Sunday, February 22, 2026

ਖ਼ਾਲਸਾ ਕਾਲਜ ਦੇ ਸ਼ੂਟਿੰਗ ਦੇ ਵਿਦਿਆਰਥੀ ਨੇ ਟੋਕੀਓ ਉਲੰਪਿਕਸ ’ਚ ਜਗ੍ਹਾ ਬਣਾਈ

4 ਦਹਾਕੇ ਬਾਅਦ ਉਲੰਪਿਕ ’ਚ ਗੂੰਜ਼ੇਗਾ ਕਾਲਜ਼ ਦਾ ਨਾਮ – ਡਾ. ਮਹਿਲ ਸਿੰਘ

ਅੰਮ੍ਰਿਤਸਰ, 8 ਅਪ੍ਰੈਲ (ਖੁਰਮਣੀਆਂ) – ਖ਼ਾਲਸਾ ਕਾਲਜ ਦੇ ਵਿਦਿਆਰਥੀ ਸ਼ੂਟਿੰਗ ਦੇ ਖਿਡਾਰੀ ਦਿਵਿਆਂਸ਼ ਸਿੰਘ ਪੰਵਾਰ ਨੇ ਚਾਰ ਦਹਾਕਿਆਂ ਬਾਅਦ ਇਤਿਹਾਸ ਕਾਇਮ ਕਰਦਿਆਂ ਟੋਕੀਓ ਉਲੰਪਿਕਸ ’ਚ ਜਗ੍ਹਾ ਬਣਾ ਲਈ ਹੈ। ਦਿਵਿਆਂਸ਼ ਟੋਕੀਉ ਉਲੰਪਿਕਸ ’ਚ ਜਾਣ ਵਾਲੇ ਭਾਰਤੀ ਦਲ ਦਾ ਹਿੱਸਾ ਹੋਵੇਗਾ।ਇਸ ਖ਼ਬਰ ਦੇ ਆਉਦਿਆਂ ਹੀ ਕਾਲਜ ’ਚ ਖ਼ੁਸ਼ੀ ਦੀ ਲਹਿਰ ਹੈ।
                       ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਦਿੱਸਿਆ ਕਿ ਕਾਲਜ ਹਰੇਕ ਖੇਤਰ ਅਤੇ ਵਿਸ਼ੇਸ਼ ਤੌਰ ’ਤੇ ਖੇਡਾਂ ’ਚ ਆਪਣੀ ਇਕ ਵਿਲੱਖਣ ਪਛਾਣ ਰੱਖਦਾ ਹੈ ਅਤੇ ਖ਼ਾਲਸਾ ਕਾਲਜ ਸੰਸਥਾਵਾਂ ਦੇ ਖਿਡਾਰੀਆਂ ਨੂੰ ਹਮੇਸ਼ਾ ਹੀ ਕੌਮਾਂਤਰੀ ਪੱਧਰ ਦੀਆਂ ਖੇਡ ਸਹੂਲਤਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ ਕਿ ਉਹ ਆਪਣੀ ਖੇਡ ਨੂੰ ਨਿਖਾਰ ਕੇ ਦੁਨੀਆਂ ’ਚ ਨਾਮ ਬੁਲੰਦ ਕਰ ਸਕਣ।ਸਹੂਲਤਾਂ ਦਾ ਇਹ ਸਿਲਸਿਲਾ ਅੱਗੇ ਵੀ ਬਾਦਸਤੂਰ ਜਾਰੀ ਰਹੇਗਾ।
                     ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਦਿਵਿਆਂਸ਼ ਕਾਲਜ ਦੇ ਕੰਪਿਊਟਰ ਵਿਭਾਗ ’ਚ ਬੀ.ਸੀ.ਏ ਪਹਿਲੇ ਸਮੈਸਟਰ ਦਾ ਵਿਦਿਆਰਥੀ ਹੈ।ਜਿਸ ਨੇ ਸਾਲ 2019 ਬੀਜ਼ਿੰਗ ਵਿਸ਼ਵ ਕੱਪ ’ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦਿਵਿਆਂਸ਼ ਨੇ ਓਲੰਪਿਕ ’ਚ ਜਾਣ ਦਾ ਆਪਣਾ ਰਾਹ ਪੱਧਰਾ ਕੀਤਾ ਸੀ। ਉਨ੍ਹਾਂ ਕਿਹਾ ਕਿ ਹੁਣ ਭਾਰਤੀ ਰਾਈਫ਼ਲ ਐਸੋਸੀਏਸ਼ਨ ਨੇ ਉਸ ਦੀ ਰਾਈਫ਼ਲ ਦੀ ਧਮਕ ਓਲੰਪਿਕਸ ’ਚ ਪਾਉਣ ’ਤੇ ਮੋਹਰ ਲਗਾ ਦਿੱਤੀ ਹੈ।ਐਸੋਸੀਏਸ਼ਨ ਨੇ ਦਿਵਿਆਂਸ਼ ਦਾ ਨਾਮ ਭਾਰਤੀ ਖਿਡਾਰੀਆਂ ਦੀ ਸੂਚੀ ’ਚ ਸ਼ਾਮਲ ਕਰ ਦਿੱਤਾ ਹੈ।
                      ਇਸ ਤੋਂ ਪਹਿਲਾਂ ਆਪਣੀ ਜਿੱਤ ਦੀ ਲੜੀ ਨੂੰ ਜਾਰੀ ਰੱਖਦਿਆਂ ਦਿਵਿਆਂਸ਼ ਨੇ ਦਿੱਲੀ ਵਿਖੇ ਹੋਏ ਵਿਸ਼ਵ ਸ਼ੂਟਿੰਗ ਮੁਕਾਬਲੇ ’ਚ ਵੀ ਉਹ 10 ਮੀਟਰ ਏਅਰ ਰਾਈਫਲ ਦੇ ਟੀਮ ਮੁਕਾਬਲੇ ’ਚ ਸੋਨੇ ਦਾ ਤਮਗਾ ਅਤੇ ਵਿਅਕਤੀਗਤ ਮੁਕਾਬਲੇ ’ਚ ਕਾਂਸੇ ਦਾ ਤਮਗਾ ਆਪਣੀ ਝੋਲੀ ’ਚ ਪਾਇਆ।ਇਸ ਤਰ੍ਹਾਂ ਉਹ ਹੁਣ ਤੱਕ ਵਿਸ਼ਵ ਕੱਪ ’ਚੋਂ ਕੁੱਲ 5 ਸੋਨ, 1 ਚਾਂਦੀ ਅਤੇ 3 ਕਾਂਸੇ ਦੇ ਤਮਗੇ ਜਿੱਤ ਚੁੱਕਾ ਹੈ।ਮਹਿਜ਼ 18 ਸਾਲਾਂ ਦੀ ਉਮਰ ਵਿਚ ਓਲੰਪਿਕਸ ’ਚ ਜਾਣ ’ਤੇ ਮੋਹਰ ਲੱਗਣਾ ਹੀ ਉਸ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਤੇ ਹੁਨਰ ਨੂੰ ਮਾਨਤਾ ਦਿੰਦਾ ਹੈ।
                      ਪ੍ਰਿੰ: (ਡਾ.) ਮਹਿਲ ਸਿੰਘ ਨੇ ਵਿਸ਼ੇਸ਼ ਤੌਰ ’ਤੇ ਮੁਖੀ ਡਾ. ਦਲਜੀਤ ਸਿੰਘ ਤੇ ਸਮੂਹ ਖੇਡ ਵਿਭਾਗ ਨੂੰ ਇਸ ਮਾਣਮੱਤੀ ਪ੍ਰਾਪਤੀ ’ਤੇ ਵਧਾਈ ਦਿੰਦਿਆ ਕਿਹਾ ਕਿ ਦਿਵੀਆਂਸ਼ 10 ਮੀਟਰ ਏਅਰ ਰਾਈਫਲ ਈਵੈਂਟ ’ਚ ਭਾਰਤ ਦਾ ਚੋਟੀ ਦਾ ਖਿਡਾਰੀ ਹੈ।ਸਮੁੱਚੇ ਕਾਲਜ ਲਈ ਮਾਣ ਵਾਲੀ ਗੱਲ ਹੈ ਕਿ ਆਪਣੀ ਨਿਸ਼ਾਨੇਬਾਜ਼ੀ ਦੇ ਹੁਨਰ ਨਾਲ ਉਸ ਨੇ ਕੌਮਾਂਤਰੀ ਪੱਧਰ ਦੇ ਇਸ ਮੁਕਾਬਲੇ ’ਚ ਆਪਣੀ ਥਾਂ ਬਣਾਈ ਹੈ।ਇਹ ਖ਼ਬਰ ਕਾਲਜ ਵਾਸਤੇ ਬਹੁਤ ਫ਼ਖ਼ਰ ਦਾ ਸਬੱਬ ਹੈ।
ਖੇਡਾਂ ਵਿੱਚ ਕਾਲਜ ਦੀਆਂ ਪ੍ਰਾਪਤੀਆਂ ਦੇ ਮਾਣਮੱਤੇ ਇਤਿਹਾਸ ਦਾ ਜ਼ਿਕਰ ਕਰਦਿਆਂ ਡਾ. ਦਲਜੀਤ ਸਿੰਘ ਨੇ ਦੱਸਿਆ ਕਿ ਇਹ ਸਨਮਾਨ ਚਾਰ ਦਹਾਕਿਆਂ ਬਾਅਦ ਮਿਲਿਆ ਹੈ।ਇਸ ਤੋਂ ਪਹਿਲਾਂ ਸਾਲ 1980 ’ਚ ਕਾਲਜ ਦੇ ਵਿਦਿਆਰਥੀ ਰਹੇ ਬਹਾਦਰ ਸਿੰਘ ਨੇ ਮਾਸਕੋ ਓਲੰਪਿਕ ’ਚ ਆਪਣੇ ਗੋਲੇ ਦੀ ਧਮਕ ਗੂੰਜ਼ਾਈ ਸੀ।ਹੁਣ ਕਾਲਜ ਦੇ ਖਿਡਾਰੀ ਦਿਵਿਆਂਸ਼ ਦੀ ਰਾਈਫ਼ਲ ਦੀ ਗੂੰਜ਼ ਸੁਣਾਈ ਦੇਵੇਗੀ।
                        ਉਨ੍ਹਾਂ ਇਸ ਵੱਡੀ ਪ੍ਰਾਪਤੀ ਦਾ ਸਿਹਰਾ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਸਿਰ ਬੰਨ੍ਹਦਿਆਂ ਕਿਹਾ ਕਿ ਕੌਂਸਲ ਦੇ ਪ੍ਰਧਾਨ ਸਤਿਆਜੀਤ ਸਿੰਘ ਮਜੀਠੀਆ, ਆਨਰੇਰੀ ਸਕੱਤਰ ਛੀਨਾ ਸਮੇਤ ਸਮੂਹ ਮੈਂਬਰ ਸਾਹਿਬਾਨ ਅਤੇ ਕਾਲਜ ਦੇ ਪ੍ਰਿੰਸੀਪਲ, ਸਮੂਹ ਅਹੁਦੇਦਾਰਾਂ ਵਲੋਂ ਮਿਲੇ ਸਹਿਯੋਗ ਸਦਕਾ ਹੀ ਇਹ ਇਹਿਤਾਸਕ ਦਿਨ ਦੇਖਣਾ ਸੰਭਵ ਹੋ ਸਕਿਆ ਹੈ।
                         ਇਸ ਮੌਕੇ ਡੀਨ ਵਿਦਿਅਕ ਮਾਮਲੇ ਪ੍ਰੋ. ਸੁਖਮੀਨ ਬੇਦੀ, ਰਜਿਸਟਰਾਰ ਦਵਿੰਦਰ ਸਿੰਘ, ਪ੍ਰੋ. ਆਤਮ ਰੰਧਾਵਾ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …