Tuesday, March 24, 2026

ਨਵਾਂ ਨੈਸ਼ਨਲ ਰਿਕਾਰਡ ਕਾਇਮ ਕਰਨ ਵਾਲੇ ਕੌਮਾਂਤਰੀ ਸਾਈਕਲਿਸਟ ਦਾ ਨਿੱਘਾ ਸਵਾਗਤ

ਕੌਮਾਂਤਰੀ ਸਾਈਕਲਿਸਟ ਅਮਰਜੀਤ ਸਿੰਘ ਸੰਧੂ ਭੋਮਾ ਨੇ ਸਿਰਜਿਆ ਇਤਿਹਾਸ

ਅੰਮ੍ਰਿਤਸਰ, 7 ਅਪ੍ਰੈਲ (ਸੰਧੂ) – ਤੇਲੰਗਨਾ ਦੀ ਰਾਜਧਾਨੀ ਹੈਦਰਾਬਾਦ ਸਥਿਤ ਉਸਮਾਨੀਆ ਯੂਨੀਵਰਸਿਟੀ ਵਿਖੇ ਸੰਪਨ ਹੋਈ 5 ਰੋਜ਼ਾ 72ਵੀਂ ਸੀਨੀਅਰ, 49ਵੀਂ ਜੂਨੀਅਰ ਤੇ 35ਵੀਂ ਸਬ-ਜੂਨੀਅਰ ਰਾਸ਼ਟਰੀ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਦੇ ਸੀਨੀਅਰ ਵਰਗ ਵਿੱਚ ਅੰਮ੍ਰਿਤਸਰ ਦੇ ਤੇਜ਼ ਤਰਾਰ ਕੌਮਾਂਤਰੀ ਸਾਈਕਲਿਸਟ ਅਮਰਜੀਤ ਸਿੰਘ ਸੰਧੂ ਭੋਮਾ ਨੇ ਦੇਸ਼ ਦੇ ਸਮੁੱਚੇ ਖਿਡਾਰੀਆਂ ਨੂੰ ਵਿਅਕਤੀਗਤ ਇੱਕ ਕਿਲੋਮੀਟਰ ਟਾਈਮ ਟਰਾਇਲ ਮੁਕਾਬਲੇ ਦੇ ਵਿੱਚ ਪਛਾੜਦੇ ਹੋਏ ਜਿੱਥੇ ਗੋਲਡ ਮੈਡਲ ਹਾਸਲ ਕੀਤਾ ਹੈ।ਉਥੇ ਇਸ ਦੂਰੀ ਨੂੰ 1 ਮਿੰਟ ਤੇ 5 ਸੈਕੰਡ ਵਿੱਚ ਤੈਅ ਕਰਦੇ ਹੋਏ ਆਪਣੇ ਪਿੱਛਲੇ ਰਿਕਾਰਡ ਨੂੰ ਤੋੜਦੇ ਹੋਏ ਨਵਾਂ ਨੈਸ਼ਨਲ ਰਿਕਾਰਡ ਕਾਇਮ ਕੀਤਾ ਹੈ।
                  ਜਿਕਰਯੋਗ ਹੈ ਕਿ ਅਮਰਜੀਤ ਸਿੰਘ ਭੋਮਾ ਸੰਧੂ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਦੇ ਸਕੱਤਰ ਤੇ ਸੀ.ਆਈ.ਟੀ ਰੇਲਵੇ (ਰਿਟਾ.) ਕੌਮਾਂਤਰੀ ਸਾਈਕਲਿਸਟ ਬਾਵਾ ਸਿੰਘ ਸੰਧੂ ਭੋਮਾ ਦਾ ਫਰਜ਼ੰਦ ਹੈ, ਉਹ ਪਿੱਛਲੇ 8 ਸਾਲ ਤੋਂ ਵਿਅਕਤੀਗਤ 1 ਕਿਲੋਮੀਟਰ ਟਾਈਮ ਟਰਾਇਲ ਮੁਕਾਬਲੇ ਦਾ ਗੋਲਡ ਮੈਡਲਿਸਟ ਚੈਂਪੀਅਨ ਚੱਲਿਆ ਆ ਰਿਹਾ ਹੈ।ਬੀਤੇ ਸਮੇਂ ਦੌਰਾਨ ਕਈ ਰਾਜ, ਕੌਮੀ ਤੇ ਕੌਮਾਂਤਰੀ ਪੱਧਰ ਦੇ ਸਾਈਕਲਿੰਗ ਖੇਡ ਮੁਕਾਬਲਿਆਂ ਦੇ ਵਿੱਚ ਆਪਣੀ ਧਾਂਕ ਜਮਾਉਣ ਦੇ ਨਾਲ-ਨਾਲ ਉਹ ਕਈ ਵੱਕਾਰੀ ਮੈਡਲਾਂ, ਟ੍ਰਾਫੀਆਂ ਅਤੇ ਇਨਾਮ ਦੇਸ਼ ਦੀ ਝੋਲੀ ਵਿੱਚ ਪਾ ਕੇ ਵਿਸ਼ਵ ਖੇਡ ਖਾਕੇ ‘ਤੇ ਦੇਸ਼ ਦਾ ਝੰਡਾ ਬੁਲੰਦ ਕਰ ਚੁੱਕਾ ਹੈ।ਨਵਾਂ ਨੈਸ਼ਨਲ ਰਿਕਾਰਡ ਕਾਇਮ ਕਰਕੇ ਵਾਪਸ ਜੀ.ਟੀ ਰੋਡ ਛੇਹਰਟਾ ਸਥਿਤ ਸੰਧੂ ਕਲੌਨੀ ਆਪਣੇ ਘਰ ਪਰਤੇ ਕੌਮਾਂਤਰੀ ਸਾਈਕਲਿਸਟ ਅਮਰਜੀਤ ਸਿੰਘ ਸੰਧੂ ਭੋਮਾ ਦਾ ਮਾਪਿਆਂ, ਇਲਾਕਾ ਨਿਵਾਸੀਆਂ, ਰਿਸ਼ਤੇਦਾਰਾਂ, ਖੇਡ ਪ੍ਰਮੋਟਰਾਂ, ਖੇਡ ਪ੍ਰੇਮੀਆਂ ਤੇ ਖਿਡਾਰੀਆਂ ਦੇ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
                   ਗੋਲਡ ਮੈਡਲਿਸਟ ਅਮਰਜੀਤ ਸਿੰਘ ਸੰਧੂ ਭੋਮਾ ਨੇ ਦੱਸਿਆ ਕਿ ਹੈਦਰਾਬਾਦ ਦੀ ਉਸਮਾਨੀਆਂ ਯੂਨੀਵਰਸਿਟੀ ਵਿਖੇ ਸੰਪਨ ਹੋਏ ਸਮੁੱਚੇ ਮੁਕਾਬਲੇ ਵਿੱਚ ਉਸ ਨੂੰ ਗੋਲਡ ਮੈਡਲਿਸਟ ਤੇ ਚੈਂਪੀਅਨ ਹੋਣ ਦਾ ਮਾਣ ਹਾਸਲ ਹੋਇਆ ਹੈ।ਉਸ ਨੇ ਨਵਾਂ ਨੈਸ਼ਨਲ ਰਿਕਾਰਡ ਕਾਇਮ ਕਰਕੇ ਸਾਈਕਲਿੰਗ ਖੇਡ ਖੇਤਰ ਦੇ ਵਿੱਚ ਨਵਾਂ ਇਤਿਹਾਸ ਸਿਰਜਿਆ ਹੈ।ਉਸ ਦਾ ਅਗਲਾ ਨਿਸ਼ਾਨਾ ਕੌਮਾਂਤਰੀ ਸਾਈਕਲਿੰਗ ਮੁਕਾਬਲਿਆਂ ਦੇ ਦੌਰਾਨ ਜਿੱਥੇ ਗੋਲਡ ਮੈਡਲ ਦੇਸ਼ ਦੀ ਝੋਲੀ ਵਿੱਚ ਪਾਉਣਾ ਤੇ ਵਿਸ਼ਵ ਪੱਧਰ ‘ਤੇ ਵੀ ਕੋਈ ਨਵਾਂ ਰਿਕਾਰਡ ਕਾਇਮ ਕਰਨਾ ਹੈ।
                  ਦੱਸਣਯੋਗ ਹੈ ਕਿ ਅਮਰਜੀਤ ਸਿੰਘ ਸੰਧੂ ਭੋਮਾ ਦੀਆਂ ਬੀਤੇ ਸਮੇਂ ਦੀਆਂ ਪ੍ਰਾਪਤੀਆਂ ਦੇ ਮੱਦੇਨਜ਼ਰ ਰੇਲਵੇ ਵਿਭਾਗ ਦੇ ਵੱਲੋਂ ਉਸ ਨੂੰ ਟੀ.ਟੀ ਦੀ ਨੌਕਰੀ ਦੇ ਕੇ ਨਿਵਾਜ਼ਿਆ ਜਾ ਚੁੱਕਾ ਹੈ।ਜਦੋਂ ਕਿ ਮਹਿਕਮਾ ਪੰਜਾਬ ਪੁਲਿਸ ਦੇ ਵੱਲੋਂ ਵੀ ਉਸ ਨੂੰ ਸਬ ਇੰਸਪੈਕਟਰ ਬਣਾਏ ਜਾਣ ਦੀ ਵੀ ਪੇਸ਼ਕਸ਼ ਹੋ ਚੁੱਕੀ ਹੈ, ਜਿਸ ਨੂੰ ਉਸ ਵੱਲੋਂ ਸਵੀਕਾਰ ਕਰ ਲਿਆ ਗਿਆ ਹੈ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …