ਕਿਹਾ 2022 ਦੇ ਅੰਤ ਤੱਕ ਹੋਣਗੇ ਸ਼ੁਰੂ ਤੇ 700 ਮੈਡੀਕਲ ਸੀਟਾਂ ਦਾ ਹੋਵੇਗਾ ਵਾਧਾ
ਕਪੂਰਥਲਾ, 6 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓ.ਪੀ ਸੋਨੀ ਨੇ ਕਿਹਾ ਹੈ ਕਿ ਸੂਬੇ ਵਿਚ ਮੈਡੀਕਲ ਸਿੱਖਿਆ ਤੇ
ਸਿਹਤ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ 3 ਨਵੇਂ ਮੈਡੀਕਲ ਕਾਲਜ ਕਪੂਰਥਲਾ, ਹੁਸ਼ਿਆਰਪੁਰ ਤੇ ਮੁਹਾਲੀ ਦੀ ਸਥਾਪਨਾ ਲਈ ਪ੍ਰਸ਼ਾਸ਼ਕੀ ਕਾਰਵਾਈਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਸਾਲ 2022 ਦੇ ਅੰਤ ਤੱਕ ਇਨ੍ਹਾਂ ਮੈਡੀਕਲ ਕਾਲਜਾਂ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੇਂਦਰ ਸਰਕਾਰ ਨੂੰ ਡਿਟੇਲ ਪ੍ਰਾਜੈਕਟ ਰਿਪੋਰਟ ਸੌਂਪ ਦਿੱਤੀ ਗਈ ਹੈ ਅਤੇ ਪੰਜਾਬ ਸਰਕਾਰ ਵਲੋਂ ਵੀ ਹੁਸ਼ਿਆਰਪੁਰ ਤੇ ਕਪੂਰਥਲਾ ਦੇ ਮੈਡੀਕਲ ਕਾਲਜਾਂ ਲਈ 40-40 ਕਰੋੜ ਰੁਪੈ ਬਜ਼ਟ 2021-22 ਦੌਰਾਨ ਜਾਰੀ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਵਰਤਮਾਨ ਸਮੇਂ ਪੰਜਾਬ ਅੰਦਰ ਮੈਡੀਕਲ ਕਾਲਜਾਂ ਦੀਆਂ 1400 ਦੇ ਕਰੀਬ ਸੀਟਾਂ ਹਨ, ਜੋ ਕਿ ਇਨ੍ਹਾਂ 3 ਮੈਡੀਕਲ ਕਾਲਜਾਂ ਦੇ ਸ਼ੁਰੂ ਹੋਣ ਨਾਲ 700 ਹੋਰ ਵਧ ਜਾਣਗੀਆਂ।
ਉਨ੍ਹਾਂ ਸਥਾਨਕ ਵਿਧਾਇਕ ਰਾਣਾ ਗੁਰਜੀਤ ਸਿੰਘ, ਪ੍ਰਮੁੱਖ ਸਕੱਤਰ ਸਿਹਤ ਡੀ.ਕੇ ਤਿਵਾੜੀ, ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉਪਲ, ਐਸ.ਐਸ.ਪੀ ਸ੍ਰੀਮਤੀ ਕੰਵਰਦੀਪ ਕੌਰ ਨਾਲ ਸਿਵਲ ਹਸਪਤਾਲ ਦੇ ਕੁੱਝ ਹਿੱਸੇ ਅਤੇ ਨੇੜਲੇ ਥਾਵਾਂ ਉਪਰ ਨਵੇਂ ਉਸਾਰੇ ਜਾਣ ਵਾਲੇ ਮੈਡੀਕਲ ਕਾਲਜ ਵਾਲੀ ਥਾਂ ਦਾ ਜਾਇਜ਼ਾ ਲਿਆ।
ਇਸ ਤੋਂ ਪਹਿਲਾਂ ਪ੍ਰਮੁੱਖ ਸਕੱਤਰ ਸਿਹਤ ਅਤੇ ਲੋਕ ਨਿਰਮਾਣ ਵਿਭਾਗ ਦੇ ਸੀਨੀਅਰ ਆਰਕੀਟੈਕਟਾਂ ਤਰੁਣ ਗਰਗ, ਕਰੇਟਿਵ ਡਿਜ਼ਾਇਨ ਦੀ ਐਡਵਾਈਜ਼ਰ ਮਨਦੀਪ ਕੌਰ, ਮੋਹਨਬੀਰ ਸਿੰਘ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਵਲੋਂ ਸੋਨੀ ਨੂੰ ਮੈਡੀਕਲ ਕਾਲਜ ਦੀ ਇਮਾਰਤ ਦੇ ਡਿਜ਼ਾਇਨ ਬਾਰੇ ਜਾਣਕਾਰੀ ਦਿੱਤੀ।
ਸੋਨੀ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਮੈਡੀਕਲ ਕਾਲਜ ਉੱਪਰ 325 ਕਰੋੜ ਰੁਪੈ ਦੀ ਲਾਗਤ ਆਵੇਗੀ, ਜਿਸ ਲਈ ਪੰਜਾਬ ਸਰਕਾਰ ਵਲੋਂ 2021-22 ਦੇ ਬਜਟ ਵਿਚ 40 ਕਰੋੜ ਰੁਪੈ ਜਾਰੀ ਕੀਤੇ ਗਏ ਹਨ।
ਮੈਡੀਕਲ ਕਾਲਜ ਵਿਚ 300 ਬੈਡ ਦੇ ਹਸਪਤਾਲ ਤੋਂ ਇਲਾਵਾ, ਹੋਸਟਲ, ਮੈਡੀਕਲ ਕਾਲਜ, ਰਿਹਾਇਸ਼ੀ ਕੰਪਲੈਕਸ, ਬਹੁਮੰਜਲੀ ਪਾਰਕਿੰਗ ਵੀ ਬਣੇਗੀ।ਇਸ ਤੋਂ ਇਲਾਵਾ ਕੇਂਦਰੀ ਮੈਡੀਕਲ ਕਮਿਸ਼ਨ ਵਲੋਂ ਮੈਡੀਕਲ ਕਾਲਜ਼ ਵਿਚ ਫੈਕਲਟੀ, ਪ੍ਰੋਫੈਸਰਾਂ ਦੀ ਭਰਤੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ, ਜਿਸ ਨਾਲ ਮੈਡੀਕਲ ਕਾਲਜ ਦੀਆਂ ਕਲਾਸਾਂ ਜਲਦ ਸ਼ੁਰੂ ਹੋ ਜਾਣਗੀਆਂ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੈਡੀਕਲ ਕਾਲਜ ਦੀ ਉਸਾਰੀ ਇਸ ਤਰੀਕੇ ਨਾਲ ਕੀਤੇ ਜਾਵੇਗੀ ਕਿ ਘੱਟੋ ਘੱਟ 200 ਬੈਡ ਦੀ ਸਮਰੱਥਾ ਵਾਲੀ ਸਿਹਤ ਸਹੂਲਤ ਲਗਾਤਾਰ ਬਰਕਰਾਰ ਰਹੇ ਤਾਂ ਜੋ ਕੋਵਿਡ ਨਾਲ ਨਜਿੱਠਣ ਤੇ ਆਮ ਲੋਕਾਂ ਨੂੰ ਇਲਾਜ਼ ਕਰਵਾਉਣ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਰਾਹੁਲ ਚਾਬਾ, ਐਸ.ਡੀ.ਐਮ ਵਰਿੰਦਰਪਾਲ ਸਿੰਘ ਬਾਜਵਾ, ਸਿਵਲ ਸਰਜਨ ਡਾ. ਸੀਮਾ ਵੀ ਹਾਜ਼ਰ ਸਨ।
Punjab Post Daily Online Newspaper & Print Media