ਸਮੂਹ ਸਰਕਾਰੀ ਇਮਾਰਤਾਂ ਦੀਆਂ ਛੱਤਾਂ ’ਤੇ ਲੱਗਣਗੇ ਸੂਰਜੀ ਊਰਜਾ ਪਲਾਂਟ
ਸੁਲਤਾਨਪੁਰ ਲੋਧੀ, 27 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ‘ਸਮਾਰਟ ਸਿਟੀ’ ਪ੍ਰਾਜੈਕਟ ਤਹਿਤ ਰਹਿੰਦੇ ਵਿਕਾਸ ਕੰਮਾਂ ਦੀ
ਜਲਦ ਸ਼ੁਰੂਆਤ ਤੇ ਉਨ੍ਹਾਂ ਨੂੰ ਮਿਥੇ ਸਮੇਂ ਅੰਦਰ ਨੇਪਰੇ ਚਾੜ੍ਹਨ ਲਈ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ, ਡਿਪਟੀ ਕਮਿਸ਼ਨਰ ਕਪੂੂਰਥਲਾ ਸ੍ਰੀਮਤੀ ਦੀਪਤੀ ਉੁਪਲ ਤੇ ਐਸ.ਐਸ.ਪੀ ਸ੍ਰੀਮਤੀ ਕੰਵਰਦੀਪ ਕੌਰ ਵਲੋੋਂ ਮੀਟਿੰਗ ਕਰਕੇ ਵੱਖ-ਵੱਖ ਪ੍ਰਾਜੈਕਟਾਂ ਦੀ ‘ਸਟੇਟਸ ਰਿਪੋਰਟ’ ‘ਤੇ ਚਰਚਾ ਕੀਤੀ ਗਈ।
ਲੋਕ ਨਿਰਮਾਣ ਵਿਭਾਗ ਦੇ ਸਥਾਨਕ ਰੈਸਟ ਹਾਊਸ ਵਿਖੇ ਹੋਈ ਮੀਟਿੰਗ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ‘ਸਮਾਰਟ ਸਿਟੀ’ ਪ੍ਰਾਜੈਕਟ ਤਹਿਤ ਫਰਵਰੀ ਮਹੀਨੇ ਦੌਰਾਨ ਸੁਲਤਾਨਪੁਰ ਲੋਧੀ ਵਿਖੇ ਸ਼ੁਰੂ ਕੀਤੇ ਗਏ 134.18 ਕਰੋੜ ਰੁਪੈ ਦੀ ਵਿਕਾਸ ਕੰਮਾਂ ਦੀ ਸਮੀਖਿਆ ਕੀਤੀ ਗਈ।
ਵਿਧਾਇਕ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਵਿਕਾਸ ਕੰਮਾਂ ਨੂੰ ਸਮੇਂ ਸਿਰ ਪੂਰਾ ਕੀਤਾ ਜਾਵੇਗਾ ਤਾਂ ਜੋ ਇਸ ਪਾਵਨ ਨਗਰੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਬਿਹਤਰੀਨ ਸਹੂਲਤਾਂ ਦੇਣ ਦੇ ਨਾਲ-ਨਾਲ ਸ਼ਹਿਰ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਵਿਚ ਵੀ ਮਦਦ ਮਿਲੇ।
ਉਨ੍ਹਾਂ ਇਹ ਵੀ ਦੱਸਿਆ ਕਿ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਵਲੋਂ ਕੀਤੇ ਯਤਨਾਂ ਸਦਕਾ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਨੂੰ ਮਾਡਲ ਰੇਲਵੇ ਸਟੇਸ਼ਨ ਵਜੋਂ ਵਿਕਸਤ ਕਰਨ ਲਈ 40 ਕਰੋੜ ਰੁਪੈ ਮਨਜ਼ੂਰ ਕੀਤੇ ਗਏ ਹਨ।
ਦੱਸਣਯੋਗ ਹੈ ਕਿ ਸਮਾਰਟ ਸਿਟੀ ਪ੍ਰਾਜੈਕਟ ਤਹਿਤ 77.1 ਕਰੋੜ ਰੁਪੈ ਨਾਲ ਕਪੂਰਥਲਾ ਸੁਲਤਾਨਪੁਰ ਲੋਧੀ ਵਾਇਆ ਫੱਤੂਢੀਂਗਾ ਸੜਕ ਨੂੰ 4 ਮਾਰਗੀ ਕਰਨਾ, 26.66 ਕਰੋੜ ਰੁਪੈ ਨਾਲ ਡਡਵਿੰਡੀ ਤੋਂ ਸੁਲਤਾਨਪੁਰ ਲੋਧੀ ਤੱਕ ਵਾਇਆ ਰੇਲ ਕੋਚ ਫੈਕਟਰੀ ਸੜਕ ਨੂੰ ਚੌੜਾ ਤੇ ਮਜ਼ਬੂਤ ਕਰਨਾ, 26.09 ਕਰੋੜ ਰੁਪੈ ਦੀ ਲਾਗਤ ਨਾਲ ਪਵਿੱਤਰ ਵੇਈਂ ਦੇ ਕਿਨਾਰੇ ਪੱਕੇ ਕਰਨਾ, 2.3 ਕਰੋੜ ਰੁਪੈ ਦੀ ਲਾਗਤ ਨਾਲ ਮੋਰੀ ਮੁਹੱਲਾ, ਸੈਂਟਰਲ ਪਾਰਕ ਤੇ ਜਵਾਲਾ ਜੀ ਵਿਖੇ ਪਾਰਕਾਂ ਦੀ ਉਸਾਰੀ ਸ਼ਾਮਿਲ ਹੈ।
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਖੇ ਸੋਲਰ ਪਲਾਂਟ ਲੱਗਣ ਦਾ ਕੰਮ ਕਾਫੀ ਤੇਜੀ ਨਾਲ ਜਾਰੀ ਹੈ।ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਵਿਖੇ ਸਾਰੀਆਂ ਸਰਕਾਰੀ ਇਮਾਰਤਾਂ ਦੀਆਂ ਛੱਤਾਂ ’ਤੇ ਸੂਰਜੀ ਊਰਜਾ ਪਲਾਂਟ ਲਾਏ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਸੀਵਰੇਜ਼ ਟ੍ਰੀਟਮੈਂਟ ਪਲਾਂਟ ਦੀ ਪਾਇਪ ਲਾਇਨ ਵਿਛਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ।ਇਸ ਤੋਂ ਇਲਾਵਾ ਡਡਵਿੰਡੀ-ਸੁਲਤਾਨਪੁਰ ਲੋਧੀ ਸੜਕ ਨੂੰ 4 ਮਾਰਗੀ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ ਜਦਕਿ ਫੱਤੂਢੀਂਗਾ-ਸੁਲਤਾਨਪੁਰ ਲੋਧੀ ਰੋਡ ਨੂੰ 4 ਮਾਰਗੀ ਕਰਨ ਦੇ ਕੰਮ ਸਬੰਧੀ ਜੰਗਲਾਤ ਵਿਭਾਗ ਵਲੋਂ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ।
ਐਸ.ਐਸ.ਪੀ ਕਪੂਰਥਲਾ ਨੇ ਕਿਹਾ ਕਿ ਸਮਾਰਟ ਸਿਟੀ ਤਹਿਤ ਸ਼ਹਿਰ ਦੀ ਸੁਰੱਖਿਆ ਲਈ ਸੀ.ਸੀ.ਟੀ.ਵੀ ਲਾਉਣ ਬਾਰੇ ਮੁੱਢਲਾ ਸਰਵੇ ਕਰ ਲਿਆ ਗਿਆ ਹੈ।ਇਸ ਤੋਂ ਇਲਾਵਾ ਇੰਟੈਗਰੇਟਿਡ ਕੰਟਰੋਲ ਰੂਮ ਨਾਲ ਸਾਰੇ ਕੈਮਰਿਆਂ ਨਾਲ ਜੋੜਿਆ ਜਾਵੇਗਾ ਤਾਂ ਜੋ ਸ਼ਹਿਰ ਦੀ ਸੁਰੱਖਿਆ ਲਈ ਕੋਨੇ-ਕੋਨੇ ’ਤੇ ਨਜ਼ਰ ਰੱਖੀ ਜਾ ਸਕੇ।
Punjab Post Daily Online Newspaper & Print Media