਜਾਰੀ ਕੀਤੇ ਹਨ।
ਇਨਾਂ ਦਿਨਾਂ ਦੌਰਾਨ ਟਰਾਂਸਫਰ / ਜੀਓ ਸਵਿੱਚ ਦੀ ਸਪਾਰਕਿੰਗ ਕਾਰਨ ਨਿਕਲੇ ਚੰਗਿਆੜਿਆਂ ਨਾਲ ਕਣਕ ਦੀ ਫਸਲ ਨੂੰ ਅੱਗ ਲੱਗ ਜਾਣ ਦੇ ਨੁਕਸਾਨ ਤੋਂ ਬਚਣ ਲਈ ਕਣਕ ਦੀ ਕਟਾਈ ਸ਼ੁਰੂ ਹੋਣ ਤੋਂ ਪਹਿਲਾਂ-ਪਹਿਲਾਂ ਟਰਾਂਸਫਾਰਮਰ ਦੇ ਆਲੇ ਦੁਆਲਿਉਂ ਤਕਰੀਬਨ ਇੱਕ ਮਰਲੇ ਰਕਬੇ ਵਿੱਚੋਂ ਕਣਕ ਦੀ ਕਟਾਈ ਹੱਥ ਨਾਲ ਕਰਕੇ, ਵੱਖਰੀ ਸਾਂਭ ਲੈਣੀ ਚਾਹੀਦੀ ਹੈ।ਟਰਾਂਸਫਰ ਦਾ ਸਵਿੱਚ ਵੀ ਕੱਟਿਆ ਜਾ ਸਕਦਾ ਹੈ ਅਤੇ ਟਰਾਂਸਫਰ ਦੇ ਆਲੇ ਦੁਆਲਿਉਂ ਕਟਾਈ ਕੀਤੇ ਖੇਤ ਨੂੰ ਪਾਣੀ ਨਾਲ ਗਿੱਲਾ ਕਰ ਦੇਣਾ ਚਾਹੀਦਾ ਹੈ।
ਕਣਕ ਦੀ ਕਟਾਈ ਦਾ ਕੰਮ ਮੁਕੰਮਲ ਹੋਣ ਤੱਕ ਤੂੜੀ ਬਣਾਉਣ ਲਈ ਰੀਪਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ।ਵਿਸਾਖੀ ਤੋਂ ਪਹਿਲਾਂ ਸ਼ੁਰੂ ਹੋਣ ਦੀ ਸੰਭਾਵਨਾ ਹੈ।ਕਣਕ ਦੀ ਕਟਾਈ ਦਾ ਕੰਮ ਮੁਕੰਮਲ ਹੋਣ ਉਪਰੰਤ ਹੀ ਤੂੜੀ ਬਨਾਉਣ ਲਈ ਰੀਪਰ ਦੀ ਵਰਤੋਂ ਕਰਨੀ ਚਾਹੀਦੀ ਹੈ। ਵਾਤਾਵਰਣ ਪ੍ਰਦੂਸ਼ਿਤ ਹੋਣ ਨਾਲ ਕਰੋਨਾ /ਸਾਹ/ਦਮਾਂ ਦੀ ਬਿਮਾਰੀ ਨਾਲ ਪ੍ਰਭਾਵਿਤ ਵਿਅਕਤੀਆਂ ਨੂੰ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ। ਆਪਣੇ ਟਿਊਬਵੈਲ ਦੇ ਚੁਬੱਚਿਆਂ ਵਿੱਚ ਪਾਣੀ ਭਰ ਕੇ ਰੱਖਿਆ ਜਾਵੇ ਤਾਂ ਜੋ ਕਿਸੇ ਵੀ ਸੰਕਟਕਾਲੀਨ ਹਾਲਤ ਵਿੱਚ ਪਾਣੀ ਦੀ ਵਰਤੋਂ ਕੀਤੀ ਜਾ ਸਕੇ।ਹਰੇਕ ਕਿਸਾਨ ਨੂੰ ਅੱਗ ਬਝਾਊ ਮਹਿਕਮੇ ਦਾ ਨੰਬਰ 101 ਯਾਦ ਰੱਖਣਾ ਚਾਹੀਦਾ ਤਾਂ ਜੋ ਜ਼ਰੂਰਤ ਪੈਣ ‘ਤੇ ਤੁਰੰਤ ਰਾਬਤਾ ਕਾਇਮ ਕੀਤਾ ਜਾ ਸਕੇ।ਕਣਕ ਦੀ ਕਟਾਈ ਫਸਲ ਦੇ ਪੂਰੀ ਤਰਾਂ ਪੱਕਣ ‘ਤੇ ਹੀ ਕਰਨੀ ਚਾਹੀਦੀ ਹੈ।
ਕੰਬਾਈਨ ਚਲਾਉਣ ਦਾ ਸਮਾਂ ਸਵੇਰੇ 10 ਵਜੇ ਤੋਂ ਸਾਮ 7 ਵਜੇ ਤੱਕ ਹੋਵੇਗਾ।ਕੰਬਾਈਨ ਉਪਰ ਡਰਾਈਵਰ ਸਮੇਂ ਚਾਰ ਕਾਮੇ ਮੌਜੂਦ ਰਹਿ ਸਕਦੇ ਹਨ ਅਤੇ ਸਾਰੇ ਆਪਣੇ ਮੂੰਹ ਤੇ ਮਾਸਕ ਪਾ ਕੇ ਰੱਖਣਗੇ ਅਤੇ ਸਮੇਂ ਸਮੇਂ ਤੇ ਸੈਨੇਟਾਈਜ਼ਰ ਦੀ ਵਰਤੋਂ ਨੂੰ ਯਕੀਨੀ ਬਨਾਉਣਗੇ।
Punjab Post Daily Online Newspaper & Print Media