Friday, July 3, 2026

ਬਿਮਾਰੀਆਂ ਪ੍ਰਤੀ ਜਾਗਰੂਕਤਾ ਸਿਹਤਮੰਦ ਜੀਵਨ ਦਾ ਆਧਾਰ: ਡਾ. ਗੁਰਦੀਪ ਸਿੰਘ ਕਪੂਰ

ਸ੍ਰੀ ਬਾਂਕੇ ਬਿਹਾਰੀ ਗਊਸ਼ਾਲਾ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ
ਨਵਾਂਸ਼ਹਿਰ, 7 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ. ਗੁਰਦੀਪ ਸਿੰਘ ਕਪੂਰ ਦੀ ਯੋਗ ਅਗਵਾਈ ਹੇਠ ਸਥਾਨਕ ਸ੍ਰੀ ਬਾਂਕੇ ਬਿਹਾਰੀ ਗਊਸ਼ਾਲਾ ਵਿਖੇ ਅੱਜ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ, ਜਿਸ ਦਾ ਮੁੱਖ ਵਿਸ਼ਾ “ਇਕ ਚੰਗੇ ਅਤੇ ਸਿਹਤਮੰਦ ਵਿਸ਼ਵ ਦਾ ਨਿਰਮਾਣ ਕਰਨਾ” ਸੀ।ਇਸ ਮੌਕੇ ਵਿਸ਼ਵ ਸਿਹਤ ਦਿਵਸ ਨੂੰ ਸਮਰਪਿਤ 45 ਸਾਲ ਤੋਂ ਵੱਧ ਉਮਰ ਦੇ ਯੋਗ ਵਿਅਕਤੀਆਂ ਦਾ ਕੋਵਿਡ-19 ਰੋਕੂ ਟੀਕਾਕਰਨ ਵੀ ਕੀਤਾ ਗਿਆ।
                ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਵਿਸ਼ਵ ਅੰਦਰ ਫੈਲ ਰਹੀਆਂ ਬਿਮਾਰੀਆਂ ਬਾਰੇ ਚਾਨਣਾ ਪਾਇਆ ਅਤੇ ਇਨ੍ਹਾਂ ਤੋਂ ਬਚਣ ਲਈ ਲੋਕਾਂ ਨੂੰ ਸਿਹਤ ਸਿੱਖਿਆ ਦਿੱਤੀ।ਡਾ. ਕਪੂਰ ਨੇ ਕੋਰੋਨਾ ਵਾਇਰਸ ਦੀ ਗੱਲ ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਵਿਸ਼ਵ ਸਿਹਤ ਦਿਵਸ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ ਅਤੇ ਸਾਨੂੰ ਕੋਵਿਡ-19 ਸਬੰਧੀ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਜਿਵੇਂ ਇੱਕ ਦੂਜੇ ਤੋਂ ਸਮਜਿਕ ਦੂਰੀ ਬਣਾ ਕੇ ਰੱਖਣਾ, ਮਾਸਕ ਪਾਉਣਾ ਅਤੇ ਸਾਫ਼-ਸਫ਼ਾਈ ਤੇ ਸਵੱਛਤਾ ਬਣਾ ਕੇ ਰੱਖਣਾ ਆਦਿ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਚਾਹੀਦੀ ਹੈ।ਮਾਹਿਰਾਂ ਅਨੁਸਾਰ ਕੋਵਿਡ-19 ਵਾਇਰਸ ਦਾ ਨਵਾਂ ਸਰੂਪ ਤੇਜ਼ੀ ਨਾਲ ਫੈਲਣ ਵਾਲਾ ਅਤੇ ਤੀਬਰ ਹੈ, ਇਸ ਲਈ ਸਿਹਤਮੰਦ ਰਹਿਣ ਲਈ ਕੋਵਿਡ-19 ਟੀਕਾਕਰਨ ਕਰਵਾਉਣਾ ਸਾਡੀ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ।
ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਇਕ ਸਿਹਤਮੰਦ ਸਰੀਰ ਲਈ ਨਾ ਕੇਵਲ ਸਰੀਰਕ, ਸਗੋਂ ਮਾਨਸਿਕ ਰੂਪ ਨਾਲ ਵੀ ਤੰਦਰੁਸਤ ਰਹਿਣ ਦੀ ਜ਼ਰੂਰਤ ਹੈ।ਅਜੋਕੇ ਸਮਾਂ ਤਣਾਅ ਨਾਲ ਭਰਪੂਰ ਹੈ ਅਤੇ ਸਾਨੂੰ ਸਿਹਤਮੰਦ ਰਹਿਣ ਲਈ ਪੌਸ਼ਟਿਕ ਆਹਾਰ ਖਾਣ, ਗੂੜੀ ਨੀਂਦ ਲੈਣ, ਤਣਾਅ ਤੋਂ ਦੂਰ ਰਹਿਣ, ਰੋਜ਼ਾਨਾ ਕਸਰਤ ਕਰਨ ‘ਤੇ ਖਾਸ ਧਿਆਨ ਦੇਣਾ ਚਾਹੀਦਾ ਹੈ।
                 ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਦੇ ਸਮੇਂ ਵਿਚ ਗੈਰ-ਸੰਚਾਰੀ ਬਿਮਾਰੀਆਂ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਜਿਨ੍ਹਾਂ ਦੇ ਮੁੱਖ ਕਾਰਨ ਮੋਟਾਪਾ, ਕਸਰਤ ਘੱਟ ਕਰਨਾ, ਗੈਰ-ਸੰਤੁਲਿਤ ਭੋਜਨ ਖਾਣਾ, ਤਣਾਅ ਅਤੇ ਪਰਿਵਾਰਕ ਇਤਿਹਾਸ ਹਨ।ਇਸ ਲਈ ਬਾਹਰੀ ਡੱਬਾਬੰਦ ਭੋਜਨ ਦੀ ਵਰਤੋਂ ਘੱਟ ਤੋਂ ਘੱਟ ਅਤੇ ਸੁੰਤਲਿਤ ਭੋਜਨ ਦੀ ਵਰਤੋਂ ਜਿਆਦਾ ਕੀਤੀ ਜਾਵੇ।ਹਰ ਰੋਜ਼ ਘੱਟ ਤੋਂ ਘੱਟ ਅੱਧਾ ਘੰਟਾ ਕਸਰਤ ਵੀ ਕਰਨੀ ਜਰੂਰੀ ਹੈ।
                  ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਜਤਿੰਦਰ ਸਿੰਘ, ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਜਗਤ ਰਾਮ, ਬਲਾਕ ਐਕਸਟੈਂਸ਼ਨ ਐਜੂਕੇਟਰ ਤਰਸੇਮ ਲਾਲ ਅਤੇ ਸਿਵਲ ਸਰਜਨ ਦੇ ਪੀ.ਏ ਅਜੇ ਕੁਮਾਰ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

Check Also

ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ

ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …